India

ਸ਼ਿਵ ਸੈਨਾ ਦੇ ਲੀਡਰ ਸੰਜੈ ਰਾਊਤ ਨੇ ਦੱਸਿਆ ਹਿੰਦੂ ਧਰਮ ਦਾ ਸਹੀ ਅਰਥ

‘ਦ ਖ਼ਾਲਸ ਬਿਊਰੋ :- ਉੱਤਰ ਪ੍ਰਦੇਸ਼ ਦੇ ਮੰਦਰ ਵਿੱਚ ਪਾਣੀ ਪੀਣ ਕਾਰਨ ਮੁਸਲਿਮ ਲੜਕੇ ਨੂੰ ਬੇਰਹਿਮੀ ਨਾਲ ਕੁੱਟੇ ਜਾਣ ਦੀ ਘਟਨਾ ’ਤੇ ਸ਼ਿਵ ਸੈਨਾ ਦੇ ਲੀਡਰ ਸੰਜੈ ਰਾਊਤ ਨੇ ਨਰਾਜ਼ਗੀ ਜ਼ਾਹਿਰ ਕਰਦਿਆਂ ਸਵਾਲ ਪੁੱਛਿਆ ਕਿ ‘ਇਹ ਕਿਹੋ ਜਿਹਾ ਰਾਮ ਰਾਜ ਹੈ?’ ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਸਾਫ਼ ਹੈ ਕਿ ਕੁੱਝ ਲੋਕ ਫਿਰਕੂ ਧਰੁਵੀਕਰਨ ਵਿੱਚ ਪੈ ਕੇ ਭਾਰਤ ਦੀ ਦਿਖ ਨੂੰ ਵਿਗਾੜਨ ਦੇ ਰਾਹ ਪਏ ਹੋਏ ਹਨ। ਰਾਊਤ ਨੇ ਸੈਨਾ ਦੇ ਅਖ਼ਬਾਰ ‘ਸਾਮਨਾ’ ਵਿੱਚ ਆਪਣੇ ਹਫ਼ਤਾਵਾਰੀ ਕਾਲਮ ‘ਰੋਕਠੋਕ’ ਵਿੱਚ ਕਿਹਾ ਕਿ, ‘ਇਹ ਘਟਨਾ ਉਸ ਜ਼ਮੀਨ ’ਤੇ ਹੋਈ ਹੈ, ਜਿੱਥੇ ਭਗਵਾਨ ਰਾਮ ਨੂੰ ਸਮਰਪਿਤ ਮੰਦਰ ਬਣ ਰਿਹਾ ਹੈ। ਇਹ ਕਿਹੋ ਜਿਹਾ ਰਾਮ ਰਾਜ ਹੈ? ਅਸੀਂ ਕਿਸ ਤਰ੍ਹਾਂ ਦੇ ਹਿੰਦੂ ਧਰਮ ਦੀ ਨੁਮਾਇੰਦਗੀ ਕਰਦੇ ਹਾਂ?’

ਰਾਊਤ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਮਮਤਾ ਬੈਨਰਜੀ ਨੂੰ ਹਿੰਦੂ ਵਿਰੋਧੀ ਸੱਦਿਆ ਜਾਂਦਾ ਹੈ, ਕਿਉਂਕਿ ਉਹ ‘ਜੈ ਸ੍ਰੀ ਰਾਮ’ ਦਾ ਨਾਅਰਾ ਲਾਉਣ ਤੋਂ ਇਨਕਾਰੀ ਹੈ। ਪਰ ਨੌਜਵਾਨ ਲੜਕੇ ਨੂੰ ਪਾਣੀ ਪੀਣ ਤੋਂ ਇਨਕਾਰ ਕਰਨਾ ਅਤੇ ਬੇਰਹਿਮੀ ਨਾਲ ਕੁੱਟਣਾ ਵੀ ਹਿੰਦੂ ਵਿਰੋਧੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਦੇ ਹਨ, ਇਸ ਲਈ ਆਸ ਕਰਦੇ ਹਾਂ ਕਿ ਉਹ ਇਸ ਮੁੱਦੇ ’ਤੇ ਵੀ ਬੋਲਣਗੇ। ਅਸੀਂ ਮੁਸਲਮਾਨਾਂ ਖ਼ਿਲਾਫ਼ ਨਹੀਂ, ਬਲਕਿ ਪਾਕਿਸਤਾਨ ਖ਼ਿਲਾਫ਼ ਹਾਂ। ਉੱਤਰ ਪ੍ਰਦੇਸ਼, ਬਿਹਾਰ, ਆਸਾਮ ਅਤੇ ਪੱਛਮੀ ਬੰਗਾਲ ਦੀਆਂ ਚੋਣਾਂ ਜਿੱਤਣ ਲਈ ਹੀ ਫਿਰਕੂ ਧਰੁਵੀਕਰਨ ਕੀਤਾ ਜਾ ਰਿਹਾ ਹੈ।’