Punjab

ਭਗਵੰਤ ਸਿੰਘ ਮਾਨ ਦਾ ਪਹਿਲਾ ਵੱਡਾ ਫੈਸਲਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਗਵੰਤ ਸਿੰਘ ਮਾਨ ਨੇ ਭ੍ਰਿਸ਼ਟਾਚਾਰ ਖਿਲਾਫ਼ ਵੱਡਾ ਫੈਸਲਾ ਲਿਆ ਹੈ। ਐਂਟੀ ਕੁਰੱਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਪੰਜਾਬ ਦੇ ਲੋਕ ਸਿੱਧਾ ਇਸ ਨੰਬਰ ਉੱਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਹ ਨੰਬਰ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀ ਬਰਸੀ ਹੈ ਅਤੇ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਉੱਤੇ ਇਹ ਨੰਬਰ ਜਾਰੀ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਦੀ ਸ਼ਿਕਾਇਤ ਸਿੱਧੀ ਮੇਰੇ ਕੋਲ ਹੋਵੇਗੀ। ਮਾਨ ਨੇ ਕਿਹਾ ਕਿ ਇਹ ਮੇਰਾ ਨਿੱਜੀ ਵਟਸਐਪ ਨੰਬਰ ਹੋਵੇਗਾ। ਜੇ ਤੁਹਾਡੇ ਤੋਂ ਕੋਈ ਵੀ ਰਿਸ਼ਵਤ ਮੰਗੇ, ਉਸਨੂੰ ਇਨਕਾਰ ਨਾ ਕਰਨਾ ਬਲਕਿ ਉਸਦੀ ਵੀਡੀਓ/ਆਡੀਓ ਰਿਕਾਰਡਿੰਗ ਕਰਕੇ ਮੈਨੂੰ ਭੇਜ ਦੇਣਾ। ਭ੍ਰਿਸ਼ਟਾਚਾਰੀਆਂ ਦੇ ਖ਼ਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਗਾਰੰਟੀ ਦਿੰਦਿਆਂ ਕਿਹਾ ਕਿ ਮੇਰਾ ਦਫ਼ਤਰ ਇਸਦੀ ਪੜਤਾਲ ਕਰੇਗਾ ਅਤੇ ਦੋਸ਼ੀ ਪਾਏ ਜਾਣ ‘ਤੇ ਕੋਈ ਵੀ ਭ੍ਰਿਸ਼ਟਾਚਾਰੀ ਬਖਸ਼ਿਆ ਨਹੀਂ ਜਾਵੇਗਾ।

ਮਾਨ ਨੇ ਕਿਹਾ ਕਿ ਮੈਂ ਕਿਸੇ ਨੂੰ ਧਮਕੀ ਨਹੀਂ ਦੇ ਰਿਹਾ। ਪੰਜਾਬ ਸਰਕਾਰ ਵਿੱਚ ਕੰਮ ਕਰਦੇ 99 ਫ਼ੀਸਦੀ ਅਧਿਕਾਰੀ ਅਤੇ ਕਰਮਚਾਰੀ ਬਹੁਤ ਇਮਾਨਦਾਰ ਹਨ। ਸਿਰਫ਼ ਇੱਕ ਫ਼ੀਸਦੀ ਲੋਕ ਗਲਤ ਅਤੇ ਬੇਈਮਾਨ ਹਨ। ਇੱਕ ਮੱਛੀ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ। ਪਰ ਉਸ ਇੱਕ ਫ਼ੀਸਦੀ ਕਰਕੇ ਮੈਂ ਸਮੁੱਚੀ ਅਫਸਰਸ਼ਾਹੀ ਅਤੇ ਮੁਲਾਜ਼ਮਾਂ ਦੀ ਬਦਨਾਮੀ ਨਹੀਂ ਹੋਣ ਦੇਣੀ। ਮੈਂ ਸਾਰੇ ਇਮਾਨਦਾਰ ਅਧਿਕਾਰੀ ਅਤੇ ਕਰਮਚਾਰੀਆਂ ਦੇ ਨਾਲ ਖੜਾ ਹਾਂ ਅਤੇ ਉਨ੍ਹਾਂ ਦਾ ਸਾਥ ਮੈਂ ਦਿਆਂਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ ਭ੍ਰਿਸ਼ਟਾਚਾਰ ਨਹੀਂ ਚੱਲੇਗਾ। ਮਾਨ ਨੇ ਦਾਅਵਾ ਕੀਤਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ਼ ਕਾਰਵਾਈ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ, ਬਾਕੀ ਸਾਰੀਆਂ ਪਾਰਟੀਆਂ ਨੇ ਤਾਂ ਹੁਣ ਤੱਕ ਇਸ ਸਿਸਟਮ ਨੂੰ ਵਿਗਾੜਿਆ ਹੈ। ਆਪ ਨੂੰ ਅਜਿਹੇ ਭ੍ਰਿਸ਼ਟਾਚਾਰ ਦੇ ਪੈਸੇ ਦੀ ਲੋੜ ਨਹੀਂ, ਆਪ ਇਮਾਨਦਾਰੀ ਦੇ ਪੈਸੇ ਨਾਲ ਚੋਣਾਂ ਲੜਦੀ ਹੈ। ਮਾਨ ਨੇ ਸਾਰੇ ਅਫ਼ਸਰਾਂ, ਪੁਲਿਸ ਵਾਲਿਆਂ ਨੂੰ ਕਿਹਾ ਹੈ ਕਿ ਉਹ ਬਿਲਕੁਲ ਵੀ ਚਿੰਤਾ ਨਾ ਕਰਨ, ਹੁਣ ਤੁਹਾਨੂੰ ਉੱਪਰੋਂ ਹਫ਼ਤਿਆਂ ਦੀ ਉਗਰਾਹੀ ਲਈ, ਤਬਾਦਲਿਆਂ ਲਈ, ਪੋਸਟਿੰਗ ਲਈ ਕੋਈ ਫੋਨ ਨਹੀਂ ਆਵੇਗਾ। ਪੂਰਾ ਸਿਸਟਮ ਬਦਲ ਦਿਆਂਗੇ। ਲੋਕ, ਸਰਕਾਰ, ਅਧਿਕਾਰੀ, ਕਰਮਚਾਰੀ ਅਸੀਂ ਸਾਰੇ ਇਸ ਭ੍ਰਿਸ਼ਟ ਸਿਸਟਮ ਨੂੰ ਉਖਾੜ ਕੇ ਸੁੱਟਾਂਗੇ। ਹੁਣ ਬਿਨਾਂ ਰਿਸ਼ਵਤਖੋਰੀ ਦੇ ਸਾਰੇ ਕੰਮ ਹੋ ਜਾਣਗੇ, ਮੈਂ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਨਹੀਂ ਹੋਣ ਦਿਆਂਗੇ। ਅਸੀਂ ਮਿਲ ਕੇ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ।