‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਵਿਧਾਇਕਾਂ ਨੂੰ ਸਮੇਂ ਸਿਰ ਦਫ਼ਤਰ ਪਹੁੰਚਣ ਦਾ ਹੁਕਮ ਦਿੱਤਾ ਹੈ। ਭਗਵੰਤ ਮਾਨ ਨੇ ਵਿਧਾਇਕਾਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਹੈ ਕਿ ਹਰੇਕ ਵਿਧਾਇਕ ਆਪਣੇ ਹਲਕਿਆਂ ‘ਚ ਦਫ਼ਤਰ ਖੋਲ੍ਹੇ ਅਤੇ ਸਮੇਂ ‘ਤੇ ਆਪਣੇ ਦਫ਼ਤਰ ਪਹੁੰਚਣ। ਜਿੱਥੇ ਲੋਕਾਂ ਨੂੰ ਬੁਲਾਉਣਾ ਹੈ, ਉੱਥੇ ਹਮੇਸ਼ਾ ਸਮੇਂ ਸਿਰ ਪਹੁੰਚੋ। ਉਨ੍ਹਾਂ ਨੇ ਕਿਹਾ ਕਿ ਹਰ ਵਿਧਾਇਕ ਅਤੇ ਮੰਤਰੀ ਦਾ ਸਰਵੇ ਕੀਤਾ ਜਾਵੇ।
ਭਗਵੰਤ ਮਾਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਡਰਾਉਣ ਲਈ ਨਹੀਂ ਆਏ, ਸਗੋਂ ਅਸੀਂ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਨੂੰ ਪੰਜਾਬ ਬਣਾਉਣ ਆਏ ਹਾਂ। ਜੇ ਹਸਤਾਖ਼ਰ ਕਰਨ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਅਸੀਂ ਕਰਾਂਗੇ। ਮਾਨ ਨੇ ਕਿਹਾ ਕਿ ਪੈਸੇ ਤਾਂ ਬਹੁਤ ਦੁਨੀਆ ਕਮਾਉਂਦੀ ਹੈ, ਪਰ ਜੇ ਤੁਹਾਡੇ ਇੱਕ ਦਸਤਖਤ ਨਾਲ ਕਿਸੇ ਬਜ਼ੁਰਗ ਦਾ ਇਲਾਜ ਹੁੰਦਾ ਹੈ, ਕਿਸੇ ਦੇ ਘਰ ਦਾ ਚੁੱਲ੍ਹਾ ਬਲਦਾ ਹੈ, ਕਿਸੇ ਬੱਚੇ ਦੀ ਪੜ੍ਹਾਈ ਹੁੰਦੀ ਹੈ ਤਾਂ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੁੰਦਾ। ਬਦਲਾਖੋਰੀ ਦੀ ਨੀਤੀ ਨਾਲ ਕਦੇ ਵੀ ਕੰਮ ਨਹੀਂ ਕਰਨਾ।
ਭਗਵੰਤ ਮਾਨ ਨੇ ਆਪ ਨੂੰ ਪਈਆਂ ਵੋਟਾਂ ਦਾ ਅੰਕੜਾ ਦੱਸਦਿਆਂ ਕਿਹਾ ਕਿ ਆਪ ਨੂੰ ਇੱਕ ਕਰੋੜ ਤੋਂ ਜਿਆਦਾ ਲੋਕਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਦੇ ਹਰ ਦੂਜੇ ਸ਼ਖਸ ਨੇ ‘ਆਪ’ ਨੂੰ ਵੋਟ ਪਾਈ ਹੈ। ਲੋਕਾਂ ਨੇ ਬਹੁਤ ਵੱਡਾ ਬਹੁਮੱਤ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਈ ਥਾਵਾਂ ’ਤੇ ਪ੍ਰਚਾਰ ਲਈ ਅਸੀਂ ਗਏ ਵੀ ਨਹੀਂ, ਫਿਰ ਵੀ ਲੋਕਾਂ ਨੇ ਮਸ਼ੀਨਾਂ ਭਰ-ਭਰ ਸਾਨੂੰ ਜਿਤਾਇਆ। ਹੁਣ ਸਾਡਾ ਫਰਜ਼ ਹੈ ਕਿ ਅਸੀਂ ਹਰ ਕੋਨੇ ਉੱਤੇ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰੀਏ। ਜਿੱਥੇ ਮਸਲਾ ਹੈ, ਸਮੱਸਿਆ ਹੈ, ਮੁੱਦਾ ਹੈ ਅਸੀਂ ਉੱਥੇ ਜਾਣਾ ਹੈ। ਅਸੀਂ ਇਹ ਨਹੀਂ ਦੇਖਣਾ ਕਿ ਸਾਨੂੰ ਇੱਥੋਂ ਵੋਟਾਂ ਨਹੀਂ ਪਈਆਂ, ਅਸੀਂ ਸਭ ਦੇ ਮੁੱਖ ਮੰਤਰੀ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਰਗ ਨੇ ਸਾਨੂੰ ਜਿਤਾ ਕੇ ਭੇਜਿਆ ਹੈ। ਗਰੀਬ ਲੋਕਾਂ ਦੇ ਘਰਾਂ ਦੇ ਨਕਸ਼ੇ ਬਦਲਣਗੇ ਹੋਣਗੇ।
ਭਗਵੰਤ ਮਾਨ ਨੇ ਕਿਹਾ ਕਿ ਇੱਕ ਮਹੀਨੇ ਦੇ ਅੰਦਰ ਨੌਕਰੀਆਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਦਾ ਵੀ ਦਾਅਵਾ ਕੀਤਾ ਹੈ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਦੇ ਲੋਕਾਂ ਦੇ 2-2 ਰੁਪਏ ਵੀ ਬਚਾਏ ਹਨ। ਉਨ੍ਹਾਂ ਕਿਹਾ ਕਿ ਆਪ ਕੁਨਬਾ ਬਣਾਉਣ ਲਈ ਨਹੀਂ ਆਈ।
ਭਗਵੰਤ ਮਾਨ ਨੇ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਛੇਤੀ ਕਰਨ ਦਾ ਵੀ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ 70 ਸਾਲ ਤੋਂ ਉਲਝੀ ਤਾਣੀ ਨੂੰ ਸੁਲਝਾਉਣਾ ਹੈ ਤਾਂ 18-18 ਘੰਟੇ ਕੰਮ ਕਰਨਾ ਪਵੇਗਾ। ਸੀਟ ਪੱਕੀ ਕਰਨ ਲਈ ਲੋਕਾਂ ਨਾਲ ਦੋਸਤੀ ਕਰਨੀ ਪਵੇਗੀ।
ਅੱਜ ਵਿਧਾਇਕਾਂ ਅਤੇ ਕੈਬਿਨਟ ਮੰਤਰੀਆਂ ਦੀ ਬੈਠਕ ਨੂੰ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਘਵ ਚੱਢਾ ਨੇ ਸੰਬੋਧਨ ਕੀਤਾ ਹੈ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਾਜੀਟਿਵ ਏਜੰਡੇ ਨੂੰ ਵੋਟ ਦਿੱਤਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਦੇ ਕੰਮ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਲੋਕਾਂ ਦਾ ਆਪ ਨੂੰ ਮੌਕਾ ਦੇਣ ਲਈ ਧੰਨਵਾਦ ਕੀਤਾ। ਕੇਜਰੀਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਮਾਨ ਨੇ ਪੂਰੇ ਪੰਜਾਬ ਦੇ ਲੋਕਾਂ ਨੂੰ ਸਹੁੰ ਚੁੱਕ ਸਮਾਗਮ ‘ਚ ਬੁਲਾਇਆ, ਪੰਜਾਬ ਦੇ ਲੋਕਾਂ ਨੂੰ ਪਹਿਲੀ ਵਾਰ ਲੱਗਿਆ ਕਿ ਉਹ ਮੁੱਖ ਮੰਤਰੀ ਬਣ ਰਹੇ ਹਨ। ਪਿਛਲੇ 3 ਦਿਨਾਂ ‘ਚ ਭਗਵੰਤ ਮਾਨ ਨੇ ਜਿਵੇਂ ਕੰਮ ਕੀਤਾ ਤੇ ਐਲਾਨ ਕੀਤੇ ਹਨ, ਇਸ ਨਾਲ ਲੋਕਾਂ ਦੀ ਉਮੀਦ ਵਿਸ਼ਵਾਸ ‘ਚ ਬਦਲ ਰਹੀ ਹੈ।
ਕੇਜਰੀਵਾਲ ਨੇ ਕਿਹਾ ਕਿ ਪੁਰਾਣੇ ਮੰਤਰੀਆਂ ਦੀ ਸਿਕਿਓਰਿਟੀ ਜਨਤਾ ਦੀ ਸੁਰੱਖਿਆ ਲਈ ਲਗਾ ਦਿੱਤੀ ਗਈ ਹੈ। ਅਕਤੂਬਰ ‘ਚ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਸਰਕਾਰ ਬਣਦੇ ਹੀ ਕਿਸਾਨਾਂ ਦੇ ਜ਼ਿਲ੍ਹਿਆਂ ‘ਚ ਪਹੁੰਚ ਗਿਆ ਤੇ ਛੇਤੀ ਹੀ ਕਿਸਾਨਾਂ ਨੂੰ ਮਿਲ ਜਾਵੇਗਾ। 25000 ਨੌਕਰੀਆਂ ਦਾ ਐਲਾਨ ਬਹੁਤ ਸ਼ਾਨਦਾਰ ਹੈ। ਇਸ ਨਾਲ ਲੋਕਾਂ ‘ਚ ਉਮੀਦ ਪੈਦਾ ਹੋਈ ਹੈ।
ਕੇਜਰੀਵਾਲ ਨੇ ਭਾਜਪਾ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇੱਕ ਪਾਸੇ ਆਪ ਨੇ ਸਰਕਾਰ ਬਣਾ ਕੇ ਕੰਮ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ ਪਰ ਦੂਜੇ ਪਾਸੇ ਭਾਜਪਾ ਚਾਰ ਸੂਬਿਆਂ ‘ਚ ਜਿੱਤ ਕੇ ਵੀ ਹਾਲੇ ਤੱਕ ਸਰਕਾਰ ਨਹੀਂ ਬਣਾ ਸਕੀ ਕਿਉਂਕਿ ਅਜੇ ਤੱਕ ਉਨ੍ਹਾਂ ਦੇ ਝਗੜੇ ਹੀ ਚੱਲ ਰਹੇ ਹਨ।
