India

ਅਰਵਿੰਦ ਕੇਜਰੀਵਾਲ ਨੇ ਵੰਡੀਆਂ ਸੂਬਾ ਸਰਕਾਰਾਂ ਨੂੰ ‘ਅਕਲ ਦੀਆਂ ਗੋਲੀਆਂ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੂਬਿਆਂ ਨੂੰ ਕੇਂਦਰ ਸਰਕਾਰ ਵੱਲੋਂ ਆਕਸੀਜਨ ਦੇ ਕੋਟੇ ਕਾਰਣ ਪੈਦਾ ਹੋ ਰਹੇ ਝਗੜਿਆਂ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸ ਵਧਣ ਕਾਰਨ ਆਕਸੀਜਨ ਦੀ ਘਾਟ ਪੈਦਾ ਹੋ ਰਹੀ ਹੈ। ਦਿੱਲੀ ਦੇ ਸਾਰੇ ਹਸਪਤਾਲਾਂ ਵਿੱਚ ਤਕਰੀਬਨ ਇੱਕੋ ਜਿਹੇ ਹਾਲਾਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਰਾਤ-ਰਾਤ ਭਰ ਜਾਗ ਕੇ ਹਸਪਤਾਲਾਂ ਵਿਚ ਆਕਸੀਜਨ ਦੀ ਪੂਰਤੀ ਕਰਵਾਈ ਹੈ। ਇਹ ਸੰਕਟ ਦਾ ਸਮਾਂ ਹੈ ਤੇ ਛੇ ਦਿਨ ਦੇ ਲੌਕਡਾਊਨ ਦੇ ਸਮੇਂ ਨੂੰ ਅਸੀਂ ਦਿਨ ਰਾਤ ਇੱਕ ਕਰਕੇ ਇਸਤੇਮਾਲ ਕਰ ਰਹੇ ਹਾਂ ਤਾਂ ਜੋ ਘਰਾਂ ਵਿੱਚ ਬੰਦ ਲੋਕਾਂ ਅਤੇ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਮਰੀਜਾਂ ਨੂੰ ਸਿਹਤ ਸਹੂਲਤਾਂ ਦੇ ਸਕੀਏ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੋਈ ਆਕਸੀਜਨ ਦਾ ਪਲਾਂਟ ਨਹੀਂ ਹੈ। ਦਿੱਲੀ ਨੂੰ ਬਾਕੀ ਸੂਬਿਆਂ ਤੋਂ ਆਕਸੀਜਨ ਲੈਣ ਪੈਂਦੀ ਹੈ। ਇਸ ਲਈ ਸਾਰੇ ਸੂਬੇ ਆਕਸੀਜਨ ਭੇਜ ਕੇ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਰੋਜਾਨਾ 700 ਟਨ ਆਕਸੀਜਨ ਦੀ ਲੋੜ ਹੈ ਤੇ ਕੇਂਦਰ ਨੇ ਦਿੱਲੀ ਦੇ ਕੋਟੇ ਦੀ ਆਕਸੀਜਨ 480 ਟਨ ਕਰ ਦਿੱਤੀ ਹੈ, ਜੋ ਸ਼ਲਾਘਾਯੋਗ ਕਦਮ ਹੈ।

ਕੇਜਰੀਵਾਲ ਨੇ ਕਿਹਾ ਕਿ ਅਸੀਂ ਜੇਕਰ ਸੂਬਿਆਂ ਵਿਚ ਵੰਡ ਹੋ ਗਏ ਤਾਂ ਭਾਰਤ ਨਹੀਂ ਬਚੇਗਾ। ਦਿਲੀ ਆਉਣ ਵਾਲੇ ਕਈ ਟਰੱਕ ਦੂਜੇ ਸੂਬਿਆਂ ਵਿਚ ਰੋਕੇ ਜਾ ਰਹੇ ਹਾ। ਇਹ ਕਰਨਾ ਠੀਕ ਨਹੀਂ ਹੈ। ਸਾਨੂੰ ਮਿਲ ਕੇ ਲੜਨਾ ਹੈ ਤੇ ਸਾਰਿਆਂ ਦੀ ਮਦਦ ਕਰਨ ਦੀ ਲੋੜ ਹੈ। ਇਸ ਮੁਸ਼ਕਲ ਦੀ ਘੜੀ ਵਿਚ ਸਾਨੂੰ ਇਕ ਦੂਜੇ ਨਾਲ ਲੜਨ ਦੀ ਨਹੀਂ ਖੜ੍ਹਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਿਲ ਕੇ ਲੜੇ ਤਾਂ ਸਾਡੀ ਤਾਕਤ ਦੁੱਗਣੀ ਹੋ ਜਾਵੇਗੀ। ਲੜਦੇ ਰਹਾਂਗੇ ਤਾਂ ਸਾਰਿਆਂ ਦਾ ਨੁਕਸਾਨ ਹੋਵੇਗਾ।

ਉਨ੍ਹਾਂ ਕਿਹਾ ਕਿ ਦਿਲੀ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਮੇਰੇ ਹੱਥ ਵਿੱਚ ਜੋ ਕੁੱਝ ਹੋਇਆ ਮੈਂ ਦੂਜੇ ਸੂਬਿਆਂ ਨੂੰ ਦੇਣ ਲਈ ਤਿਆਰ ਹਾਂ। ਜਦੋਂ ਦਿੱਲੀ ਵਿੱਚ ਕੋਰੋਨਾ ਕੇਸ ਘਟੇ ਤਾਂ ਮੈਂ ਆਪਣੇ ਡਾਕਟਰ ਦੂਜੇ ਰਾਜਾਂ ਲਈ ਭੇਜਣ ਲਈ ਬਚਨਬੱਧ ਹਾਂ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਰਿਆਣ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਦਾ ਇੱਕ ਆਕਸੀਜਨ ਦਾ ਟੈਂਕਰ ਦਿੱਲੀ ਦੀ ਸਰਕਾਰ ਨੇ ਲੁੱਟ ਲਿਆ ਹੈ। ਹਾਲਾਂਕਿ ਕੇਜਰੀਵਾਲ ਨੇ ਇਸ ਬਾਰੇ ਬਿਨਾਂ ਕੋਈ ਟਿੱਪਣੀ ਤੇ ਸਪਸ਼ਟੀਕਰਨ ਦਿੱਤਿਆਂ ਆਪਣੇ ਬਿਆਨ ਵਿੱਚ ਸਾਰੇ ਸੂਬਿਆਂ ਨੂੰ ਰਲ ਮਿਲ ਕੇ ਇਸ ਬਿਮਾਰੀ ਦਾ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਹੈ।

ਸੁਣੋ ਕੀ ਕਿਹਾ ਸੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ…