ਐੱਮਐੱਸਪੀ ਲੁੱਟ ਕੈਲਕੁਲੇਟਰ ਰਾਹੀਂ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ ਸਰਕਾਰ ਦੇ ਐੱਮਐੱਸਪੀ ‘ਤੇ ਦਾਅਵਿਆਂ ਦਾ ਪਦਰਾਫਾਸ਼ * ਕਿਸਾਨਾਂ ਦੀ 87.5 ਫੀਸਦੀ ਕਣਕ ਘੱਟੋ-ਘੱਟ ਸਮੱਰਥਨ ਮੁੱਲ ਦੇ ਹੇਠਾਂ ਵਿਕੀ * ਕਿਸਾਨਾਂ ਤੋਂ ਕਣਕ ਵਿੱਚ ਪ੍ਰਤੀ ਕਵਿੰਟਲ 250 ਤੋਂ 300 ਰੁਪਏ ਠੱਗੇ ਜਾ ਰਹੇ ਹਨ * ਕਿਸਾਨ ਲੀਡਰਾਂ ਨੇ ਕਿਹਾ-ਇਹੀ ਰੇਟ ਚੱਲਦਾ ਰਿਹਾ ਤਾਂ ਪੂਰੇ ਸੀਜ਼ਨ ਵਿੱਚ ਕਿਸਾਨਾਂ ਤੋਂ 4 ਹਜ਼ਾਰ 950 ਰੁਪਏ ਦੀ ਲੁੱਟ ਹੋਣ ਦੀ ਸੰਭਾਵਨਾ
‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):-ਐੱਮਐੱਸਪੀ ਦੇ ਆਧਾਰ ‘ਤੇ ਕਿਸਾਨਾਂ ਤੋਂ ਫਸਲ ਖਰੀਦਣ ਵੇਲੇ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ ਕਿਸ ਹੱਦ ਤੱਕ ਲੁੱਟ ਮਚਾਈ ਜਾ ਰਹੀ ਹੈ, ਇਸਦਾ ਖੁਲਾਸਾ ਕਿਸਾਨਾਂ ਵੱਲੋਂ ਐੱਮਐੱਸਪੀ ਲੁੱਟ ਕੈਲਕੁਲੇਟਰ ਵਿੱਚ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਸਰਕਾਰ ਨੇ ਕਣਕ ਦਾ ਐੱਮਐੱਸਪੀ 1975 ਰੁਪਏ ਪ੍ਰਤੀ ਕਵਿੰਟਲ ਤੈਅ ਕੀਤਾ ਹੈ, ਪਰ ਦੇਸ਼ ਦੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਨੂੰ 1703 ਪ੍ਰਤੀ ਕਵਿੰਟਲ ਰੇਟ ਮਿਲ ਰਿਹਾ ਹੈ। ਇਸ ਤੋਂ ਜ਼ਾਹਿਰ ਹੈ ਕਿ ਕਿਸਾਨਾਂ ਤੋਂ ਪ੍ਰਤੀ ਕਵਿੰਟਲ 272 ਰੁਪਏ ਦੀ ਸਿੱਧੀ ਠੱਗੀ ਵੱਜ ਰਹੀ ਹੈ। ਜਾਣਕਾਰੀ ਅਨੁਸਾਰ ਇਹ ਅੰਕੜੇ 1 ਤੋਂ 20 ਮਾਰਚ 2021 ਤੱਕ ਲਏ ਹਨ।
ਜੈ ਕਿਸਾਨ ਅੰਦੋਲਨ ਦੇ ਸੰਸਥਾਪਕ ਯੋਗਿੰਦਰ ਯਾਦਵ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਇਹ ਅੰਕੜੇ ਦਿੰਦਿਆਂ ਦੱਸਿਆ ਕਿ 1 ਮਾਰਚ ਤੋਂ 20 ਦਰਮਿਆਨ ਕਿਸਾਨ ਨੂੰ ਬਾਜਰਾ ਐੱਮਐੱਸਪੀ ਤੋਂ ਹੇਠਾਂ ਵੇਚਣ ਦੀ ਵਜ੍ਹਾ ਕਾਰਨ ਸ਼ੁਰੂਆਤ ਵਿੱਚ ਹੀ 205 ਕਰੋੜ ਰੁਪਏ ਦਾ ਘਾਟਾ ਪਿਆ ਸੀ। ਇਹੀ ਹਾਲ ਚੱਲਦਾ ਰਿਹਾ ਤਾਂ ਇਸ ਸੀਜ਼ਨ ਵਿੱਚ ਸਿਰਫ ਕਣਕ ਦੀ ਫਸਲ ਚ ਕਿਸਾਨ ਨੂੰ 4 ਹਜ਼ਾਰ 950 ਰੁਪਏ ਦੀ ਸਰਕਾਰੀ ਠੱਗੀ ਸਹਿਣੀ ਪੈ ਸਕਦੀ ਹੈ। ਹਾਲਾਂਕਿ ਹਰਿਆਣਾ ਤੇ ਪੰਜਾਬ ਚ ਹੋਰ ਖਰੀਦ ਹੋਣ ਤੇ ਇਸ ਸਥਿਤੀ ਵਿੱਚ ਕੁੱਝ ਸੁਧਾਰ ਦੀ ਗੁੰਜਾਇਸ਼ ਹੈ ਪਰ ਇਹ ਸੁਧਾਰ ਵੀ ਬਹੁਤ ਥੋੜ੍ਹਾ ਹੋਵੇਗਾ।
ਹਾੜੀ ਦੀ ਫਸਲ ਦੇ ਇਸ ਸੀਜ਼ਨ ਚ ਪਿਛਲੇ 20 ਦਿਨਾਂ ਦੇ ਅੰਕੜਿਆਂ ਦੇ ਅਨੁਸਾਰ ਕਿਸਾਨ ਦੀ 87.5 ਫੀਸਦ ਕਣਕ ਐੱਮਐੱਸਪੀ ਦੇ ਮੁੱਲ ਤੋਂ ਹੇਠਾਂ ਵਿਕੀ ਹੈ।
ਯੋਗਿੰਦਰ ਯਾਦਵ ਨੇ ਕਿਹਾ ਕਿ ਇਹ ਸਾਰੇ ਅੰਕੜੇ ਸਰਕਾਰ ਦੇ ਐੱਮਐੱਸਪੀ ਦੇ ਪ੍ਰੋਪੇਗੰਡਿਆਂ ਨੂੰ ਕਰਾਰਾ ਜਵਾਬ ਹਨ।
ਉਨ੍ਹਾਂ ਐੱਮਐੱਸਪੀ ਲੁੱਟ ਕੈਲਕੁਲੇਟਰ ਦੇ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਖੁਲਾਸਾ ਕਰਨ ਵਾਲੇ ਇਹ ਅੰਕੜੇ ਸਰਕਾਰ ਦੀ ਆਪਣੀ ਵੈਬਸਾਈਟ ਐੱਗਮਾਰਕ ਨੈੱਟ ਤੋਂ ਲਏ ਗਏ ਹਨ। ਇਸਦਾ ਟੀਚਾ ਸਰਕਾਰ ਦੇ ਐੱਮਐੱਸਪੀ ‘ਤੇ ਝੂਠੇ ਪ੍ਰਚਾਰ ਦਾ ਪਰਦਾਫਾਸ਼ ਕਰਨਾ ਹੈ।