‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਪਾਰਟੀ ਵੱਲੋਂ ਮੁਅੱਤਲ ਕਰਨ ਤੋਂ ਬਾਅਦ ‘ਦ ਖ਼ਾਲਸ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕਰਨ ਬਾਰੇ ਨੋਟਿਸ ਫੋਨ ‘ਤੇ ਮਿਲਿਆ ਹੈ।
ਨੋਟਿਸ ਵਿੱਚ ਸਿਰਫ਼ ਏਨਾ ਹੀ ਲਿਖਿਆ ਹੋਇਆ ਸੀ ਕਿ ਉਨ੍ਹਾਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਸਸਪੈਂਡ ਕੀਤਾ ਗਿਆ ਹੈ, ਜਿਸ ਕਰਕੇ 48 ਘੰਟਿਆਂ ਵਿੱਚ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ।
ਬੀਬੀ ਜਗੀਰ ਕੌਰ ਨੇ ਅਕਾਲੀ ਦਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੇ ਕਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਹਨ। ਬੀਬੀ ਜਗੀਰ ਕੌਰ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਸੋਚ ਕੇ ਇਸ ਨੋਟਿਸ ਦਾ ਜਵਾਬ ਦੇਣਗੇ ਜਾਂ ਫਿਰ ਸ਼ਾਇਦ ਜਵਾਬ ਨਾ ਵੀ ਦੇਣ। ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕੁਝ ਵੀ ਗਲਤ ਨਹੀਂ ਕੀਤਾ, ਪਾਰਟੀ ਉਨ੍ਹਾਂ ਦੀ ਆਪਣੀ ਹੈ, ਇਸ ਕਰਕੇ ਉਹ ਆਪਣੇ ਆਪ ਨੂੰ ਸਸਪੈਂਡ ਹੀ ਨਹੀਂ ਸਮਝਦੀ।
ਬੀਬੀ ਜਗੀਰ ਕੌਰ ਨੇ ਸਾਲ 1920 ਤੋਂ ਲੈ ਕੇ ਆਪਣੇ ਪਰਿਵਾਰ ਦੀਆਂ ਕਮੇਟੀ ਵਿੱਚ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਸਾਡੇ ਪਰਿਵਾਰ ਅਤੇ ਉਨ੍ਹਾਂ ਨੇ ਪਾਰਟੀ ਦੇ ਵਾਸਤੇ ਬਹੁਤ ਘਾਲਣਾ ਘਾਲੀਆਂ ਹਨ। ਇਸ ਪਾਰਟੀ ਨੂੰ ਅਸੀਂ ਖੂਨ ਨਾਲ ਸਿੰਜਿਆ ਹੈ। ਇਸ ਕਰਕੇ ਉਹ ਪਾਰਟੀ ਨੂੰ ਛੱਡ ਨਹੀਂ ਸਕਦੇ।
ਅਕਾਲੀ-ਦਲ ਤੋਂ ਮੁਅੱਤਲ ਹੋਣ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਖਾਸ ਇੰਟਰਵਿਊ