‘ਦ ਖ਼ਾਲਸ ਬਿਊਰੋ : ਚਰਚਾਵਾਂ ਤੋਂ ਹਮੇਸ਼ਾ ਦੂਰ ਰਹਿਣ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਹਰਭਜਨ ਮਾਨ ‘ਤੇ 2।5 ਕਰੋੜ ਰੁਪਏ ਦੀ ਠੱਗੀ ਦਾ ਇਲਜ਼ਾਮ ਲੱਗਾ ਹੈ ਤੇ ਇਹ ਇਲਜ਼ਾਮ ਐਨਆਰਆਈ ਪੰਜਾਬੀਆਂ ਨੇ ਲਗਾਇਆ ਹੈ।ਅਰਬਪਤੀ ਐਨਆਰਆਈ ਹਰਵਿੰਦਰ ਸਿੰਘ ਸਰ੍ਹਾਂ ਅਤੇ ਦਰਸ਼ਨ ਰੰਗੀ ਨੇ ਦੋਸ਼ ਲਾਇਆ ਹੈ ਕਿ ਪੰਜਾਬੀ ਗਾਇਕ ਹਰਭਜਨ ਮਾਨ ਨੇ ਇੱਕ ਫਿਲਮ ਦੇ ਨਿਰਮਾਣ ਨੂੰ ਲੈ ਕੇ ਹਿਸਾਬ ਕਿਤਾਬ ਵਿੱਚ ਉਹਨਾਂ ਦੇ ਨਾਲ ਧੋਖਾਧੜੀ ਕੀਤੀ ਹੈ।ਇਸ ਸਬੰਧ ਵਿੱਚ ਉਹਨਾਂ ਨੇ ਮੁਹਾਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ।
ਮੁਹਾਲੀ ਅਦਾਲਤ ਨੇ ਮਾਮਲੇ ਵਿੱਚ ਗਾਇਕ ਹਰਭਜਨ ਮਾਨ ਅਤੇ ਉਸ ਦੀ ਕੰਪਨੀ ਐਚਐਚ ਰਿਕਾਰਡਜ਼ ਅਤੇ ਇੱਕ ਹੋਰ ਵਿਅਕਤੀ ਗੁਰਬਿੰਦਰ ਸਿੰਘ ਬਿੰਦੀ ਨੂੰ 9 ਜਨਵਰੀ 2023 ਤੱਕ ਦਾ ਸਮਾਂ ਆਪਣਾ ਪੱਖ ਰੱਖਣ ਲਈ ਦਿੱਤਾ ਹੈ। ਦਾਇਰ ਪਟੀਸ਼ਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਮਈ ਮਹੀਨੇ ‘ਚ ਇੱਕ ਪੰਜਾਬੀ ਫਿਲਮ “ਪੀਆਰ” ਰਿਲੀਜ਼ ਹੋਈ ਸੀ,ਜਿਸ ਵਿੱਚ ਹਰਭਜਨ ਮਾਨ ਦੀ ਕੰਪਨੀ ਅਤੇ ਸ਼ਿਕਾਇਤਕਰਤਾ ਦੋਵਾਂ ਵੱਲੋਂ ਅੱਧਾ-ਅੱਧਾ ਪੈਸਾ ਲਗਾਇਆ ਗਿਆ ਸੀ ਅਤੇ ਮੁਨਾਫਾ ਸਾਂਝਾ ਕਰਨ ਦੀ ਗੱਲ ਹੋਈ ਸੀ, ਪਰੰਤੂ ਹਾਲੇ ਤੱਕ ਨਾ ਤਾਂ ਸ਼ਿਕਾਇਤਕਰਤਾ ਨੂੰ ਕੋਈ ਮੁਨਾਫਾ ਦਿੱਤਾ ਗਿਆ ਅਤੇ ਨਾ ਹੀ ਕੋਈ ਪੈਸਾ ਵਾਪਸ ਕੀਤਾ ਗਿਆ, ਜਿਸ ਨੂੰ ਲੈ ਕੇ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ।
