Punjab

ਪਰਿਵਾਰ ਨੂੰ ਮਿਲਦੇ ਹੀ ਮਜੀਠੀਆ ਨੇ ਵਾਅਦਾ ਕੀਤਾ ਪੂਰਾ ! ਪਤਨੀ ਤੇ ਪੁੱਤਰਾਂ ਨੂੰ ਗਲ੍ਹ ਲਾਇਆ,ਫਿਰ ਇਹ ਪਾਠ ਪੜਾਇਆ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੁੱਧਵਾਰ ਨੂੰ ਜ਼ਮਾਨਤ ਦਿੱਤੀ

‘ਦ ਖ਼ਾਲਸ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਦਿਆਂ ਹੀ ਜਦੋਂ ਪਟਿਆਲਾ ਜੇਲ੍ਹ ਤੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਹਰ ਆਏ ਸਨ ਤਾਂ ਉਨ੍ਹਾਂ ਦੀ ਜ਼ੁਬਾਨ ‘ਤੇ ਸਭ ਤੋਂ ਪਹਿਲਾਂ  ਨਾਂ ਆਪਣੇ  ਦੋਵੇਂ ਬੱਚਿਆਂ ਦਾ ਸੀ। ਮੌਕੇ ‘ਤੇ ਹੀ ਮਜੀਠੀਆ ਨੇ ਦੱਸ ਦਿੱਤਾ ਕਿ ਘਰ ਪਹੁੰਚ ਕੇ ਸਭ ਤੋਂ ਪਹਿਲਾਂ ਉਹ ਕੀ ਕਰਨਗੇ। ਜਦੋਂ ਉਹ ਚੰਡੀਗੜ੍ਹ ਵਾਲੇ ਆਪਣੇ ਘਰ ਪਹੁੰਚੇ ਤਾਂ ਮਜੀਠੀਆ  ਨੇ ਆਪਣਾ ਵਾਅਦਾ ਪੂਰਾ ਕੀਤਾ। ਦੋਵਾਂ ਬੱਚਿਆਂ ਨੂੰ ਗਲ੍ਹ ਲਾਇਆ। ਪੰਜ ਮਹੀਨਿਆਂ ਬਾਅਦ ਪਿਤਾ ਨੂੰ ਮਿਲ ਰਹੇ ਬੱਚੇ ਭਾਵੁਕ ਸਨ। ਬੱਚਿਆਂ ਦੇ ਅੱਥਰੂ ਰੁਕਣ ਦਾ ਨਾਂ ਨਹੀਂ ਲੈ ਰਹੇ ਸੀ ਤਾਂ ਮਜੀਠੀਆ ਵੀ  ਭਾਵੁਕ ਹੋ ਗਏ ਅਤੇ ਬੱਚਿਆਂ ਨੂੰ ਸੰਭਾਲ ਦੇ ਹੋਏ ਬਹਾਦਰੀ ਦਾ ਪਾਠ ਪੜਾਉਂਦੇ ਹੋਏ ਕਿਹਾ ‘ਬਹਾਦਰ ਬੱਚਿਆਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ’। ਇਸ ਦੌਰਾਨ ਪਤਨੀ ਗਨੀਵ ਕੌਰ ਲਗਾਤਾਰ ਪਤੀ ‘ਤੇ ਫੁੱਲਾਂ ਦੀ ਵਰਖਾ ਕਰ ਰਹੀ ਸੀ। ਭੈਣ ਹਰਸਿਮਰਤ ਵੀ ਭਰਾ ਨੂੰ ਗਲ੍ਹ ਲਗਾਉਣ ਦੇ ਮੌਕੇ ਦਾ ਇੰਤਜ਼ਾਰ ਕਰ ਰਹੀ  ਸੀ। ਮਜੀਠੀਆ ਨੇ ਵੀ ਜ਼ਿਆਦਾ ਦੇਰ ਨਹੀਂ ਲਾਈ, ਬੱਚਿਆਂ ਦੇ ਨਾਲ ਪਤਨੀ ਗਨੀਵ ਕੌਰ ਅਤੇ ਭੈਣ ਹਰਸਿਮਰਤ ਨੂੰ ਵੀ ਗਲ੍ਹ ਲਾ ਲਿਆ।

