ਬਿਊਰੋ ਰਿਪੋਰਟ : ਪੰਜਾਬ ਪੁਲਿਸ ਕਾਰਾਂ,ਬਾਈਕ ਅਤੇ ਸਕੂਟੀਆਂ ‘ਤੇ ਕੁਝ ਖਾਸ ਸਟਿੱਕਰ ਨੂੰ ਲੈਕੇ ਸਖ਼ਤ ਨਜ਼ਰ ਆ ਰਹੀ ਹੈ । ਜਿੰਨਾਂ ਗੱਡੀਆਂ ‘ਤੇ ਹਥਿਆਰ ਵਾਲੇ ਪੋਸਟਰ ਲੱਗੇ ਹੋਣਗੇ ਉਨ੍ਹਾਂ ਖਿਲਾਫ ਪੁਲਿਸ ਸਖਤ ਕਾਰਵਾਈ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ । ਪੁਲਿਸ ਨੇ ਗੰਨ ਵਾਲੇ ਸਟਿੱਕਰ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਨੂੰਨ ਵਿਵਸਥਾ ਬਣਾਉਣ ਦੇ ਲਈ ਚੈਕਿੰਗ ਮੁਹਿੰਮ ਚਲਾਈ ਗਈ ਹੈ। ਪੰਜਾਬ ਦੀਆਂ ਕਈ ਗੱਡੀਆਂ ‘ਤੇ ਅਜਿਹੇ ਸਟਿੱਕਰ ਵੇਖੇ ਜਾਂਦੇ ਹਨ ਜਿੱਥੇ ਹਥਿਆਰਾਂ ਦੀ ਸਰੇਆਮ ਨੁਮਾਇਸ਼ ਹੁੰਦੀ ਹੈ ਅਤੇ ਭੜਕਾਉ ਕੋਟੇਸ਼ਨਾਂ ਦੇ ਜ਼ਰੀਏ ਇਸ ਨੂੰ ਪਰਮੋਟ ਕੀਤਾ ਜਾਂਦਾ ਹੈ । ਨੌਜਵਾਨ ਇੰਨਾਂ ਕੋਟੇਸ਼ਨ ਨੂੰ ਵੇਖ ਦੇ ਹਨ ਤਾਂ ਪ੍ਰਭਾਵਿਤ ਹੋ ਕੇ ਆਪਣੀ ਗੱਡੀਆਂ ‘ਤੇ ਪ੍ਰਿੰਟ ਕਰਵਾਉਂਦੇ ਹਨ। ਇਸ ਲਈ ਪੁਲਿਸ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਸਟਿੱਕਰਾਂ ਖਿਲਾਫ ਸਖਤ ਹੋ ਗਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਹਿੰਸਕ ਗਾਣੇ ਗਾਉਣ ਵਾਲੇ ਖਿਲਾਫ ਵੀ ਸਖਤੀ ਕੀਤੀ ।
ਪੰਜਾਬ ਵਿੱਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ ਖਿਲਾਫ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਲਿਸ ਨੂੰ ਵੱਡੇ ਨਿਰਦੇਸ਼ ਦਿੱਤੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਮੁਹਿੰਮ ਚਲਾਉਂਦੇ ਹੋਏ ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖਿਲਾਫ਼ ਕੇਸ ਦਰਜ ਕੀਤੇ ਸਨ । ਇਸ ਤੋਂ ਇਲਾਵਾ ਸਰਕਾਰ ਨੇ ਗਾਇਕਾਂ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਆਪਣੀ ਗਾਇਕੀ ਵਿੱਚ ਗੰਨ ਕਲਚਰ ਨੂੰ ਪਰਮੋਟ ਨਾ ਕਰਨ ਕਿਉਂਕਿ ਇਸ ਨਾਲ ਸਮਾਜ ਵਿੱਚ ਗਲਤ ਸੁਨੇਹਾ ਜਾਂਦਾ ਹੈ। ਹਾਲਾਂਕਿ ਸ਼ੁਰੂਆਤ ਵਿੱਚ ਤਾਂ ਸਰਕਾਰ ਦੀ ਸ਼ਖਤੀ ਵਿਖਾਈ ਦਿੱਤੀ ਪਰ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿਸ ਵਿੱਚ ਨਜ਼ਾਇਜ਼ ਲੋਕਾਂ ਨੂੰ ਗੰਨ ਕਲਚਰ ਦੇ ਮਾਮਲੇ ਵਿੱਚ ਫਸਾਇਆ ਗਿਆ ਜਿਸ ਤੋਂ ਬਾਅਦ ਮੁਹਿੰਮ ਦੀ ਰਫਤਾਰ ਘੱਟ ਹੋ ਗਈ । ਪਰ ਜਿਸ ਤਰ੍ਹਾਂ ਨਾਲ ਗੱਡੀਆਂ,ਬਾਈਕ ‘ਤੇ ਹਥਿਆਰਾਂ ਦੀਆਂ ਫੋਟੋਆਂ ਖਿਲਾਫ ਪੁਲਿਸ ਨੇ ਸਖਤੀ ਕੀਤੀ ਹੈ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਸਰਕਾਰ ਇਸ ਮੁਹਿੰਮ ਨੂੰ ਮੁੜ ਤੋਂ ਰਫਤਾਰ ਦੇਣ ਦੇ ਮੂਡ ਵਿੱਚ ਨਜ਼ਰ ਆ ਰਹੀ ਹੈ।