ਸ਼ਿਕਾਇਤਕਰਤਾ ਦਰਸ਼ਨ ਸਰ੍ਹਾਂ ਨੇ ਕਿਹਾ ਕਿ ਉਹਨਾਂ ਨੇ ‘ਪੀਆਰ’ ਫਿਲਮ ਨਾਲ ਫਿਲਮ ਨਿਰਮਾਣ ਖੇਤਰ ਵਿੱਚ ਸ਼ੁਰੂਆਤ ਕੀਤੀ ਸੀ ਪਰ ਇੰਝ ਲਗਦਾ ਹੈ ਕਿ ਉਹ ਠੱਗੇ ਗਏ ਹਨ । ਹਰਭਜਨ ਮਾਨ ਨਾਲ ਆਪਣੀ 30 ਸਾਲ ਪੁਰਾਣੀ ਵਾਕਫੀਅਤ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਫਿਲਮ ਦੇ ਨਿਰਮਾਣ ਲਈ ਉਨ੍ਹਾਂ ਆਪਣੇ ਐਨਆਰਆਈ ਦੋਸਤ ਦਰਸ਼ਨ ਰੰਗੀ ਨਾਲ ਮਿਲ ਕੇ ਨੇ ਸਾਰੰਗ ਫਿਲਮ ਪ੍ਰੋਡਕਸ਼ਨ ਕੰਪਨੀ ਬਣਾਈ ਸੀ ਅਤੇ ਪੀਆਰ ਫਿਲਮ ਬਣਾਉਣ ਦੀ ਪੇਸ਼ਕਸ਼ ਵੀ ਹਰਭਜਨ ਮਾਨ ਨੇ ਉਨ੍ਹਾਂ ਨੂੰ ਕੀਤੀ ਸੀ । 4 ਕਰੋੜ 68 ਲੱਖ ਰੁਪਏ ਬਜਟ ਵਾਲੀ ਇਸ ਫਿਲਮ ਖਰਚਾ ਉਨ੍ਹਾਂ ਦੋਵਾਂ ਵੱਲੋਂ ਅੱਧਾ ਅੱਧਾ ਕੀਤਾ ਜਾਣਾ ਸੀ।
ਪਰ ਆਪਣੇ ਹਿੱਸੇ ਦੇ 2 ਕਰੋੜ 36 ਲੱਖ ਚੈਕ ਰਾਹੀਂ ਅਦਾ ਕਰਨ ਤੋਂ ਬਾਅਦ ਉਹਨਾਂ ਦੇ ਸਾਹਮਣੇ ਇਹ ਗੱਲ ਆਈ ਕਿ ਖੁੱਦ ਹਰਭਜਨ ਮਾਨ ਨੇ ਇਸ ਫਿਲਮ ਵਿੱਚ ਇੱਕ ਵੀ ਪੈਸਾ ਨਹੀਂ ਲਗਾਇਆ ਤੇ ਫਿਲਮ ਨੂੰ ਘੱਟ ਬਜਟ ਵਿੱਚ ਹੀ ਤਿਆਰ ਕਰ ਲਿਆ। ਇਥੋਂ ਤੱਕ ਕਿ ਉਹਨਾਂ ਨੂੰ ਹਰ ਮਹੀਨੇ ਕੋਈ ਹਿਸਾਬ ਵੀ ਨਹੀਂ ਦਿੱਤਾ ਗਿਆ ਅਤੇ ਇਸ ਸਬੰਧ ਵਿੱਚ ਪੁੱਛੇ ਜਾਣ ‘ਤੇ ਉਹਨਾਂ ਨੂੰ ਲਗਾਤਾਰ ਟਾਲਿਆ ਜਾ ਰਿਹਾ ਸੀ। ਜਿਸਤੋਂ ਬਾਅਦ ਹੁਣ ਉਹਨਾਂ ਨੂੰ ਅਦਾਲਤ ਦਾ ਰੁਖ ਕਰਨ ਲਈ ਮਜਬੂਰ ਹੋਣਾ ਪਿਆ ਤੇ ਹੁਣ ਅਦਾਲਤ ਨੇ ਹਰਭਜਨ ਮਾਨ ਨੂੰ ਇਸ ਸਬੰਧ ਵਿੱਚ ਅਦਾਲਤ ਵਿੱਚ ਆਪਣਾ ਪੱਖ ਰਖਣ ਲਈ ਸਮਾਂ ਦਿੱਤਾ ਹੈ।