Punjab

ਪੰਜਾਬ ਪੁਲਿਸ ‘ਚ ਵੱਡੇ ਭਰਤੀ ਘੁਟਾਲੇ ਦਾ ਪਰਦਾਫਾਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਅੱਜ ਸਮਾਜਿਕ ਕਾਰਕੁੰਨ ਲੱਖਾ ਸਿਧਾਣਾ, ਕਿਸਾਨ ਲੀਡਰ ਬੂਟਾ ਸਿੰਘ ਸ਼ਾਦੀਪੁਰ ਅਤੇ ਕਿਰਪਾਲ ਸਿੰਘ ਸਮੇਤ ਕਈ ਹੋਰ ਕਿਸਾਨ ਅਤੇ ਸਮਾਜਿਕ ਲੀਡਰਾਂ ਵੱਲੋਂ ਪੰਜਾਬ ਪੁਲਿਸ ਵਿੱਚ ਹੋਈ ਭਰਤੀ ਨੂੰ ਲੈ ਵੱਡਾ ਖੁਲਾਸਾ ਕੀਤਾ ਗਿਆ। ਸਮਾਜਿਕ ਕਾਰਕੁੰਨ ਲੱਖਾ ਸਿਧਾਣਾ ਵੱਲੋਂ ਪਿਛਲੇ ਦਿਨੀਂ ਹੋਈਆਂ ਪੰਜਾਬ ਪੁਲਿਸ ਦੀਆਂ ਪ੍ਰੀਖਿਆਵਾਂ ਵਿੱਚ ਹੋਏ ਵੱਡੇ ਘਪਲੇ ਤੋਂ ਪਰਦਾ ਚੁੱਕਦਿਆਂ ਕਿਹਾ ਕਿ ਪੰਜਾਬ ਪੁਲਿਸ ਵਿੱਚ 300 ਬੰਦਾ ਭਰਤੀ ਕੀਤਾ ਗਿਆ ਹੈ। ਇਸ ਭਰਤੀ ਵਿੱਚ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਵੀ ਭਰਤੀ ਕੀਤੇ ਗਏ ਹਨ। ਗੈਰ ਪੰਜਾਬੀਆਂ ਦੀ ਕੀਤੀ ਗਈ ਭਰਤੀ ਵਿੱਚ ਕੁੱਲ 5 ਡੀਐੱਸਪੀ, 44 ਇੰਸਪੈਕਟਰ, 21 ਸਬ ਇੰਸੈਪਕਟਰ, 40 ਏਐੱਸਆਈ, 78 ਹੌਲਦਾਰ ਅਤੇ 112 ਸਿਪਾਹੀ ਭਰਤੀ ਕੀਤੇ ਗਏ ਹਨ।

ਸਰਕਾਰ ਨੂੰ ਕੀਤੀਆਂ ਇਹ ਮੰਗਾਂ

ਲੱਖਾ ਸਿਧਾਣਾ ਨੇ ਸਰਕਾਰ ਨੂੰ ਪੰਜਾਬ ਪੁਲਿਸ ਵਿੱਚ 300 ਗੈਰ ਪੰਜਾਬੀਆਂ ਦੀ ਕੀਤੀ ਗਈ ਭਰਤੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਗੈਰ ਪੰਜਾਬੀਆਂ ਨੂੰ ਭਰਤੀ ਕਰਨ ਵਾਲੇ ਅਫ਼ਸਰਾਂ ਅਤੇ ਸਿਆਸੀ ਲੀਡਰਾਂ ਖਿਲਾਫ਼ ਜਾਂਚ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਬਾਕੀ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਨੌਕਰੀਆਂ ਵਿੱਚ ਪੰਜਾਬੀਆਂ ਲਈ 80 ਫ਼ੀਸਦੀ ਰਾਖਵਾਂਕਰਨ ਰੱਖਣ ਦੀ ਮੰਗ ਕੀਤੀ। ਲੱਖਾ ਸਿਧਾਣਾ ਨੇ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦੀ ਸਿਕਿਓਰਿਟੀ ਡੈਪੂਟੇਸ਼ਨ ‘ਤੇ ਹੈ ਤਾਂ ਪੰਜਾਬ ਵਿੱਚ ਗੈਰ ਪੰਜਾਬੀਆਂ ਦੀ ਪੱਕੀ ਭਰਤੀ ਕਿਉਂ ਕੀਤੀ ਗਈ ਹੈ।

ਇਨ੍ਹਾਂ ਨੂੰ ਕੀਤਾ ਗਿਆ ਭਰਤੀ

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਪੰਜਾਬ ਪੁਲਿਸ ਵਿੱਚ 300 ਗੈਰ ਪੰਜਾਬੀ ਭਰਤੀ ਕਰਕੇ ਪੰਜਾਬੀਆਂ ਦੇ ਹੱਕਾਂ ‘ਤੇ ਡਾਕਾ ਮਾਰਿਆ ਹੈ। ਪੰਜਾਬ ਪੁਲਿਸ ਵਿੱਚ ਇੱਕ ਸਾਜਿਸ਼ ਤਹਿਤ ਸਿਪਾਹੀ ਤੋਂ ਲੈ ਕੇ ਡੀਐੱਸਪੀ ਰੈਂਕ ਤੱਕ ਗੈਰ ਪੰਜਾਬੀ ਭਰਤੀ ਕੀਤੇ ਗਏ ਹਨ। ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਆਦਿ ਸੂਬਿਆਂ ਤੋਂ ਗੈਰ ਪੰਜਾਬੀ ਮੁਲਾਜ਼ਮ ਭਰਤੀ ਕੀਤੇ ਗਏ ਹਨ। ਇੱਕ ਵੀ ਪੰਜਾਬੀ ਨੂੰ ਭਰਤੀ ਨਹੀਂ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਦੀ ਸਿਕਿਓਰਿਟੀ ਵਿੱਚੋਂ 300 ਗੈਰ ਪੰਜਾਬੀਆਂ ਦੀ ਸਿੱਧੀ ਭਰਤੀ ਕੀਤੀ ਗਈ ਹੈ।

ਪੰਜਾਬੀਆਂ ਨੂੰ ਨਜ਼ਰ ਅੰਦਾਜ਼ ਕਰਕੇ ਕਿਉਂ ਕੀਤੀ ਗਈ ਗੈਰ ਪੰਜਾਬੀਆਂ ਦੀ ਭਰਤੀ

ਲੱਖਾ ਸਿਧਾਣਾ ਨੇ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੇਂਦਰੀ ਗ੍ਰਹਿ ਗ੍ਰਹਿ ਮੰਤਰਾਲਾ ਪੈਰਾਮਿਲਟਰੀ ਫੋਰਸ ਤੋਂ ਡੈਪੂਟੇਸ਼ਨ ‘ਤੇ ਮੁਲਾਜ਼ਮ ਅਤੇ ਅਧਿਕਾਰੀ ਮੰਗਵਾ ਕੇ ਸਕਿਉਰਿਟੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਫਿਰ ਪੰਜਾਬ ਵਿੱਚ ਗੈਰ ਪੰਜਾਬੀਆਂ ਦੀ ਸਿੱਧੀ ਭਰਤੀ ਕਰਨ ਦੀ ਕੀ ਲੋੜ ਸੀ। ਜਦ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਹੀ ਜ਼ੈੱਡ ਪਲੱਸ ਸਕਿਓਰਿਟੀ ਮੁਹੱਈਆ ਕਰਵਾਉਂਦਾ ਹੈ ਤਾਂ ਫਿਰ ਪੰਜਾਬ ਸਰਕਾਰ ਨੂੰ ਵਿਸ਼ੇਸ਼ ਭਰਤੀ ਕਰਨ ਦੀ ਕੀ ਲੋੜ ਸੀ। ਪੰਜਾਬ ਸਰਕਾਰ ਨੂੰ ਜੇ ਲੋੜ ਮਹਿਸੂਸ ਹੁੰਦੀ ਸੀ ਤਾਂ ਡੈਪੂਟੇਸ਼ਨ ‘ਤੇ ਸਿਕਿਓਰਿਟੀ ਲਈ ਜਾ ਸਕਦੀ ਸੀ ਪਰ ਪੰਜਾਬੀਆਂ ਨੂੰ ਨਜ਼ਰਅੰਦਾਜ਼ ਕਰਕੇ ਕਿਉਂ ਗੈਰ ਪੰਜਾਬੀਆਂ ਦੀ ਭਰਤੀ ਕੀਤੀ ਗਈ। ਇਸਦਾ ਜਵਾਬ ਬਾਦਲ ਦਲ ਅਤੇ ਕਾਂਗਰਸ ਪਾਰਟੀ ਨੂੰ ਦੇਣਾ ਚਾਹੀਦਾ ਹੈ।

ਕੀ ਹੈ SPU ਲਈ ਚੋਣ ਪ੍ਰਕਿਰਿਆ

“ਸਪੈਸ਼ਲ ਪ੍ਰੋਟੈਕਸ਼ਨ ਯੂਨਿਟ (SPU)” ਲਈ ਮਨਜ਼ੂਰ ਅਸਾਮੀਆਂ ਸਿਰਫ਼ 12 ਹਨ, ਜਿਨ੍ਹਾਂ ਵਿੱਚ 7 ਐੱਸਪੀ, 4 ਡੀਐੱਸਪੀ ਅਤੇ 1 ਡੀਆਈਜੀ ਰੈਂਕ ਦਾ ਅਧਿਕਾਰੀ ਹੈ ਜਦਕਿ ਬਾਕੀ ਮੁਲਾਜ਼ਮ ਸਿਕਿਓਰਿਟੀ ਲਈ ਜ਼ਿਲ੍ਹਾ ਪੁਲਿਸ, ਪੰਜਾਬ ਪੁਲਿਸ ਅਤੇ ਪੀਏਪੀ ਤੋਂ ਲਏ ਜਾਂਦੇ ਹਨ। ਸਾਲ 2013 ਵਿੱਚ ਅਕਾਲੀ-ਭਾਜਪਾ ਸਰਕਾਰ ਵੇਲੇ ਸਪੈਸ਼ਲ ਪ੍ਰਟੈਕਸ਼ਨ ਯੂਨਿਟ ਲਈ 300 ਨਵੀਂ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਸਾਲ 2013 ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਇਹ ਮਨਜ਼ੂਰੀ ਦਿੱਤੀ ਗਈ ਕਿ 300 ਮੁਲਾਜ਼ਮਾਂ ਵਿੱਚ ਪੰਜਾਬੀ ਗੱਭਰੂਆਂ ਦੀ ਬਜਾਏ ਉਹ ਮੁਲਾਜ਼ਮ ਭਰਤੀ ਕੀਤੇ ਜਾਣ, ਜੋ ਐੱਸਪੀਜ਼ (ਪ੍ਰਧਾਨ ਮੰਤਰੀ ਦੀ ਸਿਕਿਓਰਿਟੀ) ਵਿੱਚ ਕੰਮ ਕਰ ਚੁੱਕੇ ਹੋਣ।

ਪੰਜਾਬ ਪੁਲਿਸ ਐਕਟ, 2007 ਅਨੁਸਾਰ ਸਿਰਫ ਚਾਰ ਕੇਡਰਾਂ ਜ਼ਿਲ੍ਹਾ ਪੁਲਿਸ, ਪੀਏਪੀ, ਇੰਟੈਲੀਜੈਂਸ ਵਿੰਗ ਅਤੇ ਟੈਕਨੀਕਲ ਵਿੰਗ ਵਿੱਚ ਹੀ ਭਰਤੀ ਹੋ ਸਕਦੀ ਹੈ ਪਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਰਲ-ਮਿਲ ਕੇ ਐਕਟ ਦੀਆਂ ਧੱਜੀਆਂ ਉਡਾਉਂਦਿਆਂ ਰੱਖੇ ਗਏ 300 ਗੈਰ ਪੰਜਾਬੀਆਂ ਨੂੰ ਉਕਤ ਕੇਡਰਾਂ ਵਿੱਚ ਹੀ ਅਡਜਸਟ ਕਰ ਦਿੱਤਾ। ਜਦਕਿ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ 2013 ਤੋਂ ਲੈ ਕੇ 2021 ਤੱਕ ਜਿੰਨੀ ਵੀ ਵੱਖ-ਵੱਖ ਮਹਿਕਮਿਆਂ ਵਿੱਚ ਭਰਤੀ ਹੋਈ ਹੈ, ਉਨ੍ਹਾਂ ਨੂੰ ਬੇਸਿਕ ਪੇਅ ਹੀ ਦਿੱਤੀ ਜਾ ਰਹੀ ਹੈ।

