Punjab

‘ਇੱਕ ਅੱਧੇ ਨੂੰ ਹੋਰ ਠੋਕਣ ਦੀ ਤਿਆਰੀ, CM ਮਾਨ ਡਾਂਸ ਕਰ ਰਹੇ ਹਨ’,ਪੰਜਾਬ ਸਰਕਾਰ ‘ਤੇ ਮਜੀਠੀਆ ਨੇ ਕਸੇ ਤੰਜ

ਚੰਡੀਗੜ੍ਹ : ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਹਰ ਗੱਲ ਨੂੰ ਹਿੰਦੂ ਸਿੱਖ ਦੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਕਾਰ ਸੁੱਤੀ ਪਈ ਹੈ। ਮੁੱਖ ਮੰਤਰੀ ਗੁਜਰਾਤ ਵਿੱਚ ਡਾਂਸ ਕਰਦੇ ਨਜ਼ਰ ਆ ਰਹੇ ਹਨ ਪਰ ਉਹ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕੋਈ ਬਿਆਨ ਨਹੀਂ ਦੇ ਰਹੇ।

ਪੰਜਾਬ ਵਿੱਚ ਕਿਸੇ ਨੂੰ ਕੁਝ ਨਹੀਂ ਪਤਾ ਕਿ ਕਿਸਨੇ ਕਿਸਨੂੰ ਕਿਹੜੇ ਵੇਲੇ ਗੋਲੀ ਮਾਰ ਦੇਣੀ ਹੈ। ਕੋਈ ਵੀ ਆਪਣੀ ਚੰਗੀ ਗੱਡੀ ਵਿੱਚ ਬਾਹਰ ਨਿਕਲਣ ਲਈ ਤਿਆਰ ਨਹੀਂ ਹੈ, ਲੋਕ ਏਨੇ ਘਬਰਾ ਗਏ ਹਨ। ਇੱਕ ਅੱਧੇ ਹੋਰ ਨੂੰ ਠੋਕਣ ਦੀ ਵੀ ਤਿਆਰੀ ਚੱਲ ਰਹੀ ਹੈ, ਉਹ ਵਾਰੀ ਕਿਹਦੀ ਹੈ, ਇਹ ਤਾਂ ਹੁਣ ਖ਼ਬਰ ਹੀ ਲੱਗੇਗੀ। ਪੰਜਾਬ ਵਿੱਚ ਜੇ ਟਾਰਗਿਟ ਕਿਲਿੰਗ ਨਾ ਰੁਕੀਆਂ ਤਾਂ ਇਸ ਨਾਲ ਭਾਈਚਾਰਕ ਸਾਂਝ ਲਈ ਬਹੁਤ ਖਤਰਾ ਪੈਦਾ ਹੋ ਜਾਵੇਗਾ।

ਮਾਨ ਚੰਡੀਗੜ੍ਹ ਪੁਲਿਸ ਦੀ ਤਾਂ ਤਰੀਫ਼ ਕਰ ਰਹੇ ਹਨ ਕਿ ਇੱਥੇ ਕਾਨੂੰਨ ਵਿਵਸਥਾ, ਟ੍ਰੈਫਿਕ ਵਿਵਸਥਾ ਚੰਗੀ ਹੈ, ਕੋਈ ਕੁਰਪੱਸ਼ਨ ਨਹੀਂ ਹੈ। ਇਸਦਾ ਮਤਲਬ ਕਿ ਮੁੱਖ ਮੰਤਰੀ ਮਾਨ ਕਹਿ ਰਹੇ ਹਨ ਕਿ ਪੰਜਾਬ ਵਿੱਚ ਕੁਰੱਪਸ਼ਨ ਵੀ ਹੈ, ਪੰਜਾਬ ਦੀ ਕਾਨੂੰਨ ਵਿਵਸਥਾ ਵੀ ਠੀਕ ਨਹੀਂ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਅਮਨ ਕਾਨੂੰਨ ਦੀ ਵਿਵਸਥਾ ਉੱਤੇ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਗਈ।

ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਤਰਨ ਤਾਰਨ ਵਿੱਚ ਵਾਪਰੀ ਅੱਜ ਦੀ ਘਟਨਾ ਦਾ ਵੇਰਵਾ ਦਿੰਦਿਆਂ ਪੰਜਾਬ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ। ਦਰਅਸਲ, ਤਰਨਤਾਰਨ ਵਿੱਚ ਅੱਜ ਇੱਕ ਔਰਤ ਤੋਂ ਦੋ ਲੁਟੇਰਿਆਂ ਵੱਲੋਂ ਸ਼ਰੇਆਮ ਬੰਦੂਕ ਦੀ ਨੋਕ ਉੱਤੇ ਲੁੱਟ ਖੋਹ ਕੀਤੀ ਗਈ।

