‘ਦ ਖ਼ਾਲਸ ਬਿਊਰੋ : ਅੰਕਿਤਾ ਭੰਡਾਰੀ ਕਤਲਕਾਂਡ ਮਾਮਲੇ ਵਿੱਚ ਪੁਲਿਸ ਨੇ ਐਸਆਈਟੀ ਦੀ ਜਾਂਚ ਵਿੱਚ ਕਤਲ ਦਾ ਮਕਸਾਦ ਸਾਫ਼ ਹੋ ਜਾਣ ਦਾ ਵੱਡਾ ਦਾਅਵਾ ਕੀਤਾ ਹੈ। ਪੁਲਕਿਤ ਅਤੇ ਉਸਦੇ ਦੋਵੇਂ ਮੈਨੇਜਰ ਸੌਰਭ ਭਾਕਰ ਅਤੇ ਅੰਕਿਤ ਗੁਪਤਾ ਨੇ ਰਿਸੌਰਟ ਅਤੇ ਆਪਣੇ ਰਾਜ ਨੂੰ ਦਬਾਉਣ ਲਈ ਅੰਕਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸਦੀ ਪੁਸ਼ਟੀ ਉੱਤਰਾਖੰਡ ਦੀ ਐਡੀਜੀ ਲਾ ਐਂਡ ਆਰਡਰ ਵੀ ਮੁਰੁਗੇਸ਼ਨ ਨੇ ਐਸਆਈਟੀ ਜਾਂਚ ਦੇ ਆਧਾਰ ਉੱਤੇ ਕੀਤੀ ਹੈ।
ਮੁਰੁਗੇਸ਼ਨ ਨੇ ਕਿਹਾ ਕਿ ਅੰਕਿਤਾ ਭੰਡਾਰੀ ਨੂੰ ਮਾਰਨ ਦਾ ਵੱਡਾ ਕਾਰਨ ਇਹ ਸੀ ਕਿ ਰਿਸੌਰਟ ਵਿੱਚ ਉਸ ਉੱਤੇ ਪੁਲਕਿਤ ਅਨੈਤਿਕ ਕੰਮ ਕਰਨ ਲਈ ਦਬਾਅ ਬਣਾ ਰਿਹਾ ਸੀ। ਨੌਕਰੀ ਦੇ ਨਾਂ ਉੱਤੇ ਵੀਆਈਪੀ ਗੈਸਟ ਨੂੰ ਸਪੈਸ਼ਲ ਸਰਵਿਸ ਦਿੱਤੀ ਜਾ ਰਹੀ ਸੀ, ਜਿਸਦੇ ਲਈ ਪੁਲਕਿਤ ਨੇ ਅੰਕਿਤਾ ਭੰਡਾਰੀ ਨੂੰ ਵੀ ਕਿਹਾ ਸੀ। ਅੰਕਿਤਾ ਭੰਡਾਰੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭੰਡਾਰੀ ਨੇ ਇਸਦੀ ਜਾਣਕਾਰੀ ਆਪਣੇ ਦੋਸਤ ਪੁਸ਼ਪ ਨੂੰ ਵੀ ਦੇ ਦਿੱਤੀ।
ਮੁਰੁਗੇਸ਼ਨ ਨੇ ਦੱਸਿਆ ਕਿ ਪੁਲਕਿਤ ਨੂੰ ਡਰ ਸੀ ਕਿ ਅੰਕਿਤਾ ਭੰਡਾਰੀ ਉੱਥੋਂ ਨੌਕਰੀ ਛੱਡਣ ਵਾਲੀ ਹੈ ਅਤੇ ਰਿਜ਼ੋਰਟ ਵਿੱਚ ਹੋ ਰਹੇ ਸਾਰੇ ਅਨੈਤਿਕ ਕੰਮਾਂ ਦੀ ਪੋਲ ਖੋਲ੍ਹ ਦੇਵੇਗੀ। ਇਸੇ ਵਜ੍ਹਾ ਕਰਕੇ ਪੁਲਕਿਤ ਨੇ ਆਪਣੇ ਦੋ ਮੈਨੇਜਰਾਂ ਸੌਰਭ ਭਾਸਕਰ ਅਤੇ ਅੰਕਿਤ ਗੁਪਤਾ ਦੇ ਨਾਲ ਮਿਲ ਕੇ ਅੰਕਿਤਾ ਦਾ ਕਤਲ ਕਰ ਦਿੱਤਾ।