ਲੱਖਾ ਸਿਧਾਣਾ ਨੇ ਕਿਹਾ ਕਿ 20 ਕਰੋੜ ਦੀ ਤਨਖਾਹ ਇਨ੍ਹਾਂ ‘ਤੇ ਹੀ ਖਰਚ ਹੁੰਦੀ ਹੈ। ਇਨ੍ਹਾਂ ਨੂੰ ਸਰਕਾਰੀ ਰਿਹਾਇਸ਼ ਦਿੱਤੀ ਹੋਈ ਹੈ। ਇਨ੍ਹਾਂ ਉੱਤੇ ਕੋਈ ਪਰਖ ਟਾਈਮ ਨਹੀਂ ਸੀ। ਇਹ ਬਾਦਲ-ਭਾਜਪਾ ਸਰਕਾਰ ਵੇਲੇ ਤੋਂ ਹਨ। ਉਨ੍ਹਾਂ ਕਿਹਾ ਕਿ ਸਬ-ਇੰਸਪੈਕਟਰ ਦੀ 45 ਅਸਾਮੀਆਂ ਸਨ ਪਰ ਇਹੀ ਲੋਕ ਪਰਮੋਟ ਹੋ ਰਹੇ ਹਨ। ਇਨ੍ਹਾਂ ਦੀ ਕੈਬਨਿਟ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਇਨ੍ਹਾਂ ਨੂੰ ਭਾਸ਼ਾ ਦੀ ਵੀ ਛੋਟ ਦੇ ਦਿੱਤੀ ਗਈ ਹੈ। ਕੈਬਨਿਟ ਨੇ ਇਨ੍ਹਾਂ ਨੂੰ ਸਾਰਾ ਕੁੱਝ ਮੁਆਫ਼ ਕਰ ਦਿੱਤਾ ਹੈ। ਬਾਦਲ ਸਰਕਾਰ ਨੇ ਸਿੱਧੀ ਭਰਤੀ ਬੰਦ ਕੀਤੀ ਹੋਈ ਹੈ ਪਰ ਇਨ੍ਹਾਂ ‘ਤੇ ਇਸ ਤਰ੍ਹਾਂ ਦੀ ਕੋਈ ਪਾਬੰਦੀ ਲਾਗੂ ਨਹੀਂ ਹੁੰਦੀ। ਕੋਈ ਰਾਖਵਾਂ ਕੋਟਾ ਵੀ ਨਹੀਂ ਰੱਖਿਆ ਗਿਆ। ਲੱਖਾ ਸਿਧਾਣਾ ਨੇ ਕਿਹਾ ਕਿ ਚੋਰ ਮੋਰੀਆਂ ਨਾਲ ਪੰਜਾਬ ਪਲਿਸ ਵਿੱਚ ਦੂਜੇ ਸੂਬਿਆਂ ਦੇ ਬੰਦੇ ਭਰਤੀ ਹੋਏ ਹਨ। ਇਸ ਵੇਲੇ 8 ਬੰਦੇ ਸੁਖਬੀਰ ਬਾਦਲ ਨਾਲ ਚੱਲ ਰਹੇ ਹਨ ਅਤੇ ਇਨ੍ਹਾਂ ਦੀ ਤਰੱਕੀ ਲਈ ਵੀ ਬਾਦਲ ਨੇ ਪ੍ਰਸਤਾਵ (proposal) ਬਣਾ ਕੇ ਭੇਜਿਆ ਹੈ। ਇਨ੍ਹਾਂ ਵਿੱਚ ਧਰਮਿੰਦਰ ਨਾਂ ਦੇ ਮੁਲਾਜ਼ਮ ਨੇ ਗੋਲੀ ਚਲਾ ਦਿੱਤੀ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਮਦਨ ਲਾਲ ਨਾਂ ਦੇ ਮੁਲਾਜ਼ਮ ਨੇ ਪਿਸਤੌਲ ਹੀ ਗਵਾ ਦਿੱਤਾ ਪਰ ਉਸ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ। ਕੈਪਟਨ ਸਰਕਾਰ ਨੇ 75 ਬੰਦੇ ਰਲਾ (Merge) ਦਿੱਤੇ ਕਿ ਚੰਨੀ ਇਸਦਾ ਜਵਾਬ ਦੇਣਗੇ।