‘ਦ ਖ਼ਾਲਸ ਬਿਊਰੋ : ਆਪ ਵਿਧਾਇਕਾ ਬਲਜਿੰਦਰ ਕੌਰ ਨੂੰ ਪੰਜਾਬ ਸਰਕਾਰ ਨੇ ਕੈਬਨਿਟ ਰੈਂਕ ਦਾ ਦਰਜਾ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ਵਿੱਚ ਕੀਤਾ ਗਿਆ ਹੈ। ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਨੂੰ ਹੁਣ ਇਸ ਫੈਸਲੇ ਤੋਂ ਬਾਅਦ ਕੈਬਨਿਟ ਮੰਤਰੀਆਂ ਦੇ ਬਰਾਬਰ ਤਨਖਾਹ ਅਤੇ ਸਾਰੇ ਭੱਤੇ ਮਿਲਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵਿਧਾਇਕਾ ਨੂੰ ਚੀਫ ਆਫ ਵ੍ਹਿਪ ਬਣਾਇਆ ਗਿਆ ਸੀ।
ਕੈਬਨਿਟ ਨੇ ਹੋਰਨਾਂ ਸੂਬਿਆਂ ਵਾਂਗ ਚੀਫ਼ ਵ੍ਹਿਪ ਨੂੰ ਤਨਖ਼ਾਹ, ਭੱਤੇ ਅਤੇ ਸਹੂਲਤਾਂ ਦੇਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ‘ਆਪ’ ਸਰਕਾਰ ਆਉਂਦੇ ਦਿਨਾਂ ਵਿਚ ਮੰਤਰੀ ਮੰਡਲ ਵਿੱਚ ਵਾਧਾ ਕਰ ਸਕਦੀ ਹੈ,ਜਿਸ ਵਿੱਚ ਪ੍ਰੋ. ਬਲਜਿੰਦਰ ਕੌਰ ਨੂੰ ਮੰਤਰੀ ਬਣਾਏ ਜਾਣ ਦੀ ਚਰਚਾ ਵੀ ਹੈ।
ਜ਼ਿਕਰਯੋਗ ਹੈ ਕਿ ਪਹਿਲੀ ਕੈਬਿਨਟ ਦੇ ਗਠਨ ਵੇਲੇ ਪ੍ਰੋ. ਬਲਜਿੰਦਰ ਕੌਰ ਵੱਲੋਂ ਮੰਤਰੀ ਵਜੋਂ ਕੈਬਨਿਟ ’ਚ ਸ਼ਾਮਿਲ ਨਾ ਕੀਤੇ ਜਾਣ ਕਾਰਨ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਗਈ ਸੀ। ਪਿਛਲੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਪ੍ਰੋ. ਬਲਜਿੰਦਰ ਕੌਰ ਨੂੰ ਪਾਰਟੀ ਤਰਫ਼ੋਂ ਚੀਫ਼ ਵ੍ਹਿਪ ਬਣਾਇਆ ਗਿਆ ਸੀ। ਪ੍ਰੋ. ਬਲਜਿੰਦਰ ਕੌਰ ਨੂੰ ਪਿਛਲੇ ਦਿਨਾਂ ਦੌਰਾਨ ਮੰਤਰੀ ਪੱਧਰ ਦੀ ਸਰਕਾਰੀ ਰਿਹਾਇਸ਼ ਅਲਾਟ ਕੀਤੇ ਜਾਣ ਦੇ ਵੀ ਚਰਚੇ ਸਨ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਚੀਫ਼ ਵ੍ਹਿਪ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤੇ ਦੇ ਨਾਲ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲਦੀ,ਸਰਕਾਰੀ ਰਿਹਾਇਸ਼ ਮਿਲਦੀ ਹੈ ਅਤੇ ਇਸ ਤੋਂ ਇਲਾਵਾ ਹਲਕਾ ਭੱਤਾ, ਸਕੱਤਰੇਤ ਭੱਤਾ ਵੀ ਮਿਲਦਾ ਹੈ। ਹੋਰ ਸੁਵਿਧਾਵਾਂ ਚ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਟੈਲੀਫ਼ੋਨ ਖਰਚਾ,ਸਰਕਾਰੀ ਗੱਡੀ ਤੇ ਪੰਜਾਬ ਤੋਂ ਬਾਹਰ ਸਟੇਟ ਗੈਸਟ ਦਾ ਮਿਲਣ ਵਾਲਾ ਰੁਤਬਾ ਵੀ ਸ਼ਾਮਲ ਹੈ।