India International

ਰੂਸ-ਯੂਕਰੇਨ ਜੰ ਗ ਕਾਰਨ ਪੈਦਾ ਹੋਇਆ ਬੱਚਿਆਂ ਲਈ ਇੱਕ ਹੋਰ ਨਵਾਂ ਸੰਕਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਵੱਲੋਂ ਕੀਤੇ ਹਮਲੇ ਦੌਰਾਨ ਹੁਣ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਵਿੱਚ ਲੜਾਈ ਸੜਕਾਂ ‘ਤੇ ਲੜੀ ਜਾ ਰਹੀ ਹੈ। ਇਸ ਕਰਕੇ ਤਹਿਖਾਨਿਆਂ ਵਿੱਚ ਸ਼ਰਨ ਲਈ ਬੈਠੇ ਲੋਕਾਂ ਲਈ ਨਿਕਲਣਾ ਮੁਸ਼ਕਲ ਹੋ ਗਿਆ ਹੈ। ਸਥਾਨਕ ਅਧਿਕਾਰੀਆਂ ਮੁਤਾਬਕ ਪਿਛਲੇ ਦੋ ਦਿਨਾਂ ਦੌਰਾਨ ਲੁਹਾਂਸਕ ਅਤੇ ਕੀਵ ਵਿੱਚ 10 ਸ਼ਹਿਰੀਆਂ ਦੀ ਮੌਤ ਹੋ ਗਈ ਹੈ।

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਰੂਸ ਨੇ ਯੂਕਰੇਨ ਦੀ ਅਜ਼ਾਦੀ ਦੇ ਡਰੋਂ ਉਸ ਉੱਪਰ ਹਮਲਾ ਕੀਤਾ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇ ਲਾਵਰੋਵ ਨੇ ਕਿਹਾ ਹੈ ਕਿ ਅਮਰੀਕਾ ਯੂਕਰੇਨ ਨੂੰ ਸ਼ਾਂਤੀ ਵਾਰਤਾ ਵਿੱਚ ਅੱਗੇ ਵਧਣ ਤੋਂ ਰੋਕ ਰਿਹਾ ਹੈ। ਲਾਵਰੋਵ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਕਿ ਮੌਜੂਦਾ ਸਿਆਸੀ ਸਥਿਤੀ ਦੇ ਨਤੀਜੇ ਵਜੋਂ ਰੂਸ ਤੇ ਚੀਨ ਦੇ ਸੰਬੰਧ ਹੋਰ ਮਜ਼ਬੂਤ ਹੋਣਗੇ। ਦੂਜੇ ਪਾਸੇ ਅਧਿਕਾਰੀਆਂ ਮੁਤਾਬਕ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ 127 ਰੂਸੀ ਮੁਖਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਯੂਕੇ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ ਯੂਕਰੇਨ ਦੇ ਹਵਾਈ ਖੇਤਰ ‘ਤੇ ਕਬਜ਼ਾ ਕਰਨ ਵਿੱਚ ਅਸਫਲ ਰਿਹਾ ਹੈ, ਜੋ ਕਿ ਮਾਸਕੋ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ। ਮੰਤਰਾਲੇ ਨੇ ਆਪਣੇ ਤਾਜ਼ਾ ਬਿਆਨ ਵਿੱਚ ਕਿਹਾ ਹੈ ਕਿ ਰੂਸ ” ਏਅਰਸਪੇਸ ‘ਤੇ ਕੰਟਰੋਲ ਕਰਨ ਵਿੱਚ ਅਸਫਲ ਰਿਹਾ ਹੈ” ਅਤੇ ਰੂਸ ਰੂਸੀ ਹਵਾਈ ਖੇਤਰ ਤੋਂ ਲਾਂਚ ਕੀਤੇ ਗਏ ”ਸਟੈਂਡ-ਆਫ ਹਥਿਆਰਾਂ ‘ਤੇ ਨਿਰਭਰ ਕਰਦਾ ਹੈ”।