ਕੇਜਰੀਵਾਲ ਨੇ ਸਾਰੇ ਵਿਧਾਇਕਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ, ”ਹਰ ਇੱਕ ਦੀਆਂ ਨਜ਼ਰਾਂ ਉਨ੍ਹਾਂ ‘ਤੇ ਹਨ। ਸਾਡੀ ਆਜ਼ਾਦੀ ਨੂੰ 75 ਸਾਲ ਹੋ ਗਏ ਅਤੇ ਸਾਡੇ 75 ਸਾਲ ਖਰਾਬ ਹੋ ਗਏ ਹਨ। ਹੁਣ ਸਮਾਂ ਘੱਟ ਹੈ, 24 ਤੋਂ 30 ਘੰਟੇ ਕੰਮ ਕਰਨਾ ਪਏਗਾ। ਦਿਨ ਰਾਤ ਮਿਹਨਤ ਕਰਨੀ ਪਏਗੀ।”
ਭਗਵੰਤ ਮਾਨ ਦੇ ਭਾਸ਼ਣ ਦੀ ਗੱਲ ਦੁਹਰਾਉਂਦਿਆਂ ਕੇਜਰੀਵਾਲ ਨੇ ਕਿਹਾ, ”ਚੰਡੀਗੜ੍ਹ ‘ਚ ਬਿਲਕੁਲ ਨਹੀਂ ਬੈਠਣਾ, ਸਾਡੀ ਪਾਰਟੀ ਦਾ ਇੱਕ-ਇੱਕ ਮੈਂਬਰ, ਐੱਮਐੱਲਏ, ਮੰਤਰੀ 24 ਘੰਟੇ ਜਨਤਾ ਦੇ ਵਿਚਕਾਰ ਘੁੰਮੇਗਾ, ਪਿੰਡਾਂ ‘ਚ ਜਾਵੇਗਾ, ਗਲ਼ੀਆਂ ‘ਚ ਜਾਵੇਗਾ।”
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਸੁਣਨ ਵਿੱਚ ਆਇਆ ਹੈ ਕਿ ਕੁੱਝ ਵਿਧਾਇਕ ਆਪਣੇ ਮੰਤਰੀ ਨਾ ਬਣਨ ‘ਤੇ ਦੁਖੀ ਹਨ, ਆਪਣੀਆਂ 92 ਸੀਟਾਂ ਆਈਆਂ ਹਨ, ਮੰਤਰੀ 17 ਹੀ ਬਣਨਗੇ। ਅਜਿਹਾ ਨਹੀਂ ਹੈ ਕਿ ਜੋ ਵਿਧਾਇਕ ਮੰਤਰੀ ਨਹੀਂ ਬਣੇ ਸਕੇ ਉਹ ਕਿਸੇ ‘ਤੋਂ ਘੱਟ ਹਨ। ਪੰਜਾਬ ਦੇ ਲੋਕਾਂ ਨੇ ਇੱਕ-ਇੱਕ ਹੀਰਾ ਚੁਣ ਕੇ ਭੇਜਿਆ ਹੈ।
ਪੰਜਾਬ ਦੀ ਤਰੱਕੀ ਲਈ ਜ਼ਰੂਰੀ ਹੈ ਕਿ ਇਹ 92 ਲੋਕ ਇੱਕ ਟੀਮ ਵਾਂਗ ਕੰਮ ਕਰਨ। ਭਗਵੰਤ ਮਾਨ ਤੁਹਾਡੇ ਲੀਡਰ ਹੋਣਗੇ। ਮੈਂ ਤੁਹਾਡੇ ਲਈ ਵੱਡੇ ਭਰਾ ਵਾਂਗ ਤੁਹਾਨੂੰ ਗਾਈਡ ਕਰਾਂਗਾ। ਕੇਜਰੀਵਾਲ ਨੇ ਵਿਧਾਇਕਾਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਕੋਲ ਜਾਣਾ ਹੈ ਤਾਂ ਲੋਕਾਂ ਦੀ ਭਲਾਈ ਦੇ ਕੰਮਾਂ ਲਈ ਜਾਣਾ ਹੈ ਨਾ ਕਿ ਕਿਸੇ ਅਫਸਰ ਦੀ ਬਦਲੀ ਕਰਵਾਉਣ ਲਈ।
ਉਨ੍ਹਾਂ ਨੇ ਕਿਹਾ ਕਿ ਮਾਨ ਸਾਹਿਬ ਸਾਰਿਆਂ ਨੂੰ ਟਾਰਗੇਟ ਦੇਣਗੇ। ਹੋ ਸਕਦਾ ਹੈ ਕਿ ਜਨਤਾ ਕਹੇ ਕਿ ਕੰਮ ਨਹੀਂ ਹੋ ਰਿਹਾ ਮੰਤਰੀ ਬਦਲੋ, ਦੂਜਾ ਮੰਤਰੀ ਲਿਆਓ, ਉਸ ਸਮੇਂ ਥੋੜ੍ਹਾ ਬੁਰਾ ਲੱਗੇਗਾ ਪਰ ਮਜਬੂਰੀ ਹੈ, ਕੰਮ ਤਾਂ ਕਰਨਾ ਪਏਗਾ। ਜੋ ਟਾਰਗੇਟ ਮਾਨ ਸਾਹਿਬ ਦੇਣਗੇ ਉਹ ਪੂਰੇ ਕਰਨੇ ਪੈਣਗੇ।