India

ਦਿੱਲੀ ਬੈਠੇ ਕਿਸਾਨ ਲੀਡਰਾਂ ਦੇ ਵੱਡੇ ਐਲਾਨ, ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਵੀ ਕੀਤਾ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਕਿਸਾਨ ਜਥੇਬੰਦੀਆਂ ਨੇ ਪ੍ਰੈੱਸ ਕਾਨਫਰੰਸ ਕਰਨ ਤੋਂ ਪਹਿਲਾਂ ਆਪਸ ਵਿੱਚ 2 ਮੀਟਿੰਗਾਂ ਕੀਤੀਆਂ। ਪਹਿਲੀ ਮੀਟਿੰਗ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੀ ਹੋਈ ਅਤੇ ਦੂਜੀ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਵਿਚਕਾਰ ਹੋਈ। ਕਿਸਾਨ ਜਥੇਬੰਦੀਆਂ ਨੇ 20 ਦਸੰਬਰ ਨੂੰ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਹਰ ਪਿੰਡ ਅਤੇ ਸ਼ਹਿਰ ਵਿੱਚ ਸਵੇਰੇ 11-1 ਵਜੇ ਤੱਕ ਮੋਨ ਧਾਰਨ ਕਰਕੇ ਸ਼ਰਧਾਂਜਲੀ ਦੇਣ ਦਾ ਐਲਾਨ ਕੀਤਾ ਹੈ।

ਕਿਸਾਨੀ ਅੰਦੋਲਨ ਵਿੱਚ ਕਰੀਬ 20 ਕਿਸਾਨ ਸਾਥੀ ਸ਼ਹੀਦ ਹੋ ਗਏ ਹਨ। ਕਿਸਾਨਾਂ ਨੇ ਕਿਹਾ ਕਿ ਮੋਦੀ ਨੂੰ ਹਰ ਸ਼ਹਾਦਤ ਦਾ ਜਵਾਬ ਦੇਣਾ ਪਵੇਗਾ। ਕਿਸਾਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਕਿਸਾਨੀ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲਿਆ ਜਾਵੇਗਾ। ਪੂਰੇ ਦੇਸ਼ ਦੇ 350 ਜ਼ਿਲ੍ਹਿਆਂ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦੇਣ ਦਾ ਪ੍ਰੋਗਰਾਮ ਸਫਲ ਰਿਹਾ ਹੈ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਲਵੇ। ਕਿਸਾਨਾਂ ਨੇ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਦੀਆਂ ਹੋਈਆਂ ਸ਼ਹੀਦੀਆਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਸਬੰਧੀ ਕਿਸਾਨਾਂ ਦੇ ਭਰਮ ਵਿੱਚ ਹੋਣ ਦੇ ਦਿੱਤੇ ਗਏ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਮੋਦੀ ਖੁਦ ਭਰਮ ਵਿੱਚ ਹਨ। ਸਰਕਾਰ ਬੌਖਲਾ ਗਈ ਹੈ ਅਤੇ ਬੀਜੇਪੀ 10 ਸੂਤਰੀ ਪ੍ਰੋਗਰਾਮ ਤਿਆਰ ਕਰਨ ਦਾ ਦਾਅਵਾ ਕਰ ਰਹੀ ਹੈ ਅਤੇ ਸਰਕਾਰ ਜਨ-ਜਾਗਰਨ ਕਰਨ ਦੀਆਂ ਗੱਲਾਂ ਕਰ ਰਹੀ ਹੈ।

ਕਿਸਾਨਾਂ ਨੇ ਕਿਹਾ ਕਿ ਜੇ ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਕਿਸਾਨ ਦੀ ਹੋਂਦ ਖਤਮ ਹੋ ਜਾਵੇਗੀ।  ਅਸੀਂ ਬਿੱਲਾਂ ਵਿੱਚ ਸੋਧ ਨਹੀਂ ਚਾਹੁੰਦੇ। ਕਿਸਾਨ ਸਰਕਾਰ ਦੀ ਹਰ ਬੈਠਕ ਵਿੱਚ ਜਾਣ ਨੂੰ ਤਿਆਰ ਹੈ ਪਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੀ ਗੱਲ ਕਰੇ। ਕਿਸਾਨਾਂ ਨੇ ਕਿਹਾ ਕਿ 6 ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਕਿਸਾਨ ਨਾਲ ਗੱਲਬਾਤ ਨਹੀਂ ਕੀਤੀ। ਨਰਿੰਦਰ ਮੋਦੀ ਸਾਡੀ ਹੀ ਵੋਟ ਨਾਲ ਪ੍ਰਧਾਨ ਮੰਤਰੀ ਬਣਿਆ ਹੈ। ਕਿਸਾਨਾਂ ਨੇ ਕਿਹਾ ਕਿ ਜਿਵੇਂ ਖੇਤੀ ਬਿੱਲ ਲਿਆਂਦੇ ਗਏ ਹਨ, ਓਵੇਂ ਹੀ ਸਰਕਾਰ ਖੇਤੀ ਕਾਨੂੰਨ ਵਾਪਸ ਲਵੇ। ਮੋਦੀ ਸਰਕਾਰ ਕਿਸਾਨਾਂ ਦੇ ਐਕਸ਼ਨ ਤੋਂ ਘਬਰਾ ਗਈ ਹੈ। ਮੋਦੀ ਨੂੰ ਪਤਾ ਹੋਣਾ ਚਾਹੀਦਾ ਕਿ ਪੂਰੇ ਦੇਸ਼ ਦੇ ਕਿਸਾਨਾਂ ਨੇ ਜੰਗ ਛੇੜੀ ਹੈ।

ਹਰਿਆਣਾ ਵਿੱਚ ਸਰਕਾਰ ਨੇ ਹੁਣ SYL ਦਾ ਮੁੱਦਾ ਛੇੜ ਦਿੱਤਾ ਹੈ। ਪਹਿਲਾਂ ਤਾਂ ਸਰਕਾਰ ਨੂੰ ਇਹ ਮੁੱਦਾ ਯਾਦ ਨਹੀਂ ਆਇਆ ਸੀ। ਸਰਕਾਰ ਦੀ ਫੁੱਟ ਪਾਉਣ ਦੀ ਸਿਆਸਤ ਕਾਮਯਾਬ ਨਹੀਂ ਹੋ ਰਹੀ ਹੈ, ਇਸ ਲਈ ਸਰਕਾਰ ਹੋਛੀਆਂ ਗੱਲਾਂ ਕਰਨ ਲੱਗੀ ਹੈ। ਸਰਕਾਰ ਦਾ ਰਾਜ ਹੱਠ ਹੈ ਤਾਂ ਸਾਡਾ ਵੀ ਕਿਸਾਨ ਹੱਠ ਹੈ।

ਕਿਸਾਨਾਂ ਨੇ ਕਿਹਾ ਕਿ ਇਸ ਵਾਰ ਸਰਕਾਰ ਕਿਸਾਨ ਅੰਦੋਲਨ ਦੇ ਕਾਰਨ ਵਿੰਟਰ ਸੈਸ਼ਨ ਨਹੀਂ ਕਰ ਰਹੀ। ਸਰਕਾਰ ਨੂੰ ਲਿਖਤੀ ਜਵਾਬ ਕੱਲ ਤੱਕ ਭੇਜ ਦਿੱਤਾ ਜਾਵੇਗਾ। ਚਿੱਲਾ (ਯੂ ਪੀ) ਬਾਰਡਰ ਵੀ ਬੰਦ ਕੀਤਾ ਜਾਵੇਗਾ।