India Khaas Lekh Khalas Tv Special Punjab

ਭਾਰਤੀ ਜੀ, ਗਲਤੀ ਮੰਨਣ ਤੇ ਮੁਆਫੀ ਮੰਗਣ ਵਿੱਚ ਬੜਾ ਫਰਕ ਹੁੰਦੈ

‘ਦ ਖ਼ਾਲਸ ਬਿਊਰੋ :- ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਉੱਘੀ ਕਾਮੇਡੀਅਨ ਭਾਰਤੀ ਸਿੰਘ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਲੋਕਾਂ ਦਾ ਨਾਂ ਲਏ ਬਿਨਾਂ ਮੁਆਫੀ ਮੰਗ ਲਈ ਹੈ। ਦਾਹੜੀ ਤੇ ਮੁੱਛਾਂ ਦੇ ਕੇਸਾਂ ਬਾਰੇ ਦਿੱਤੇ ਵਿਵਾਦਿਤ ਬਿਆਨ ਉੱਤੇ ਸਿੱਖਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਅਣਸਰਦੇ ਨੂੰ ਭਾਰਤੀ ਨੇ ਗੋਲ ਮੋਲ ਜਿਹੀ ਮੁਆਫੀ ਮੰਗੀ ਹੈ। ਇਹ ਸੱਚ ਵੀ ਤੁਹਾਨੂੰ ਪਤਾ ਹੋਣਾ ਕਿ ਗਲਤੀ ਮੰਨਣ ਤੇ ਮੁਆਫੀ ਮੰਗਣ ਵਿੱਚ ਬਹੁਤ ਫਰਕ ਹੁੰਦਾ ਹੈ।

ਭਾਰਤੀ ਸਿੰਘ ਕਹਿ ਰਹੀ ਹੈ ਕਿ ਮੈਂ ਖੁਦ ਪੰਜਾਬੀ ਹਾਂ, ਅੰਮ੍ਰਿਤਸਰ ਵਿੱਚ ਪੈਦਾ ਹੋਈ ਹਾਂ ਅਤੇ ਪੰਜਾਬ ਦਾ ਪੂਰਾ ਮਾਣ ਰੱਖਾਂਗੀ ਪਰ ਸਿੱਖ ਕਹਿੰਦੇ ਹਨ ਮਾਣ ਤਾਂ ਖਰਾਬ ਕਰ ਦਿੱਤਾ। ਭਾਰਤੀ ਨੇ ਕਿਹਾ ਕਿ ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤੀ ਬਾਰੇ ਨਹੀਂ ਬੋਲਿਆ ਕਿ ਕਿਹੜੇ ਲੋਕ ਦਾਹੜੀ ਰੱਖਦੇ ਹਨ ਅਤੇ ਇਸ ਨਾਲ ਕੀ ਤਲਕੀਫ਼ ਹੁੰਦੀ ਹੈ। ਮੈਂ ਤਾਂ ਬਸ ਉਂਝ ਹੀ ਸਰਸਰੀ ਜਿਹੀ ਗੱਲ ਕਰ ਰਹੀ ਸੀ, ਆਪਣੀ ਦੋਸਤ ਨਾਲ ਮਜ਼ਾਕ ਕਰ ਰਹੀ ਸੀ ਤੇ ਮੁਆਫੀ ਵਾਲੇ ਸ਼ਬਦ ਕੀ ਹਨ ਕਿ ਫਿਰ ਵੀ ਜੇ ਕਿਸੇ ਧਰਮ ਦੇ ਲੋਕ ਮੇਰੇ ਕਰਕੇ ਦੁਖੀ ਹੋਏ ਹਨ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦੀ ਹਾਂ। ਇਹਨੂੰ ਕਹਿੰਦੇ ਨੇ ਗੋਲ ਮੋਲ ਮੁਆਫੀ। ਭਾਰਤੀ ਨੇ ਕਿਹਾ ਜੇ ਕਿਸੇ ਧਰਮ ਦੇ ਲੋਕ ਯਾਨਿ ਭਾਰਤੀ ਨੂੰ ਹਾਲੇ ਵੀ ਨਹੀਂ ਪਤਾ ਲੱਗਿਆ ਕਿ ਕਿਹੜੇ ਧਰਮ ਦੇ ਲੋਕ ਦੁਖੀ ਹੋਏ ਹਨ, ਸਾਰੀ ਦੁਨੀਆ ਤੇ ਅੱਜ ਦੇ ਸਮੇਂ ਇੱਕੋ ਇੱਕ ਸਿੱਖ ਧਰਮ ਦੇ ਲੋਕ ਹਨ ਜਿਹੜੇ ਸਾਬਤ ਸੂਬਤ ਹਨ, ਸਿਰ ਦੇ ਕੇਸ, ਦਾਹੜੀ ਦੇ ਕੇਸ ਤੇ ਮੁੱਛਾਂ ਸਿਰਫ ਸਿੱਖ ਰੱਖਦੇ ਹਨ। ਆਪਣੇ ਅਕੀਦੇ ਮੁਤਾਬਕ ਉਂਝ ਸ਼ੌਕ ਵਜੋਂ ਕੋਈ ਵੀ ਰੱਖ ਲੈਂਦਾ ਹੈ ਤੇ ਰੱਖ ਸਕਦਾ ਹੈ ਪਰ ਅਕੀਦਾ ਯਾਨਿ ਕਿ ਧਰਮ ਤੇ ਫਰਜ਼ ਸਿੱਖਾਂ ਦੇ ਹਿੱਸੇ ਆਇਆ ਹੈ ਤੇ ਭਾਰਤੀ ਕੱਲੀ ਦਾਹੜੀ ਨਹੀਂ ਨਾਲ ਮੁੱਛਾਂ ਦੀ ਗੱਲ ਕਰ ਰਹੀ ਸੀ। ਕੱਲੀ ਦਾਹੜੀ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਵੀ ਰੱਖਦੇ ਹਨ ਹਾਲਾਂਕਿ ਭਾਰਤੀ ਦੇ ਇਸ ਬੇਵਕੂਫੀ ਭਰੇ ਬਿਆਨ ਦਾ ਹਰ ਕਿਸੇ ਨੇ ਵਿਰੋਧ ਹੀ ਕੀਤਾ ਹੈ।

