India Punjab

ਬਹਿਬਲ ਕਲਾ ਗੋਲੀਕਾਂਡ – ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਨੇ ਚੰਡੀਗੜ੍ਹ ਦੇ ਸੀਨੀਅਰ ਵਕੀਲ ਦਾ ਪੂਰਿਆ ਪੱਖ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਰਬਉੱਚ ਅਦਾਲਤ ਦੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਫੋਨ ਕਰਕੇ ਚੰਡੀਗੜ੍ਹ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ’ਤੇ ਮੁਲਜ਼ਮ ਧਿਰ ਨਾਲ ਮਿਲਣ ਸਬੰਧੀ ਲਾਏ ਦੋਸ਼ ਵਾਪਸ ਲੈਣ ਦੀ ਅਪੀਲ ਕੀਤੀ ਹੈ। ਫੂਲਕਾ ਨੇ ਕਿਹਾ ਕਿ ਮੁਲਜ਼ਮ ਧਿਰ ਬਹੁਤ ਤਾਕਤਵਰ ਹੈ ਅਤੇ ਮੌਜੂਦਾ ਸਰਕਾਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਸਾਨੂੰ ਆਪਸ ਵਿੱਚ ਲੜਨ ਦੀ ਜਗ੍ਹਾ ਰਲ ਕੇ ਕੇਸ ਜਿੱਤਣਾ ਚਾਹੀਦਾ ਹੈ।

ਫੂਲਕਾ ਨੇ ਕਿਹਾ ਕਿ ਰਾਜਵਿੰਦਰ ਬੈਂਸ ਮਨੁੱਖੀ ਅਧਿਕਾਰਾਂ ਦੇ ਨਾਮੀ ਵਕੀਲ ਹਨ। ਉਨ੍ਹਾਂ ’ਤੇ ਮੁਲਜ਼ਮਾਂ ਨਾਲ ਮਿਲਣ ਦਾ ਦੋਸ਼ ਲਗਾਉਣਾ ਮੰਦਭਾਗਾ ਹੈ। ਬੈਂਸ ਪਹਿਲਾਂ ਹੀ ਪੀੜਤਾਂ ਦਾ ਕੇਸ ਲੜ ਰਹੇ ਸਨ। ਫੂਲਕਾ ਨੇ ਕਿਹਾ ਕਿ ਉਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਿਹਾ ਸੀ ਕਿ ਪੀੜਤ ਧਿਰ ਆਪਣੇ ਵਕੀਲ ਬਦਲਣਾ ਨਹੀਂ ਚਾਹੁੰਦੀ, ਇਸ ਕਰਕੇ ਰਾਜਵਿੰਦਰ ਬੈਂਸ ਨੂੰ ਬਦਲ ਕੇ ਉਨ੍ਹਾਂ ਦਾ ਇਹ ਕੇਸ ਲੜਨਾ ਠੀਕ ਨਹੀਂ ਰਹੇਗਾ। ਅਫਸੋਸ ਦੀ ਗੱਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਇੰਟਰਵਿਊ ਵਿੱਚ ਇਹ ਕਹਿ ਦਿੱਤਾ ਕਿ ਰਾਜਵਿੰਦਰ ਸਿੰਘ ਬੈਂਸ ਮੁਲਜ਼ਮ ਧਿਰ ਨਾਲ ਮਿਲ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕੇਸ ਸਿਰਫ ਸਰਕਾਰ ਦੇ ਵਕੀਲਾਂ ਕਰਕੇ ਖਰਾਬ ਹੋਇਆ ਹੈ।

ਬੀਤੇ ਦਿਨ ਆਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੂਲਕਾ ‘ਤੇ ਸ਼੍ਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੁਰਾ ਗੋਲੀਕਾਂਡ ਮਾਮਲੇ ਦਾ ਕੇਸ ਲੜਨ ਤੋਂ ਮਨ੍ਹਾ ਕਰਨ ਦਾ ਦੋਸ਼ ਲਾਇਆ ਸੀ। ਆਈਜੀ ਨੇ ਕਿਹਾ ਕਿ ਫੂਲਕਾ ਨੇ ਇਹ ਕੇਸ  ਚੰਡੀਗੜ੍ਹ ਦੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ ਨੂੰ ਦਿਵਾ ਦਿੱਤਾ ਸੀ ਪਰ ਬੈਂਸ ਮੁਲਜ਼ਮ ਧਿਰ ਨਾਲ ਰਲ ਗਏ।