ਚੰਡੀਗੜ੍ਹ ਤੋਂ ਅੰਮ੍ਰਿਤਸਰ ਤੱਕ ਬਿਕਰਮ ਸਿੰਘ ਮਜੀਠੀਆ ਦਾ ਰੋਡ ਸ਼ੋਅ
‘ਦ ਖ਼ਾਲਸ ਬਿਊਰੋ : ਸੁਖਬੀਰ ਬਾਦਲ ਦੀ ਗੈਰ ਮੌਜ਼ੂਦਗੀ ਵਿੱਚ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਸਿਆਸੀ ਸ਼ਕਤੀ ਪ੍ਰਦਰਸ਼ਨ ਦਿਖਾਇਆ ਗਿਆ ਹੈ। ਮਜੀਠੀਆ ਨੇ ਪਾਰਟੀ ਵਰਕਰਾਂ ਨਾਲ ਚੰਡੀਗੜ੍ਹ ਤੋਂ ਰੋਡ ਸ਼ੋਅ ਦੀ ਸ਼ੁਰੂਆਤ ਕੀਤੀ ਅਤੇ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮਜੀਠੀਆ ਦਾ ਕਾਫਲਾ ਅੰਮ੍ਰਿਤਸਰ ਵੱਲ ਵੱਧ ਗਿਆ।
ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਰੋਡ ਸ਼ੋਅ ਦਾ ਮਕਸਦ ਦੱਸਿਆ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੀ ਵੱਡਾ ਬਿਆਨ ਦਿੱਤਾ ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਨਾਲ ਭੱਖ ਸਕਦੀ ਹੈ,ਮਜੀਠੀਆ ਨੇ ਬਾਗ਼ੀ ਵਿਧਾਇਕ ਮਨਪ੍ਰੀਤ ਇਯਾਲੀ ਦੀ ਘਰ ਵਾਪਸੀ ਦਾ ਵੀ ਪਲਾਨ ਦੱਸਿਆ।
ਮਜੀਠੀਆ ਕੋਲ ਚੰਨੀ ਦਾ ਕਿਹੜਾ ਵੀਡੀਓ ?
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਤਿੱਖੇ ਹਮ ਲੇ ਕੀਤੇ ਸਨ। ਮੰਗਲਵਾਰ ਨੂੰ ਚੰਡੀਗੜ੍ਹ ਤੋਂ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਮਜੀਠੀਆ ਨੇ ਚੰਨੀ ਦੇ ਇੱਕ ਵੀਡੀਓ ਦਾ ਜ਼ਿਕਰ ਕਰਦੇ ਹੋਏ ਸਿਆਸਤ ਨੂੰ ਭੱਖਾ ਦਿੱਤਾ। ਉਨ੍ਹਾਂ ਤੰਜ ਕੱਸ ਦੇ ਹੋਏ ਕਿਹਾ ਉਹ ਜੇਲ੍ਹ ਤੋਂ ਬਾਹਰ ਆ ਗਏ ਹਨ ਪਰ ਚੰਨੀ ਵਿਦੇਸ਼ ਤੋਂ ਵਾਪਸ ਨਹੀਂ ਆਏ ਹਨ।
ਪੰਜਾਬ ਦੇ ਲੋਕ ਪੁੱਛ ਰਹੇ ਹਨ ਕਿ ‘ਛੱਲਾ ਮੁੜ ਕੇ ਨਹੀਂ ਆਇਆ’ ਮਜੀਠੀਆ ਨੇ ਕਿਹਾ ਕਿ ਉਹ ਇੰਤਜ਼ਾਰ ਕਰ ਰਹੇ ਹਨ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਪਸ ਆਉਣ ਅਤੇ ਉਹ ਚੰਨੀ ਦਾ ਇੱਕ ਵੀਡੀਓ ਜਾਰੀ ਕਰਨ। ਪੱਤਰਕਾਰ ਨੇ ਵੀਡੀਓ ਬਾਰੇ ਪੁੱਛਿਆ ਤਾਂ ਮਜੀਠੀਆ ਨੇ ਕਿਹਾ ਜਦੋਂ ਚੰਨੀ ਵਿਦੇਸ਼ ਤੋਂ ਵਾਪਸ ਆਉਣਗੇ ਤਾਂ ਉਹ ਵੀਡੀਓ ਰਿਲੀਜ਼ ਕਰਨਗੇ।
ਜੇਲ੍ਹ ਜਾਣ ਤੋਂ ਪਹਿਲਾਂ ਵੀ ਮਜੀਠੀਆ ਨੇ ਚੰਨੀ ਦੇ ਹਲਕੇ ਦਾ ਇੱਕ ਵੀਡੀਓ ਜਾਰੀ ਕਰਦੇ ਹੋਏ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਭਤੀਜਾ ਹਨੀ ਪੂਰੇ ਰੋਪੜ ਇਲਾਕੇ ਵਿੱਚ ਗੈਰ ਕਾਨੂੰਨੀ ਮਾਇਨਿੰਗ ਦਾ ਧੰਦਾ ਚੱਲਾ ਰਿਹਾ ਹੈ। ਮਜੀਠੀਆ ਨੇ ਪਾਰਟੀ ਦੇ ਬਾਗੀ ਮਨਪ੍ਰੀਤ ਇਯਾਲੀ ਨੂੰ ਲੈ ਕੇ ਵੀ ਅਹਿਮ ਬਿਆਨ ਦਿੱਤਾ ਹੈ।
ਮਜੀਠੀਆ ਕਰਵਾਉਣਗੇ ਇਯਾਲੀ ਦੀ ਘਰ ਵਾਪਸੀ ?
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮਨਪ੍ਰੀਤ ਇਯਾਲੀ ਨਾਲ ਉਨ੍ਹਾਂ ਦੇ ਸਿਆਸਤ ਤੋਂ ਵੱਧ ਪਰਿਵਾਰਕ ਰਿਸ਼ਤੇ ਹਨ ਅਤੇ ਉਨ੍ਹਾਂ ਦੇ ਨਾਲ ਗੱਲ ਕੀਤੀ ਜਾਵੇਗੀ। ਉਨ੍ਹਾਂ ਨੇ ਮੰਨਿਆ ਕਿ ਇਯਾਲੀ ਦੀ ਬਿਆਨਬਾਜ਼ੀ ਨਾਲ ਉਨ੍ਹਾਂ ਨੂੰ ਦੁੱਖ ਜ਼ਰੂਰ ਹੋਇਆ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਸਭ ਕੁਝ ਠੀਕ ਕਰ ਲਿਆ ਜਾਵੇਗਾ।
ਦਾਖਾ ਜ਼ਿੰਮਨੀ ਚੋਣ ਦੌਰਾਨ ਜਦੋਂ ਮਨਪ੍ਰੀਤ ਇਯਾਲੀ ਜਿੱਤੇ ਸਨ ਤਾਂ ਉਨ੍ਹਾਂ ਨੇ ਆਪਣੀ ਜਿੱਤ ਦਾ ਸਿਹਰਾ ਮਜੀਠੀਆ ਨੂੰ ਦਿੱਤਾ ਸੀ। ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਵਰਗੀਆਂ ਬਾਗ਼ੀ ਅਵਾਜ਼ਾਂ ਹੁਣ ਸ਼ਾਂਤ ਹੋਈਆਂ ਹਨ। ਉਮੀਦ ਹੈ ਕਿ ਮਨਪ੍ਰੀਤ ਇਯਾਲੀ ਵੀ ਘਰ ਵਾਪਸੀ ਕਰ ਸਕਦੇ ਹਨ।
ਇਸ ਦੇ ਸੰਕੇਤ ਵਲਟੋਹਾ ਦੇ ਬਿਆਨਾਂ ਤੋਂ ਵੀ ਮਿਲ ਰਹੇ ਨੇ ਜਿੰਨਾਂ ਨੇ ਪਹਿਲਾਂ ਇਯਾਲੀ ‘ਤੇ ਬੀਜੇਪੀ ਨਾਲ ਮਿਲਕੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਲਗਾਇਆ ਸੀ ਪਰ ਬਾਅਦ ਵਿੱਚੋਂ ਉਨ੍ਹਾਂ ਨੇ U-Turn ਲੈ ਲਿਆ।