ਜੇਲ੍ਹ ਤੋਂ ਨਿਕਲ ਦੇ ਹੀ ਮਜੀਠੀਆ ਦੀ ਜ਼ੁਬਾਨ ‘ਤੇ ਪੰਜ ਨਾਂ

ਜੇਲ੍ਹ ਤੋਂ ਬਾਹਰ ਆਉਂਦੇ ਹੀ ਮਜੀਠੀਆ ਦੀ ਜ਼ੁਬਾਨ ‘ਤੇ 5 ਨਾਂ ਸਨ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਫਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ। ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਅਤੇ ਸੀਐੱਮ ਬਣਨ ਦੀ ਵਧਾਈ ਦਿੱਤੀ। ਫਿਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਜਿਸ ਸਾਜਿਸ਼ ਦੇ ਤਹਿਤ ਉਨ੍ਹਾਂ ਨੂੰ ਫਸਾਇਆ ਗਿਆ ਸੀ, ਹਾਈਕੋਰਟ ਨੇ ਆਪਣੀਆਂ ਟਿੱਪਣੀਆਂ ਨਾਲ ਉਸ ‘ਤੇ ਮੋਹਰ ਲਾ ਦਿੱਤੀ। ਮਜੀਠੀਆ ਨੇ ਸਿੱਧੂ ਨੂੰ ਵੀ ਇਸ਼ਾਰਿਆਂ ਇਸ਼ਾਰਿਆਂ ਵਿੱਚ ਘੇਰਦਿਆਂ ਕਿਹਾ ਕਿ ਜਿਨ੍ਹਾਂ ਨੇ ਸਾਜਿਸ਼ ਰਚੀ, ਉਹ ਵੀ ਗੁਆਂਢ ਵਿੱਚ ਬੈਠ ਗਏ।