ਐੱਸਆਈਟੀ ਨੂੰ ਇਸ ਤਰ੍ਹਾਂ ਦੇ ਪੁਖਤਾ ਸਬੂਤ ਮਿਲੇ ਹਨ ਜਿਸਦੇ ਆਧਾਰ ਉੱਤੇ ਇਹ ਸਾਬਿਤ ਹੋ ਚੁੱਕਾ ਹੈ ਕਿ ਅੰਕਿਤਾ ਉੱਤੇ ਗਲਤ ਕੰਮ ਕਰਨ ਦੇ ਲਈ ਦਬਾਅ ਬਣਾਇਆ ਜਾ ਰਿਹਾ ਸੀ। ਇਨ੍ਹਾਂ ਦੋਸ਼ਾਂ ਨੂੰ ਪੁਖਤਾ ਕਰਨ ਦੇ ਲਈ ਚਾਰ ਮਹੱਤਵਪੂਰਨ ਗਵਾਹਾਂ ਦੇ ਕੋਰਟ ਵਿੱਚ 164 ਦੇ ਤਹਿਤ ਬਿਆਨ ਦਰਜ ਕੀਤੇ ਗਏ ਹਨ।
ਅੰਕਿਤਾ ਕੇਸ ਬਾਰੇ ਅਹਿਮ ਖੁਲਾਸੇ? ਪੋਸਟ ਮਾਰਟਮ ਦੀ ਅੰਤਿਮ ਰਿਪੋਰਟ ਆਈ, ਜਾਣੋ
19 ਸਾਲਾ ਅੰਕਿਤਾ ਭੰਡਾਰੀ ਕੁਝ ਦਿਨਾਂ ਤੋਂ ਲਾਪਤਾ ਰਹੀ ਸੀ। ਉੱਤਰਾਖੰਡ ਪੁਲਿਸ ਨੇ ਛੇ ਦਿਨ ਬਾਅਦ 24 ਸਤੰਬਰ ਨੂੰ ਅੰਕਿਤਾ ਦੀ ਲਾਸ਼ ਨੂੰ ਰਿਸ਼ੀਕੇਸ਼ ਵਿੱਚ ਚਿਲਾ ਨਹਿਰ ਵਿੱਚੋਂ ਬਰਾਮਦ ਕੀਤਾ। ਇਸ ਮਾਮਲੇ ਵਿੱਚ ਬੀਜੇਪੀ ਲੀਡਰ ਦੇ ਪੁੱਤਰ ਪੁਲਕਿਤ ਆਰਿਆ ਅਤੇ ਉਸਦੇ ਦੋ ਮੈਨੇਜਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਅੰਤਿਮ ਪੋਸਟਮਾਰਟਮ ਵਿੱਚ ਅੰਕਿਤਾ ਦੀ ਡੁੱਬਣ ਕਾਰਨ ਮੌਤ ਦੀ ਪੁਸ਼ਟੀ ਹੋਈ ਸੀ। ਇਸਦੇ ਨਾਲ ਹੀ ਲਾਸ਼ ‘ਤੇ 4 ਤੋਂ 5 ਸੱਟਾਂ ਦੇ ਨਿਸ਼ਾਨ ਮਿਲੇ ਸਨ। ਜਿਸ ਰਿਜ਼ੌਰਟ ‘ਚ ਅੰਕਿਤਾ ਭੰਡਾਰੀ ਰਿਸੈਪਸ਼ਨਿਸਟ ਵਜੋਂ ਕੰਮ ਕਰਦੀ ਸੀ, ਉਹ ਪੁਲਕਿਤ ਆਰਿਆ ਦਾ ਹੈ। ਪੁਲਕਿਤ ਆਰੀਆ ਭਾਜਪਾ ਨੇਤਾ ਵਿਨੋਦ ਆਰੀਆ ਦੇ ਬੇਟਾ ਹੈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਮਾਮਲੇ ਦੀ ਜਾਂਚ ਲਈ ਐਸਆਈਟੀ ਦੇ ਗਠਨ ਦੇ ਹੁਕਮ ਦਿੱਤੇ ਸਨ।