ਭਾਰਤੀ ਸਿੰਘ ਦੇ ਇਹ ਬਿਆਨ ਜਿਵੇਂ ਹੀ ਵਾਇਰਲ ਹੋਇਆ ਸਿੱਖ ਭਾਈਚਾਰੇ ਨੇ ਇਸਦਾ ਸਖਤ ਵਿਰੋਧ ਕੀਤਾ ਹੈ। ਕਈ ਸਿੱਖ ਬੀਬੀਆਂ, ਨੌਜਵਾਨਾਂ ਤੇ ਹੋਰਾਂ ਨੇ ਸੋਸ਼ਲ ਮੀਡੀਆ ਰਾਹੀਂ ਭਾਰਤੀ ਨੂੰ ਤਿੱਖੇ ਜਵਾਬ ਭੇਜੇ ਹਨ। ਸਿੱਖ ਇਤਿਹਾਸ ਬਾਰੇ ਦੱਸਿਆ ਹੈ ਕਿ ਦਾਹੜੀ ਤੇ ਮੁੱਛ ਸਿੱਖ ਲਈ ਕਿੰਨੇ ਅਹਿਮ ਹਨ ਤੇ ਸਿੱਖ ਦਾ ਸਰੂਪ ਇੱਕ ਸੰਪੂਰਨ ਮਨੁੱਖ ਦਾ ਸਰੂਪ ਹੈ ਜਿਵੇਂ ਰੱਬ ਨੇ ਬਣਾ ਕੇ ਭੇਜਿਆ, ਸਿੱਖ ਉਵੇਂ ਜਿਵੇਂ ਸਾਬਤ ਸੂਰਤ ਰਹਿੰਦਿਆਂ ਦੁਨੀਆ ਤੋਂ ਵਿਦਾਈ ਲੈਂਦਾ ਹੈ।

SGPC ਦੀ ਅਗਵਾਈ ਵਿੱਚ ਅੱਜ ਭਾਰਤੀ ਦੇ ਖਿਲਾਫ ਅੰਮ੍ਰਿਤਸਰ ਵਿੱਚ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਦਾ ਬਾਈਕਾਟ ਕਰਦੇ ਹੋਏ ਉਸਨੂੰ ਸਿੱਖ ਭਾਵਨਾਵਾਂ ਭੜਕਾਉਣ ਬਦਲੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੁਲਿਸ ਕੋਲ ਭਾਰਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਸਿੰਘ ਨੂੰ ਸਿੱਖੀ ਸਰੂਪ ਦੇ ਖਿਲਾਫ ਕੀਤੀ ਟਿੱਪਣੀ ਨੂੰ ਲੈ ਕੇ ਗ੍ਰਿਫਤਾਰ ਕਰਨਾ ਚਾਹੀਦਾ ਹੈ।

ਭਾਰਤੀ ਦੀ ਲੋਕਾਂ ਵੱਲੋਂ ਖੂਬ ਆਲੋਚਨਾ ਕੀਤੀ ਜਾ ਰਹੀ ਹੈ। ਕਈਆਂ ਨੇ ਲਿਖਿਆ ਕਿ ਮੁਆਫ਼ੀ ਨਾ ਦਿਓ, ਪਰਚਾ ਦਰਜ ਕਰਵਾਕੇ ਜੇਲ ਭਿਜਵਾਓ। ਕੁੱਝ ਲੋਕਾਂ ਨੇ ਕਿਹਾ, ਸ਼੍ਰੋਮਣੀ ਕਮੇਟੀ ਇਸ ਬਦਦਿਮਾਗ ਔਰਤ ਉੱਤੇ ਕੇਸ ਦਰਜ ਕਰਕੇ, ਇਸਦੇ ਘਰ ਅੱਗੇ ਧਰਨਾ ਲਾਇਆ ਜਾਏ ,ਤਦ ਤੱਕ ਜਦੋਂ ਤੱਕ ਇਸ ਦੀ ਅਕਲ ਟਿਕਾਣੇ ਨਹੀਂ ਆਉਂਦੀ। ਡੰਗ ਸਾਰੂ ਕੰਮ ਕਰਨੇ ਬੰਦ ਕਰੋ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਰਤੀ ਦੇ ਖ਼ਿਲਾਫ਼ ਬਿਲਕੁਲ ਸਹੀ ਫੈਸਲਾ ਹੈ। ਇਹ ਲੋਕ ਪਹਿਲਾਂ ਮਜ਼ਾਕ ਉਡਾਉਂਦੇ ਹਨ ਅਤੇ ਫਿਰ ਮਾਫੀ ਮੰਗ ਲੈਂਦੇ ਹਨ। ਪਰ ਮੂੰਹ ਵਿਚੋਂ ਨਿਕਲੀ ਗੱਲ ਵਾਪਿਸ ਨਹੀਂ ਲੈਣੀ ਪੈਂਦੀ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਇਸ ਤਰ੍ਹਾਂ ਦਾ ਕਨੂੰਨ ਬਣਾਇਆ ਜਾਵੇ ਕਿ ਕਿਸੇ ਵੀ ਧਰਮ ਦਾ ਮਜ਼ਾਕ ਨਾ ਬਣਾਇਆ ਜਾਵੇ।

ਕਈਆਂ ਵੱਲੋਂ ਭਾਰਤੀ ਸਿੰਘ ਦਾ ਸਮਰਥਨ ਵੀ ਕੀਤਾ ਗਿਆ। ਕਿ ਉਸਨੇ ਆਪਣੀ ਸਟੇਟਮੈਂਟਾਂ ਵਿੱਚ ਸਿੱਖ ਧਰਮ ਦਾ ਜਾਂ ਸਿੱਖ ਮੁੰਡਿਆ ਦਾ ਜਿਕਰ ਕੀਤਾ ਹੈ। ਦਾੜ੍ਹੀ ਤਾਂ ਅੱਜਕਲ੍ਹ ਹਿੰਦੂ,ਮੁਸਲਮਾਨ,ਇਸਾਈ ਸਭ ਰੱਖਦੇ ਹਨ,ਕਿਉਂਕਿ ਦਾੜ੍ਹੀ ਮੁੱਛਾਂ ਦਾ ਰਿਵਾਜ ਚੱਲ ਰਿਹਾ ਹੈ। ਹਰ ਗੱਲ ਵਿੱਚ ਧਰਮ ਨੂੰ ਲੈ ਕੇ ਆਉਣਾ ਚੰਗੀ ਗੱਲ ਨਹੀਂ।

