‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਕੋਰੋਨਾਵਾਇਰਸ ਤੋਂ ਬਚਾਅ ਲਈ ਹਰ ਕੋਈ ਸਾਵਧਾਨੀਆਂ ਵਰਤ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਕੋਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਅਜਿਹੇ ਵਿੱਚ ਕੋਰੋਨਾ ਵਾਇਰਸ ਤੋਂ ਛੁਟਕਾਰਾ ਪਾਉਣ ਲਈ ਹੁਣ ਇਕਮਾਤਰ ਉਮੀਦ ਕੋਰੋਨਾ ਵੈਕਸੀਨ ‘ਤੇ ਹੈ। ਅਜਿਹੇ ਹਾਲਾਤਾਂ ‘ਚ ਅਮਰੀਕਾ ਨੇ ਦਵਾਈ ਬਣਾਉਣ ਵਾਲੀ ਕੰਪਨੀ ਮੌਡਰਨਾ ਇੰਕ ਨਾਲ 100 ਮਿਲੀਅਨ ਡੋਜ਼ ਲਈ ਡੇਢ ਬਿਲੀਅਨ ਡੌਲਰ ‘ਚ ਸਮਝੌਤਾ ਕੀਤਾ ਹੈ।
ਅਮਰੀਕਾ ਪਿਛਲੇ ਹਫ਼ਤਿਆ ਤੋਂ ਕੋਵਿਡ-19 ਦੀਆਂ ਸੈਂਕੜੇ ਦਵਾਈਆਂ ਸਬੰਧੀ ਕਈ ਕੰਪਨੀਆਂ ਨਾਲ ਸਮਝੌਤਾ ਕਰ ਚੁੱਕਾ ਹੈ। ਵਾਈਟ ਹਾਊਸ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਇਸ ਸਾਲ ਦੇ ਅੰਤ ਤੱਕ ਕੋਰੋਨਾ ਵੈਕਸੀਨ ਦੀ ਡਿਲੀਵਰੀ ਦੇਣਾ ਹੈ।
ਮੌਡਰਨਾ ਵੱਲੋਂ ਬਣਾਈ ਜਾਣ ਵਾਲੀ ਡੋਜ਼ ਦੀ ਕੀਮਤ ਪ੍ਰਤੀ ਡੋਜ਼ 30.50 ਡਾਲਰ ਹੋਵੇਗੀ। ਮੌਡਰਨਾ ਦੀ ਵੈਕਸੀਨ mRNA-1273 ਉਨ੍ਹਾਂ ਵੈਕਸੀਨਜ਼ ‘ਚੋਂ ਇੱਕ ਹੈ ਜੋ ਟੈਸਟਿੰਗ ਦੇ ਆਖਰੀ ਪੜਾਅ ‘ਤੇ ਹਨ ਤੇ ਸਤੰਬਰ ‘ਚ ਇਸ ਦੇ ਪੂਰਾ ਹੋਣ ਦੀ ਉਮੀਦ ਹੈ।