ਮੰਤਰਾਲੇ ਦਾ ਕਹਿਣਾ ਹੈ, “ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਵਿੱਚ ਹਵਾਈ ਖੇਤਰ ‘ਤੇ ਕੰਟਰੋਲ ਹਾਸਲ ਕਰਨਾ ਰੂਸ ਦੇ ਮੁੱਖ ਉਦੇਸ਼ਾਂ ਵਿੱਚੋਂ ਇੱਕ ਸੀ ਅਤੇ ਅਜਿਹਾ ਕਰਨ ਵਿੱਚ ਉਨ੍ਹਾਂ ਨੂੰ ਲਗਾਤਾਰ ਅਸਫਲਤਾ ਮਿਲੀ ਹੈ।”

ਉੱਧਰ ਸੰਯੁਕਤ ਰਾਸ਼ਟਰ ਦੀ ਬੱਚਿਆਂ ਸਬੰਧੀ ਏਜੰਸੀ ਯੂਨੀਸੈੱਫ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਜੰਗ ਤੋਂ ਭੱਜਣ ਵਾਲੇ ਬੱਚਿਆਂ ਨੂੰ ਮਨੁੱਖੀ ਤਸਕਰੀ ਅਤੇ ਸ਼ੋਸ਼ਣ ਦਾ ਖ਼ਤਰਾ ਵੱਧ ਰਿਹਾ ਹੈ। ਏਜੰਸੀ ਮੁਤਾਬਕ 24 ਫਰਵਰੀ ਨੂੰ ਰੂਸੀ ਹਮਲਾ ਸ਼ੁਰੂ ਹੋਣ ਤੋਂ ਬਾਅਦ ਦੇਸ਼ ਛੱਡ ਕੇ ਭੱਜਣ ਵਾਲਿਆਂ ਵਿੱਚ 15 ਲੱਖ ਬੱਚੇ ਵੀ ਹਨ, ਜਿਨ੍ਹਾਂ ਵਿੱਚੋਂ 500 ਬੇ-ਸਹਾਰਾ ਹਨ।

ਯੂਰਪ ਅਤੇ ਮੱਧ ਏਸ਼ੀਆ ਲਈ ਯੂਨੀਸੈੱਫ ਦੇ ਖੇਤਰੀ ਨਿਰਦੇਸ਼ਕ ਅਫਸ਼ਾਨ ਖਾਨ ਨੇ ਕਿਹਾ, “ਯੂਕਰੇਨ ਵਿੱਚ ਜੰਗ ਵੱਡੇ ਪੱਧਰ ‘ਤੇ ਵਿਸਥਾਪਨ ਅਤੇ ਸ਼ਰਨਾਰਥੀਆਂ ਵਾਲੀ ਸਥਿਤੀ ਵੱਲ ਲੈ ਕੇ ਜਾ ਰਹੀ ਹੈ – ਅਜਿਹੀਆਂ ਸਥਿਤੀਆਂ ਜੋ ਮਨੁੱਖੀ ਤਸਕਰੀ ਵਿੱਚ ਮਹੱਤਵਪੂਰਨ ਵਾਧਾ ਕਰ ਸਕਦੀਆਂ ਹਨ ਅਤੇ ਬੱਚਿਆਂ ਦੀ ਸੁਰੱਖਿਆ ਲਈ ਇੱਕ ਗੰਭੀਰ ਸੰਕਟ ਦਾ ਕਾਰਨ ਬਣ ਸਕਦੀਆਂ ਹਨ।”

ਉਨ੍ਹਾਂ ਕਿਹਾ ਕਿ ਅਜਿਹੇ ਬੱਚੇ ਆਪਣੇ ਪਰਿਵਾਰਾਂ ਤੋਂ ਵੱਖ ਹੋਣ ਕਾਰਨ ਬਹੁਤ ਹੀ ਕਮਜ਼ੋਰ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਅਤੇ ਤਸਕਰੀ ਕੀਤੇ ਜਾਣ ਦਾ ਖ਼ਤਰਾ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਉਹ ਸ਼ਰਨਾਰਥੀ ਹੋਏ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਉਪਾਅ ਕਰਨ।