India

ਉੱਤਰਾਖੰਡ ‘ਚ ਵੱਡਾ ਹਾਦਸਾ : ਬਰਾਤੀਆਂ ਨਾਲ ਭਰੀ ਬੱਸ ਖੱਡ ‘ਚ ਡਿੱਗੀ , ਔਰਤਾਂ ਅਤੇ ਬੱਚਿਆ ਸਮੇਤ 25 ਦੀ ਜੀਵਨ ਲੀਲ੍ਹਾ ਸਮਾਪਤ

Major accident in Uttarakhand

ਦੇਸ਼ ਵਿੱਚ ਸੜਕ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਉੱਤਰਾਖੰਡ ਵਿਚ ਇਕ ਦਰਦਨਾਕ ਹਾਦਸਾ ਵਾਪਰ (Major accident in Uttarakhand )ਗਿਆ ਜਿਸ ਦੌਰਾਨ 25 ਜਣਿਆਂ ਦੀ ਜਾਨ ਚਲੀ ਗਈ। ਜਾਣਕਾਰੀ ਮੁਤਾਬਿਕ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਸਿਮਦੀ ਪਿੰਡ ਨੇੜੇ ਰਿਖਨੀਖਲ-ਬੀਰੋਖਲ ਰੋਡ ‘ਤੇ ਕਰੀਬ 45 ਤੋਂ 50 ਬਰਾਤੀ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ਵਿੱਚ ਡਿੱਗ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ। ਰਾਤ ਭਰ ਚੱਲੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ 21 ਲੋਕਾਂ ਨੂੰ ਬਚਾਇਆ ਗਿਆ ਹੈ, ਜਦੋਂ ਕਿ 25 ਬਰਾਤੀਆਂ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਜਾਣਕਾਰੀ ਅਨੁਸਾਰ ਬਰਾਤੀਆਂ ਨਾਲ ਭਰੀ ਇਹ ਬੱਸ ਲਾਲਧਾਂਗ ਤੋਂ ਕਾਰਾ ਟੱਲਾ ਜਾ ਰਹੀ ਸੀ। ਫਿਰ ਰਸਤੇ ‘ਚ ਬੀਰੋਖਾਲ ਦੇ ਸੀ.ਐੱਮ.ਡੀ ਬੈਂਡ ਨੇੜੇ ਬੇਕਾਬੂ ਹੋ ਕੇ ਖੱਡ ‘ਚ ਜਾ ਡਿੱਗੀ। ਮੁਸ਼ਕਲ ਇਲਾਕਾ ਹੋਣ ਕਾਰਨ ਤਲਾਸ਼ੀ ਮੁਹਿੰਮ ‘ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਲੈਕਟਰ ਅਤੇ ਐਸਐਸਪੀ ਨੇ ਨਿੱਜੀ ਤੌਰ ‘ਤੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ।
ਪੌੜੀ ਗੜ੍ਹਵਾਲ ਜ਼ਿਲ੍ਹੇ ਵਿੱਚ ਵਾਪਰੇ ਇਸ ਭਿਆਨਕ ਬੱਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਾਜ ਆਫ਼ਤ ਪ੍ਰਬੰਧਨ ਕੇਂਦਰ ਪੁੱਜੇ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ‘ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੀਆਂ ਟੀਮਾਂ ਹਾਦਸੇ ਵਾਲੀ ਥਾਂ ‘ਤੇ ਰਾਹਤ ਅਤੇ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। ਅਸੀਂ ਹਾਦਸੇ ਵਾਲੀ ਥਾਂ ‘ਤੇ ਸਾਰੀਆਂ ਸਹੂਲਤਾਂ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਥਾਨਕ ਪਿੰਡ ਵਾਸੀ ਵੀ ਬਚਾਅ ਕਾਰਜ ‘ਚ ਮਦਦ ਕਰ ਰਹੇ ਹਨ।

ਇਸ ਤੋਂ ਪਹਿਲਾਂ ਹਰਿਦੁਆਰ ਦੇ ਐਸਪੀ (ਸਿਟੀ) ਸਵਤੰਤਰ ਕੁਮਾਰ ਸਿੰਘ ਨੇ ਦੱਸਿਆ ਸੀ ਕਿ ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ ਦਰਜਨਾਂ ਲੋਕ ਸਵਾਰ ਸਨ। ਹੁਣ ਤੱਕ ਕਰੀਬ 18 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਪੁਲਿਸ ਪੌੜੀ ਪੁਲਿਸ ਅਤੇ ਪਿੰਡ ਵਾਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਅੱਗੇ ਦੱਸਿਆ ਕਿ ਲੋਕ ਵਿਆਹ ਸਮਾਗਮ ਲਈ ਬੱਸ ਵਿੱਚ ਸਵਾਰ ਹੋ ਕੇ ਰਵਾਨਾ ਹੋਏ ਸਨ ਪਰ ਰਸਤੇ ਵਿੱਚ ਹੀ ਹਾਦਸਾ ਵਾਪਰ ਗਿਆ। ਇਸ ਸਬੰਧੀ ਪੀੜਤ ਪਰਿਵਾਰਾਂ ਤੋਂ ਵੀ ਲੋੜੀਂਦੀ ਜਾਣਕਾਰੀ ਲਈ ਗਈ ਹੈ।