The Khalas Tv Blog Punjab ਪੰਜਾਬ ਦੀਆਂ ਖੰਡ ਮਿੱਲਾਂ ਲਈ ਚੰਨੀ ਸਰਕਾਰ ਦਾ ਵੱਡਾ ਫੈਸਲਾ
Punjab

ਪੰਜਾਬ ਦੀਆਂ ਖੰਡ ਮਿੱਲਾਂ ਲਈ ਚੰਨੀ ਸਰਕਾਰ ਦਾ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਦੇ ਖੇਤੀ ਸੈਕਟਰ ਨੂੰ ਵੱਡੀ ਰਾਹਤ ਦਿੱਤੀ ਹੈ। ਚੰਨੀ ਨੇ ਗੰਨੇ ਦੇ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਵਿੱਚ 50 ਰੁਪਏ ਪ੍ਰਤੀ ਕੁਇੰਟਲ ਵਾਧੇ ਦਾ 30 ਫੀਸਦੀ ਹਿੱਸਾ ਪ੍ਰਾਈਵੇਟ ਖੰਡ ਮਿੱਲ ਮਾਲਕ ਜਦਕਿ ਬਾਕੀ 70 ਫ਼ੀਸਦੀ ਸੂਬਾ ਸਰਕਾਰ ਵੱਲੋਂ ਸਹਿਣ ਕਰਨ ਦਾ ਐਲਾਨ ਕੀਤਾ ਹੈ। ਜਾਣਕਾਰੀ ਮੁਤਾਬਕ ਸਾਲ 2021-22 ਵਿੱਚ ਗੰਨੇ ਦਾ ਭਾਅ 310 ਰੁਪਏ ਤੋਂ ਪ੍ਰਤੀ ਕੁਇੰਟਲ ਤੋਂ ਵਧਾ ਕੇ 360 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਸੀ। ਹੁਣ ਗੰਨੇ ਦੇ 360 ਰੁਪਏ ਪ੍ਰਤੀ ਕੁਇੰਟਲ ਦੇ ਕੁੱਲ ਭਾਅ ਵਿੱਚੋਂ 325 ਰੁਪਏ ਪ੍ਰਤੀ ਕੁਇੰਟਲ ਪ੍ਰਾਈਵੇਟ ਖੰਡ ਮਿੱਲਾਂ ਅਦਾ ਕਰਨਗੇ ਜਦਕਿ ਬਾਕੀ ਰੁਪਏ 35 ਰੁਪਏ ਪ੍ਰਤੀ ਕੁਇੰਟਲ ਸਰਕਾਰੀ ਖਜ਼ਾਨੇ ਵੱਲੋਂ ਸਹਿਣ ਕੀਤਾ ਜਾਵੇਗਾ।

ਖੰਡ ਮਿੱਲਾਂ ਛੇਤੀ ਤੋਂ ਛੇਤੀ ਚਾਲੂ ਕਰਵਾਉਣ ਲਈ ਕੁੱਝ ਦਿਨਾਂ ਪਹਿਲਾਂ ਕਿਸਾਨਾਂ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ ਪਰ ਮਿੱਲ ਮਾਲਕ 50 ਰੁਪਏ ਪ੍ਰਤੀ ਕੁਇੰਟਲ ਦਾ ਬੋਝ ਚੁੱਕਣ ਤੋਂ ਇਨਕਾਰ ਕਰ ਰਹੇ ਸਨ। ਇਸ ਖੜ੍ਹੋਤ ਨੂੰ ਖਤਮ ਕਰਨ ਲਈ ਚੰਨੀ ਨੇ ਕੱਲ੍ਹ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਮਿਲ ਕੇ ਨਿੱਜੀ ਖੰਡ ਮਿੱਲ ਮਾਲਕਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸਾਂਝੇ ਰੂਪ ਵਿੱਚ ਭਾਅ ਦਾ 70 ਫੀਸਦੀ ਬੋਝ ਸੂਬਾ ਸਰਕਾਰ ਅਤੇ 30 ਫੀਸਦੀ ਪ੍ਰਾਈਵੇਟ ਸ਼ੂਗਰ ਮਿੱਲ ਮਾਲਕਾਂ ਦੁਆਰਾ ਸਹਿਣ ਕੀਤਾ ਜਾਵੇਗਾ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਮਿੱਲਾਂ ਛੇਤੀ ਕਾਰਜਸ਼ੀਲ ਕਰਨ ਵਾਸਤੇ ਤਿਆਰੀ ਕਰਨ ਦੇ ਹੁਕਮ ਦਿੱਤੇ, ਜਿਸ ‘ਤੇ ਮਿੱਲ ਮਾਲਕਾਂ ਨੇ ਮਿੱਥੇ ਸਮੇਂ ‘ਤੇ ਕੰਮ ਸ਼ੁਰੂ ਕਰਨ ਲਈ ਸਹਿਮਤੀ ਪ੍ਰਗਟਾਈ।

Exit mobile version