The Khalas Tv Blog International ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ਲਈ ਵੱਡੀ ਰਾਹਤ ! ਇਕ ਜੁਲਾਈ ਤੋਂ ਲਾਗੂ ਹੋਣਗੇ ਨਵੇਂ ਵੀਜ਼ਾ ਨਿਯਮ
International

ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ਲਈ ਵੱਡੀ ਰਾਹਤ ! ਇਕ ਜੁਲਾਈ ਤੋਂ ਲਾਗੂ ਹੋਣਗੇ ਨਵੇਂ ਵੀਜ਼ਾ ਨਿਯਮ

Big relief for Indian students in Australia! The new visa rules will be applicable from July 1

ਆਸਟ੍ਰੇਲੀਆ ‘ਚ ਇਕ ਜੁਲਾਈ 2023 ਤੋਂ ਨਵੇਂ ਵੀਜ਼ਾ ਨਿਯਮ ਲਾਗੂ ਹੋਣ ਜਾ ਰਹੇ ਹਨ। ਨਵੇਂ ਵੀਜਾਂ ਨਿਯਮ ਭਾਰਤੀ ਵਿਦਿਆਰਥੀਆਂ ਲਈ ਵੱਡੀ ਰਾਹਤ ਲੈ ਕੇ ਆਏ ਹਨ।
ਆਸਟ੍ਰੇਲੀਆ ਦੇ ਵਿੱਦਿਅਕ ਅਦਾਰਿਆਂ ’ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀ ਇਸ ਸਾਲ ਇਕ ਜੁਲਾਈ ਤੋਂ ਬਿਨਾਂ ਵੀਜ਼ਾ ਸਪਾਂਸਰ ਅੱਠ ਸਾਲ ਤਕ ਕੰਮ ਲਈ ਬਿਨੈ ਕਰ ਸਕਣਗੇ। ਵਰਕ ਵੀਜ਼ਾ ’ਤੇ ਦੋ ਸਾਲ ਦਾ ਵਿਸਥਾਰ ਵੀ ਮਿਲ ਸਕੇਗਾ। ਇੰਨਾ ਹੀ ਨਹੀਂ ਹਰ ਪੰਦਰਵਾੜੇ ’ਚ ਕੰਮ ਦੇ ਘੰਟੇ ਦੀ ਹੱਦ 40 ਤੋਂ ਵਧਾ ਕੇ 48 ਕਰ ਦਿੱਤੀ ਜਾਵੇਗੀ।

ਦੱਸ ਦੇਈਏ ਕਿ ਵੀਜ਼ਾ ਸਪਾਂਸਰ ਉਨ੍ਹਾਂ ਲੋਕਾਂ ਦੇ ਸਾਰੇ ਖ਼ਰਚਿਆਂ ਦੀ ਜ਼ਿੰਮੇਵਾਰੀ ਲੈਂਦੇ ਹਨ, ਜਿਨ੍ਹਾਂ ਕੋਲ ਵਿਦੇਸ਼ ਯਾਤਰਾ ਦੌਰਾਨ ਆਪਣੇ ਖ਼ਰਚਿਆਂ ਦਾ ਭੁਗਤਾਨ ਕਰਨ ਲਈ ਆਮਦਨ ਸਰਟੀਫਿਕੇਟ ਨਹੀਂ ਹੈ।

ਬਿਨਾਂ ਵੀਜ਼ਾ ਸਪਾਂਸਰ ਦੇਸ਼ ’ਚ ਰਹਿਣ ਦੀ ਇਜਾਜ਼ਤ

ਇਸ ਮਹੀਨੇ ਦੀ ਸ਼ੁਰੂਆਤ ’ਚ ਭਾਰਤ ਤੇ ਆਸਟ੍ਰੇਲੀਆ ਨੇ ਵਿਦਿਆਰਥੀਆਂ, ਅਕਾਦਮਿਕ ਸ਼ੋਧਕਰਤਾਵਾਂ ਲਈ ਮੌਕੇ ਵਧਾਉਣ ਲਈ ਇਮੀਗ੍ਰੇਸ਼ਨ ਭਾਈਵਾਲੀ ਸਮਝੌਤੇ ’ਤੇ ਹਸਤਾਖ਼ਰ ਕੀਤੇ ਸਨ। ਮੋਬਿਲਟੀ ਅਰੇਂਜਮੈਂਟ ਫਾਰ ਟੇਲੈਂਟਿਡ ਅਰਲੀ ਪ੍ਰੋਫੈਸ਼ਨਲਜ਼ ਸਕੀਮ (ਐੱਮਏਟੀਈਐੱਸ) ਤਹਿਤ ਭਾਰਤ ਦੇ ਨੌਜਵਾਨ ਪੇਸ਼ੇਵਰਾਂ ਨੂੰ ਬਿਨਾਂ ਵੀਜ਼ਾ ਸਪਾਂਸਰ ਦੇਸ਼ ’ਚ ਰਹਿਣ ਦੀ ਇਜਾਜ਼ਤ ਮਿਲੇਗੀ।
ਅਸਥਾਈ ਵੀਜ਼ਾ ਪ੍ਰੋਗਰਾਮ ਦੇ ਰੂਪ ’ਚ ਐੱਮਏਟੀਈਐੱਸ ’ਚ ਵਿਸ਼ੇਸ਼ ਖੇਤਰਾਂ ’ਚ ਡਿਗਰੀ ਦੇ ਨਾਲ ਮਾਨਤਾ ਪ੍ਰਾਪਤ ਭਾਰਤੀ ਯੂਨੀਵਰਸਿਟੀਆਂ ਦੇ ਗ੍ਰੈਜੂਏਟ ਸ਼ਾਮਲ ਹਨ। ਐੱਮਏਟੀਈਐੱਸ ਵੀਜ਼ਾ ਲਈ ਯੋਗ ਖੇਤਰਾਂ ’ਚ ਇੰਜੀਨੀਅਰਿੰਗ, ਮਾਈਨਿੰਗ, ਵਿੱਤੀ ਤਕਨੀਕ, ਆਰਟੀਫੀਸ਼ੀਅਲ ਇੰਟੈਲੀਜੈਂਸ, ਆਈਟੀ, ਖੇਤੀਬਾੜੀ ਤੇ ਨਵਿਆਉਣਯੋਗ ਊਰਜਾ ਸ਼ਾਮਲ ਹਨ।