ਪੰਜਾਬ ਵਿੱਚ ਸਾਲ 2022 ਵਿੱਚ 158 ਕਤਲ ਹੋਏ ਹਨ। ਇਹ ਇਨ੍ਹਾਂ ਕਤਲਾਂ ਦੀ ਤੁਲਨਾ ਪਿਛਲੇ ਸਾਲਾਂ ਨਾਲ ਕਰ ਰਹੇ ਹਨ। ਮਜੀਠੀਆ ਨੇ ਹੁਣ ਤੱਕ ਦੇ ਹੋਏ ਕਤਲਾਂ ਬਾਰੇ ਮੋਟੀ ਮੋਟੀ ਜਾਣਕਾਰੀ ਦਿੱਤੀ, ਜਿਸ ਵਿੱਚ ਸੰਦੀਪ ਨੰਗਲ ਅੰਬੀਆ, ਮੂਸੇਵਾਲਾ ਦਾ ਕਤਲ ਆਦਿ ਸ਼ਾਮਿਲ ਹਨ। ਸਾਰੇ ਕਾਤਲਾਂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ, ਜੋ ਇਹ ਸਪੱਸ਼ਟ ਕਰਦਾ ਹੈ ਕਿ ਪੰਜਾਬ ਪੁਲਿਸ ਅਤੇ ਉਨ੍ਹਾਂ ਦਾ ਮੁਖੀ ਮੁੱਖ ਮੰਤਰੀ ਬਾਹਰਲੇ ਸੂਬਿਆਂ ਵਿੱਚ ਜਾ ਕੇ ਸਿਰਫ਼ ਡਾਂਸ ਕਰ ਸਕਦੇ ਹਨ। ਮਜੀਠੀਆ ਨੇ ਭਗਵੰਤ ਮਾਨ ਨੂੰ ਡਿਸਕੋ ਡਾਂਸਰ ਕਿਹਾ।

ਮਜੀਠੀਆ ਨੇ ਕਿਹਾ ਕਿ ਨਿੱਕੂ ਜਿਹਾ ਗੋਲਡੀ ਬਰਾੜ, ਲੰਡਾ ਕਿ ਡੰਡਾ, ਸਾਰਿਆਂ ਨੂੰ ਸ਼ਰੇਆਮ ਧਮਕੀ ਦੇ ਰਹੇ ਹਨ। ਹਰ ਮਹੀਨੇ ਕਰੋੜਾਂ ਰੁਪਏ ਦੀ ਫਿਰੌਤੀ ਜਾ ਰਹੀ ਹੈ ਪਰ ਸਰਕਾਰ ਦੀ ਕਾਰਗੁਜ਼ਾਰੀ ਬਿਲਕੁਲ ਜ਼ੀਰੋ। ਪੰਜਾਬ ਵਿੱਚ ਹਿੰਦੂ ਸਿੱਖ ਵਿਰੋਧੀ ਹਾਲਾਤ ਪੈਦਾ ਕੀਤੇ ਜਾ ਰਹੇ ਹਨ। 400 ਬੰਦਿਆਂ ਨੂੰ ਸਿਕਿਓਰਿਟੀ ਦਿੱਤੀ ਗਈ ਹੈ।

ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੂੰ ਦਿੱਤੀ ਗਈ ਬੁਲਟ ਪਰੂਫ਼ ਜੈਕਟ ਬਾਰੇ ਬੋਲਦਿਆਂ ਕਿਹਾ ਕਿ ਇਸ ਹਿਸਾਬ ਨਾਲ ਤਾਂ ਫਿਰ ਪੰਜਾਬ ਦੀ 3 ਕਰੋੜ ਆਬਾਦੀ ਨੂੰ ਵੀ ਵੰਡੋ। ਇਹ ਬਹੁਤ ਗੰਭੀਰ ਮੁੱਦਾ ਹੈ। ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਵੀ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਘੇਰਿਆ।

ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾਅ ਕਰਨ ਦੇ ਮਾਮਲੇ ਉੱਤੇ ਮਜੀਠੀਆ ਨੇ ਬੋਲਦਿਆਂ ਕਿਹਾ ਕਿ ਦੇਸ਼ ਵਿੱਚ ਦੋਹਰੇ ਮਾਪਦੰਡ ਨਹੀਂ ਹੋ ਸਕਦੇ। ਜੇ ਇਨ੍ਹਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ ਤਾਂ ਬੰਦੀ ਸਿੰਘਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਮਜੀਠੀਆ ਨੇ ਕਿਹਾ ਕਿ ਮੁਖਤਾਰ ਅੰਸਾਰੀ ਦੇ ਕੇਸ ਨੂੰ ਰਫਾ ਦਫਾ ਕਰਨ ਦੀ ਤਿਆਰੀ ਚੱਲ ਪਈ ਹੈ।