ਪੰਜਾਬੀ ਗਾਇਕ ਬੱਬੂ ਮਾਨ ਨੂੰ ਵੀ ਭਾਰਤੀ ਦੀ ਇਸ ਹਰਕਤ ਉੱਤੇ ਗੁੱਸਾ ਚੜਿਆ ਹੈ। ਬੱਬੂ ਮਾਨ ਨੇ ਚੈਲੰਜ ਕੀਤਾ ਹੈ ਕਿ ਕਪਿਲ ਸ਼ਰਮਾ ਦੀ ਸਾਰੀ ਟੀਮ ਨੂੰ ਸਾਡੇ ਰੂਬਰੂ ਕਰਵਾਉ, ਫਿਰ ਦੱਸਾਂਗੇ ਸਰਦਾਰ ਕੌਣ ਹੁੰਦੇ ਹਨ।

ਭਾਰਤੀ ਸਿੰਘ ਨੇ ਇਹ ਕਦੋਂ ਕਿਹਾ, ਆਉ ਜਾਣਦੇ ਹਾਂ। ਇਹ ਸਾਲ 2019 ਦਾ ਪੁਰਾਣਾ ਵੀਡੀਉ ਹੈ। ਉਦੋਂ ਭਾਰਤੀ ਕਪਿਲ ਸ਼ਰਮਾ ਨਾਲ ਕਾਫੀ ਸ਼ੋਅ ਕਰਦੀ ਸੀ। ਅਦਾਕਾਰਾ ਜੈਸਮੀਨ ਭਸੀਨ ਵੀ ਨਾਲ ਮੌਜੂਦ ਸੀ। ਲੰਘੇ ਸਾਲ ਨਵੰਬਰ 2020 ਵਿੱਚ ਭਾਰਤੀ ਸਿੰਘ ਅਤੇ ਉਸਦੇ ਪਤੀ ਖਿਲਾਫ ਡਰੱਗ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ। ਇਨਾਂ ਦੇ ਘਰੋਂ NCB ਨੇ ਗਾਂਜਾ ਬਰਾਮਦ ਕੀਤਾ ਸੀ।

ਭਾਰਤੀ ਨੇ ਆਪਣੀ ਮੁਆਫ਼ੀ ਵਿੱਚ ਕਿਹਾ ਸੀ ਕਿ ਜੇ ਕਿਸੇ ਧਰਮ ਦੇ ਲੋਕ ਮੇਰੇ ਕਰਕੇ ਦੁਖੀ ਹੋਏ ਹਨ ਤਾਂ ਮੈਂ ਉਨ੍ਹਾਂ ਤੋਂ ਮੁਆਫ਼ੀ ਮੰਗਦੀ ਹਾਂ, ਤੇ ਇਹ ਵੀ ਕਿਹਾ ਕਿ ਮੈਂ ਕਿਤੇ ਵੀ ਕਿਸੇ ਧਰਮ ਜਾਂ ਜਾਤੀ ਬਾਰੇ ਨਹੀਂ ਬੋਲਿਆ। ਯਾਨਿ ਕਿ ਮੈਂ ਤਾਂ ਗਲਤੀ ਨਹੀਂ ਕੀਤੀ ਪਰ ਜੇ ਕਿਸੇ ਨੂੰ ਮੇਰੀ ਗੱਲ ਗਲਤ ਲੱਗਦੀ ਹੈ ਤਾਂ ਮੈਂ ਮੁਆਫੀ ਸ਼ਬਦ ਬੋਲ ਦਿੰਦੀ ਹਾਂ। ਇਸੇ ਕਰਕੇ ਕਿਹਾ ਸੀ ਭਾਰਤੀ ਜੀ, ਗਲਤੀ ਮੰਨਣ ਤੇ ਮੁਆਫੀ ਮੰਗਣ ਵਿੱਚ ਬਹੁਤ ਫਰਕ ਹੁੰਦੈ।