ਐੱਮਏਟੀਈਐੱਸ ਵੀਜ਼ਾ ਪ੍ਰੋਗਰਾਮ ਲਈ ਯੋਗ ਹੋਣ ਲਈ ਜ਼ਰੂਰੀ ਹੈ ਕਿ ਉਮੀਦਵਾਰਾਂ ਦੀ ਉਮਰ 31 ਸਾਲ ਤੋਂ ਘੱਟ ਹੋਵੇ, ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਆਪਣੀ ਸਿੱਖਿਆ ਪੂਰੀ ਕੀਤੀ ਹੋਵੇ ਤੇ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ’ਚ ਹੋਵੇ। ਐੱਮਏਟੀਈਐੱਸ ਵੀਜ਼ਾ ਲਈ ਫੀਸ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ।

ਬਾਹਰੇ ਵਿਦਿਆਰਥੀਆਂ ਲਈ ਕੰਮ ਦੇ ਘੰਟੇ ਵਧਾਏ

ਇਸਦੇ ਨਾਲ ਹੀ ਜੁਲਾਈ ਤੋਂ ਆਸਟ੍ਰੇਲੀਆ ਤੋਂ ਬਾਹਰ ਦੇ ਵਿਦਿਆਰਥੀਆਂ ਲਈ ਮਨਜ਼ੂਰ ਕਾਰਜ ਘੰਟੇ ਦੀ ਹੱਦ ਦੋ ਸਾਲ ਦੇ ਵਰਕ ਵੀਜ਼ਾ ਵਿਸਥਾਰ ਨਾਲ ਪ੍ਰਤੀ ਪੰਦਰਵਾੜੇ 40 ਘੰਟੇ ਤੋਂ ਵਧਾ ਕੇ 48 ਘੰਟੇ ਕਰ ਦਿੱਤੀ ਜਾਵੇਗੀ। ਆਸਟ੍ਰੇਲੀਆ ਨੇ ਇਸ ਸਾਲ ਅਪ੍ਰੈਲ ’ਚ ਕਿਹਾ ਸੀ ਕਿ ਉਹ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ’ਚ ਸੁਧਾਰ ਕਰੇਗਾ। ਕੁਸ਼ਲ ਇਮੀਗ੍ਰਾਂਟਾਂ ਨੂੰ ਲੁਭਾਉਣ ਲਈ ਉੱਚ ਕੁਸ਼ਲ ਪੇਸ਼ੇਵਰਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਤੇ ਆਸਾਨ ਬਣਾਇਆ ਜਾਵੇਗਾ।

ਹੁਨਰ ਦੀ ਕਮੀ ਵਾਲੇ ਖੇਤਰਾਂ ’ਚ ਮੌਕਾ

ਵਿਦੇਸ਼ ਦੇ ਵਿਦਿਆਰਥੀਆਂ ਨੂੰ ਬਣਾਈ ਰੱਖਣ ਲਈ ਕਦਮ ਚੁੱਕੇ ਜਾਣਗੇ। ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਹੁਨਰ ਦੀ ਕਮੀ ਵਾਲੇ ਖੇਤਰਾਂ ’ਚ ਚੋਣਵੀਆਂ ਡਿਗਰੀਆਂ ਵਾਲੇ ਗ੍ਰੈਜੂਏਟਾਂ ਲਈ ਅਧਿਐਨ ਤੋਂ ਬਾਅਦ ਕੰਮ ਦੇ ਅਧਿਕਾਰ ’ਤੇ ਦੋ ਸਾਲ ਦਾ ਵਿਸਥਾਰ ਮਿਲ ਸਕੇਗਾ। ਚੋਣਵੇਂ ਗ੍ਰੈਜੂਏਟ ਡਿਗਰੀ ਲਈ ਅਧਿਐਨ ਤੋਂ ਬਾਅਦ ਵਰਕ ਪਰਮਿਟ ਨੂੰ ਦੋ ਤੋਂ ਚਾਰ ਸਾਲ, ਚੋਣਵੇਂ ਮਾਸਟਰ ਡਿਗਰੀ ਲਈ ਤਿੰਨ ਤੋਂ ਪੰਜ ਸਾਲ ਤੇ ਸਾਰੇ ਡਾਕਟਰੇਟ ਡਿਗਰੀ ਲਈ ਚਾਰ ਤੋਂ ਛੇ ਸਾਲ ਤੱਕ ਵਧਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਦੇਸ਼ ਮੰਤਰਾਲੇ ਦੇ 2022 ਦੇ ਅੰਕੜਿਆਂ ਮੁਤਾਬਕ ਵੱਖ-ਵੱਖ ਆਸਟ੍ਰੇਲੀਆਈ ਯੂਨੀਵਰਸਿਟੀਆਂ ’ਚ ਲਗਪਗ ਇਕ ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।

Exit mobile version