ਬਿਉਰੋ ਰਿਪੋਰਟ : ਜੇਲ੍ਹ ਵਿੱਚ ਬੰਦ ਬਲਾਗਰ ਕਾਕਾ ਸਿੱਧੂ ਉਰਫ ਭਾਨਾ ਸਿੱਧੂ ਨੂੰ ਮੁਹਾਲੀ ਜ਼ਿਲ੍ਹਾ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ । ਅਦਾਲਤ ਨੇ ਮੁਹਾਲੀ ਵਿੱਚ ਦਰਜ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ । 50 ਹਜ਼ਾਰ ਦੇ ਨਿੱਜੀ ਬਾਂਡ ‘ਤੇ ਭਾਨਾ ਸਿੱਧੂ ਨੂੰ ਜ਼ਮਾਨਤ ਦਿੱਤੀ ਗਈ ਹੈ । ਜੇਕਰ ਪੰਜਾਬ ਪੁਲਿਸ ਨੇ ਕਿਸੇ ਹੋਰ ਥਾਣੇ ਵਿੱਚ ਉਸ ਦੇ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਹੋਏਗਾ ਤਾਂ ਉਹ ਜਲਦ ਜੇਲ੍ਹ ਤੋਂ ਬਾਹਰ ਆ ਜਾਵੇਗਾ । ਇਸ ਸਮੇਂ ਭਾਨਾ ਸਿੱਧੂ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਭਾਨਾ ਸਿੱਧੂ ਦੀ ਰਿਹਾਈ ਨੂੰ ਲੈਕੇ ਜਦੋਂ ਕਿਸਾਨ ਜਥੇਬੰਦੀਆਂ ਅਤੇ ਨੌਜਵਾਨ ਸੜਕਾਂ ‘ਤੇ ਉਤਰੇ ਸਨ ਤਾਂ ਪੰਜਾਬ ਪੁਲਿਸ ਨੇ ਵਾਅਦਾ ਕੀਤਾ ਸੀ ਕਿ ਭਾਨਾ ਸਿੱਧੂ ਨੂੰ 10 ਦਿਨਾਂ ਦੇ ਅੰਦਰ ਰਿਹਾਅ ਕੀਤਾ ਜਾਵੇਗਾ। ਹਾਲਾਂਕਿ ਉਸ ਤੋਂ 4 ਦਿਨ ਬਾਅਦ ਭਾਨਾ ਸਿੱਧੂ ਦੀ ਹਮਾਇਤ ਵਿੱਚ ਸੰਗਰੂਰ ਵਿੱਚ ਕੀਤੇ ਪ੍ਰਦਰਸ਼ਨ ਦੌਰਾਨ ਉਸ ਦੇ ਪਿਤਾ,ਭੈਣਾਂ,ਭਰਾ ਅਤੇ 17 ਲੋਕਾਂ ਖਿਲਾਫ FIR ਦਰਜ ਕੀਤੀ ਗਈ ਸੀ ।
ਵੈਸੇ ਤਾਂ ਭਾਨਾ ਸਿੱਧੂ ‘ਤੇ ਲੁਧਿਆਣਾ ਅਤੇ ਪਟਿਆਲਾ ਵਿੱਚ ਕੇਸ ਦਰਜ ਸੀ । ਮੁਹਾਲੀ ਵਿੱਚ ਉਸ ‘ਤੇ ਇੱਕ ਇਮੀਗ੍ਰੇਸ਼ਨ ਕੰਪਨੀ ਨੂੰ ਧਮਕਾਉਣ ਅਤੇ ਬਲੈਕਮੇਲ ਕਰਨ ਦਾ ਇਲਜ਼ਾਮ ਲੱਗਿਆ ਸੀ। ਇਸ ਮਾਮਲੇ ਵਿੱਚ ਭਾਨਾ ਸਿੱਧੂ ਦਾ ਸਾਥੀ ਅਮਨਾ ਸਿੱਧੂ ਵੀ ਮੁਲਜ਼ਮ ਹੈ । ਇਹ ਮਾਮਲਾ ਫੇਜ 1 ਥਾਣੇ ਵਿੱਚ ਦਰਜ ਕੀਤਾ ਗਿਆ ਸੀ।
ਸੰਗਰੂਰ ਦੇ ਰਹਿਣ ਵਾਲੇ ਕਿੰਦਰਬੀਰ ਸਿੰਘ ਬਿਦੇਸ਼ੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਫੇਜ – 5 ਵਿੱਚ ਹਾਈਰਾਇਜ ਇਮੀਗ੍ਰੇਸ਼ਨ ਕੰਪਨੀ ਹੈ । ਉਨ੍ਹਾਂ ਨੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਸਨ। ਇਸ ਦੇ ਬਾਅਦ ਭਾਨਾ ਸਿੱਧੂ ਅਤੇ ਅਮਨਾ ਸਿੱਧੂ ਦੇ ਖਿਲਾਫ IPC ਦੀ ਧਾਰਾ 294 (ਅਸ਼ਲੀਲ ਹਰਕਤਾ ), 387 (ਜ਼ਬਰਦਸਤੀ ਵਸੂਲੀ ਕਰਨ ), 506 (ਧਮਕਾਉਣ) ਦੀ ਧਾਰਾਵਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ ।