ਬਿਊਰੋ ਰਿਪੋਰਟ : 9 ਮਹੀਨੇ ਦੇ ਬਾਅਦ ਮਾਨ ਕੈਬਨਿਟ ਵਿੱਚ ਵੱਡਾ ਫੇਰਬਦਲ ਹੋ ਸਕਦਾ ਹੈ । ਦੂਜੀ ਵਾਰ ਕੈਬਨਿਟ ਦਾ ਵਿਸਥਾਰ ਹੋਣ ਦੀਆਂ ਖ਼ਬਰਾਂ ਹਨ। ਇਸ ਦੌਰਾਨ 2 ਤੋਂ 3 ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ । ਸੂਤਰਾਂ ਮੁਤਾਬਿਕ ਕਈ ਨਾਵਾਂ ‘ਤੇ ਮੋਹਰ ਲੱਗ ਚੁੱਕੀ ਹੈ। ਜਿੰਨਾਂ ਨੇ ਕੈਬਨਿਟ ਤੋਂ ਬਾਹਰ ਜਾਣਾ ਹੈ ਅਤੇ ਜਿੰਨਾਂ ਨੇ ਅੰਦਰ ਆਉਣਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਹਾਈਕਮਾਨ ਨਾਲ ਚਰਚਾ ਕਰ ਲਈ ਹੈ । ਗੁਜਰਾਤ ਚੋਣਾਂ ਖ਼ਤਮ ਹੋਣ ਦਾ ਇੰਤਜ਼ਾਰ ਕੀਤਾ ਰਿਹਾ ਸੀ । ਜਿੰਨਾਂ 2 ਤੋਂ 3 ਚਿਹਰਿਆਂ ਦੇ ਕੈਬਨਿਟ ਤੋਂ ਬਾਹਰ ਜਾਣ ਦੀ ਚਰਚਾਵਾਂ ਹਨ ਉਨ੍ਹਾਂ ਵਿੱਚ ਫੌਜਾ ਸਿੰਘ ਸਰਾਰੀ ਦਾ ਨਾਂ ਨੰਬਰ 1 ‘ਤੇ ਦੱਸਿਆ ਜਾ ਰਿਹਾ ਹੈ । ਉਨ੍ਹਾਂ ਦਾ ਇੱਕ ਆਡੀਓ ਲੀਕ ਹੋਇਆ ਸੀ । ਜਿਸ ਵਿੱਚ ਉਹ ਆਪਣੇ ਕਰੀਬੀ ਨਾਲ ਕਮਿਸ਼ਨ ਦੀ ਗੱਲ ਕਰ ਰਹੇ ਸਨ । ਹਾਲਾਂਕਿ ਸਰਾਰੀ ਨੇ ਇਸ ਨੂੰ ਖਾਰਜ ਕਰ ਦਿੱਤਾ ਸੀ । ਪਰ ਅਕਾਲੀ ਦਲ ਅਤੇ ਕਾਂਗਰਸ ਲਗਾਤਾਰ ਉਨ੍ਹਾਂ ਦਾ ਅਸਤੀਫਾ ਮੰਗ ਰਹੀ ਸੀ । ਭਗਵੰਤ ਮਾਨ ਨੇ ਆਪ ਕਿਹਾ ਸੀ ਕਿ ਦਿਵਾਲੀ ਤੋਂ ਬਾਅਦ ਸਰਾਰੀ ਅਸਤੀਫਾ ਦੇ ਸਕਦੇ ਹਨ । ਪਰ ਗੁਜਰਾਤ ਚੋਣਾਂ ਦੀ ਵਜ੍ਹਾ ਕਰਕੇ ਪਾਰਟੀ ਨੇ ਕੋਈ ਫੈਸਲਾ ਨਹੀਂ ਕੀਤਾ । ਹੁਣ ਮੰਨਿਆ ਜਾ ਰਿਹਾ ਹੈ ਕਿ ਫੌਜਾ ਸਿੰਘ ਸਰਾਰੀ ਦਾ ਕੈਬਨਿਟ ਤੋਂ ਬਾਹਰ ਹੋਣਾ ਤਕਰੀਬਨ ਤੈਅ ਹੈ । ਇਸ ਤੋਂ ਇਲਾਵਾ 1 ਮਹਿਲਾ ਮੰਤਰੀ ਦੀ ਵੀ ਕੈਬਨਿਟ ਤੋਂ ਛੁੱਟੀ ਹੋ ਸਕਦੀ ਹੈ । ਇਸ ਵੇਲੇ ਮਾਨ ਕੈਬਨਿਟ ਵਿੱਚ 2 ਮਹਿਲਾ ਮੰਤਰੀ ਹਨ,ਇੱਕ ਬਲਜੀਤ ਕੌਰ ਅਤੇ ਦੂਜੀ ਅਨਮੋਲ ਗਗਨ ਮਾਨ ਹੈ । ਬਲਜੀਤ ਕੌਰ ਨੂੰ ਸਰਕਾਰ ਬਣ ਦੇ ਹੀ ਕੈਬਨਿਟ ਵਿੱਚ ਥਾਂ ਮਿਲੀ ਸੀ ਜਦਕਿ ਅਨਮੋਲ ਗਗਨ ਮਾਨ ਨੇ 4 ਜੁਲਾਈ ਨੂੰ 5 ਨਵੇਂ ਮੰਤਰੀ ਦੇ ਨਾਲ ਕੈਬਨਿਟ ਵਿਸਥਾਰ ਵਿੱਚ ਸਹੁੰ ਚੁੱਕੀ ਸੀ । ਇਸ ਤੋਂ ਇਲਾਵਾ ਚਰਚਾਵਾਂ ਹਨ ਮਾਲਵੇ ਤੋਂ 2 ਵਿਧਾਇਕਾਂ ਨੂੰ ਕੈਬਨਿਟ ਵਿੱਚ ਥਾਂ ਮਿਲ ਸਕਦੀ ਹੈ ਇਸ ਵਿੱਚ 1 ਮਹਿਲਾ ਵਿਧਾਇਕ ਹੈ। ਮਾਲਵੇ ਤੋਂ ਜਿਹੜੇ ਵਿਧਾਇਕ ਨੂੰ ਕੈਬਨਿਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਚਰਚਾਵਾਂ ਹਨ ਉਸ ਨੇ ਪੰਜਾਬ ਦੀ ਸਿਆਸਤ ਦੇ ਵੱਡੇ ਚਿਹਰੇ ਨੂੰ ਹਰਾਇਆ ਸੀ ਅਤੇ ਸਿਆਸੀ ਕੱਦ ਪੱਖੋਂ ਵੀ ਉਹ ਕਾਫੀ ਵੱਡਾ ਚਿਹਰਾ ਹੈ । ਖਬਰਾਂ ਮੁਤਾਬਿਕ ਆਪ ਦੀ ਦੂਜੀ ਤਲਵੰਡੀ ਸਾਬੋ ਦੀ ਦੂਜੀ ਵਾਰ ਦੀ ਵਿਧਾਇਕ ਬਲਜਿੰਦਰ ਕੌਰ ਮਾਲਵੇ ਤੋਂ ਉਹ ਨਾਂ ਹੋ ਸਕਦੀ ਹਨ । ਇਸ ਤੋਂ ਇਲਾਵਾ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੰਡਿਆ ਨੂੰ ਵੀ ਇਸ ਵਾਰ ਕੈਬਨਿਟ ਵਿੱਚ ਥਾਂ ਦਿੱਤੀ ਜਾ ਸਕਦੀ ਹੈ। ਦੋਆਬੇ ਤੋਂ ਵੀ ਇੱਕ ਵਿਧਾਇਕ ਮੰਤਰੀ ਮੰਡਲ ਵਿੱਚ ਸ਼ਾਮਲ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਵਿਧਾਇਕ ਦਾ ਨੰਬਰ ਲੱਗ ਸਕਦਾ ਹੈ ।
ਇਸ ਵੇਲੇ ਮਾਨ ਕੈਬਨਿਟ ਵਿੱਚ ਕੁੱਲ 14 ਮੰਤਰੀ ਹਨ । 3 ਮੰਤਰੀ ਦੀ ਥਾਂ ਖਾਲੀ ਹੈ । ਪੰਜਾਬ ਵਜ਼ਾਰਤ ਵਿੱਚ 17 ਮੰਤਰੀ ਬਣ ਸਕਦੇ ਹਨ। ਜੇਕਰ ਆਉਣ ਵਾਲੇ ਦਿਨਾਂ ਵਿੱਚ 2 ਤੋਂ 3 ਮੰਤਰੀਆਂ ਦੀ ਛੁੱਟੀ ਹੁੰਦੀ ਹੈ ਤਾਂ ਮਾਨ ਕੈਬਨਿਟ ਵਿੱਚ 6 ਨਵੇਂ ਚਿਹਰੇ ਨਜ਼ਰ ਆ ਸਕਦੇ ਹਨ । ਇਸ ਦੌਰਾਨ ਚਰਚਾਵਾਂ ਹਨ ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ । ਜਿੰਨਾਂ ਮੰਤਰੀ ਕੋਲੋ 2 ਤੋਂ ਵੱਧ ਵਿਧਾਗ ਹਨ ਉਨ੍ਹਾਂ ਦੇ ਵਿਭਾਗਾਂ ਦਾ ਬਟਵਾਰਾਂ ਨਵੇਂ ਮੰਤਰੀਆਂ ਵਿੱਚ ਕੀਤਾ ਜਾ ਸਕਦਾ ਹੈ । ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਜਿੰਨਾਂ ਮੰਤਰੀ ਦੀ ਪਰਫਾਰਮੈਂਸ ਚੰਗੀ ਨਹੀਂ ਹੋਵੇਗੀ ਉਨ੍ਹਾਂ ਨੂੰ ਬਦਲ ਦਿੱਤਾ ਜਾਵੇਗਾ ।