ਇਸ  ਵਜ੍ਹਾ ਨਾਲ ਮਜੀਠੀਆ ਨੂੰ ਜ਼ਮਾਨਤ ਮਿਲੀ 

  • ਨਸ਼ੇ ਦੇ ਸਮੱਗਲਰਾਂ ਨੂੰ ਪਨਾਹ ਦੇਣ ‘ਤੇ ਹਾਈਕੋਰਟ ਨੇ ਕਿਹਾ ਕਿ ਮਜੀਠੀਆ ‘ਤੇ ਇਲਜ਼ਾਮ ਹੈ ਕਿ ਉਸ ਨੇ 2021 ਵਿੱਚ ਸਤਪ੍ਰੀਤ ਸਿੰਘ ਉਰਫ ਸੱਤਾ ਨੂੰ ਆਪਣੇ ਘਰ ਠਹਿਰਾਇਆ ਅਤੇ ਗੱਡੀ ਦਿੱਤੀ ਸੀ ਜਦਕਿ ਸੂਬਾ ਸਰਕਾਰ ਸੱਤਾ ਅਤੇ ਪਿੰਦੀ ਨੂੰ 23 ਦਸੰਬਰ 2021 ਵਿੱਚ ਕੇਸ ਵਿੱਚ ਨਾਮਜ਼ਦ ਕਰ ਰਹੀ ਹੈ। ਉੱਧਰ ਪਿੰਦੀ ਅਤੇ ਅਮਰਿੰਦਰ ਸਿੰਘ ਲਾਡੀ ਨੂੰ 16 ਅਕਤੂਬਰ 2014 ਅਤੇ 22 ਅਪ੍ਰੈਲ 2014 ਵਿੱਚ ਭਗੌੜਾ ਕਰਾਰ ਦਿੱਤਾ ਗਿਆ। ਇਹ ਦੋਵੇਂ 2013 ਦੇ ਬਾਅਦ ਪੰਜਾਬ ਵਿੱਚ ਨਹੀਂ ਆਏ। ਮਜੀਠੀਆ ਨਾਲ ਉਨ੍ਹਾਂ ਦੇ ਮਿਲਣ ਦੀ ਗੱਲ  2013 ਤੋਂ ਪਹਿਲਾਂ ਦੀ ਹੈ। ਉਸ ਵਕਤ ਕਿਸੇ ‘ਤੇ ਕੋਈ ਇਲਜ਼ਾਮ ਨਹੀਂ ਸੀ।
  • ਹਾਈਕੋਰਟ ਨੇ ਕਿਹਾ ਕਿ ਮਜੀਠੀਆ ਖਿਲਾਫ ਨਸ਼ਾ ਸਮੱਗਲਰਾਂ ਤੋਂ ਜਿਹੜੇ ਪੈਸੇ ਲੈਣ ਦਾ ਇਲਜ਼ਾਮ ਲੱਗ ਰਿਹਾ ਹੈ, ਉਸ ਦੇ ਸਬੂਤ ਵੀ ਪੁਖਤਾ ਨਹੀਂ ਹਨ, ਜਿਸ ਨਾਲ ਇਹ ਸਾਬਤ ਹੋ ਸਕੇ ਕਿ ਮਜੀਠੀਆ ਨੇ ਨਸ਼ਾ ਤਸਕਰਾਂ ਤੋਂ ਪੈਸੇ ਲਏ ਸਨ।
  • ਹਾਈਕੋਰਟ ਨੇ ਮਜੀਠੀਆ ਖਿਲਾਫ਼ 8 ਸਾਲ ਦੇਰ ਨਾਲ ਦਰਜ ਕੇਸ ਨੂੰ ਲੈ ਕੇ ਵੀ ਸਵਾਲ ਚੁੱਕੇ। ਮਜੀਠੀਆ ‘ਤੇ ਪੈਸੇ ਦੇ ਲੈਣ-ਦੇਣ ਦਾ ਇਲਜ਼ਾਮ 2007 ਤੋਂ 2013 ਦੇ ਵਿੱਚ ਲੱਗਿਆ ਸੀ, ਜਦੋਂ ਸੱਤਾ ਅਤੇ ਪਰਮਿੰਦਰ ਸਿੰਘ ਪਿੰਦਾ ਪੰਜਾਬ ਆਉਂਦੇ ਸਨ ਜਦਕਿ ਕੇਸ 8 ਸਾਲ ਬਾਅਦ 20 ਦਸੰਬਰ 2021 ਵਿੱਚ ਦਰਜ ਹੋਇਆ।
  • ਡਰੱਗ ਦੀ ਰਿਕਵਰੀ ਨਾ ਹੋਣ ‘ਤੇ ਵੀ ਡਬਲ ਬੈਂਚ ਨੇ ਆਪਣੇ ਫੈਸਲੇ ਵਿੱਚ ਵੱਡੀ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਮਜੀਠੀਆ ਕੋਲ ਡਰੱਗ ਰਿਕਵਰ ਨਹੀਂ ਹੋਈ, ਜਿਸ ਨਾਲ ਸਾਬਿਤ ਹੋਏ ਕਿ ਡਰੱਗ ਦੀ ਟਰਾਂਸਪੋਰਟੇਸ਼ਨ ਕੀਤੀ ਗਈ ਹੋਵੇ ਜਾਂ ਫਿਰ ਉਸ ਨੂੰ ਸਟੋਰ ਕੀਤਾ ਗਿਆ ਹੋਵੇ।
  • ਅਦਾਲਤ ਨੇ ਪੁਲਿਸ ‘ਤੇ ਸਵਾਲ ਚੁੱਕ ਦੇ ਹੋਏ ਕਿਹਾ ਕਿ FIR ਦੇ 8 ਮਹੀਨੇ ਬਾਅਦ ਵੀ ਹੁਣ ਤੱਕ ਸਬੂਤ ਨਹੀਂ ਜੁਟਾਏ ਗਏ। ਪੁਲਿਸ ਨੇ ਮਜੀਠੀਆ ਦੀ ਰਿਮਾਂਡ ਤੱਕ ਨਹੀਂ ਮੰਗੀ, ਉਨ੍ਹਾਂ ਨੂੰ ਜੁਡੀਸ਼ਲ ਰਿਮਾਂਡ ‘ਤੇ ਭੇਜ ਦਿੱਤਾ ਗਿਆ।
  • ਹਾਈਕੋਰਟ ਨੇ ਪੂਰੇ ਸਬੂਤ ਵੇਖਣ ਤੋਂ ਬਾਅਦ ਕਿਹਾ ਕਿ ਮਜੀਠੀਆ ਕੇਸ ਵਿੱਚ ਨਾ ਕਸੂਰਵਾਰ ਹੈ, ਨਾ ਹੀ ਉਸ ਦੀ ਉਮੀਦ ਹੈ, ਨਾ ਹੀ ਅਜਿਹਾ ਲੱਗ ਰਿਹਾ ਹੈ ਕਿ ਜ਼ਮਾਨਤ ਮਿਲਣ ਤੋਂ ਬਾਅਦ ਉਹ ਕੋਈ ਅਜਿਹਾ ਕ੍ਰਾਈਮ ਕਰੇਗਾ। ਟਰਾਇਲ ਖ਼ਤਮ  ਹੋਣ ‘ਤੇ ਸਮਾਂ  ਲੱਗੇਗਾ, ਅਜਿਹੇ ਵਿੱਚ ਮਜੀਠੀਆ ਨੂੰ ਅਣਮਿੱਥੇ ਸਮੇਂ ਲਈ ਜੇਲ੍ਹ ਵਿੱਚ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਹਾਈਕੋਰਟ ਨੇ ਇਹ ਵੀ ਸਾਫ ਕੀਤਾ ਕਿ ਇਹ ਟਿੱਪਣੀਆਂ ਉਨ੍ਹਾਂ ਦੀ ਆਬਜ਼ਰਵੇਸ਼ਨ ਹਨ। ਕੇਸ ਦਾ ਟਰਾਇਲ ਨਿਰਪੱਖ ਤਰੀਕੇ ਨਾਲ ਚੱਲ ਦਾ ਰਹਿਣਾ ਚਾਹੀਦਾ ਹੈ।