‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਠਿੰਡਾ ਵਿੱਚ ਪੰਜਾਬ ਦਾ ਸਭ ਤੋਂ ਪੁਰਾਣਾ ਥਰਮਲ ਪਲਾਂਟ ਢਾਹ ਦਿੱਤਾ ਗਿਆ ਹੈ। ਸਾਰੀਆਂ ਚਿਮਨੀਆਂ ਢਹਿ-ਢੇਰੀ ਕਰ ਦਿੱਤੀਆਂ ਗਈਆਂ ਹਨ ਅਤੇ ਢਹਿ-ਢੁਹਾਈ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ। ਇਹ ਥਰਮਲ ਪਲਾਂਟ ਕਈ ਦਿਨਾਂ ਤੋਂ ਬੰਦ ਪਿਆ ਸੀ। ਇਹ ਪਲਾਂਟ 460 ਮੈਗਾਵਾਟ ਬਿਜਲੀ ਪੈਦਾ ਕਰਦਾ ਸੀ। ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਇਸ ਥਰਮਲ ਪਲਾਂਟ ਦੀ ਮੁਰੰਮਤ ਕਰਵਾਈ ਜਾਵੇਗੀ ਪਰ ਇਸ ਥਰਮਲ ਪਲਾਂਟ ਦੀ ਮੁਰੰਮਤ ਤਾਂ ਕੀ ਕਰਵਾਉਣੀ ਸੀ, ਇਸ ਨੂੰ ਤਾਂ ਢਾਹ ਹੀ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਥਰਮਲ ਪਲਾਂਟ 1969 ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 500 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਸਾਰਿਆ ਗਿਆ ਸੀ। ਥਰਮਲ ਪਲਾਂਟ ਪੁਰਾਣਾ ਹੋਣ ਕਰਕੇ ਅਕਾਲੀ ਦਲ ਸਰਕਾਰ ਵੇਲੇ ਇਸ ਥਰਮਲ ਪਲਾਂਟ ‘ਤੇ ਕਰੋੜਾਂ ਰੁਪਏ ਖ਼ਰਚੇ ਗਏ ਸਨ ਤਾਂ ਇਸਨੂੰ ਚੱਲਦਾ ਰੱਖਿਆ ਜਾ ਸਕੇ ਪਰ ਇੰਨਾ ਪੈਸਾ ਖਰਚ ਕੇ ਵੀ ਇਸ ਥਰਮਲ ਪਲਾਂਟ ਨੂੰ ਬੁੱਢਾ ਥਰਮਲ ਪਲਾਂਟ ਕਹਿ ਕੇ ਬੰਦ ਕੀਤਾ ਗਿਆ ਕਿ ਹੁਣ ਸਮਰੱਥਾ ਮੁਤਾਬਕ ਇਸ ਵਿੱਚੋਂ ਬਿਜਲੀ ਪੈਦਾ ਨਹੀਂ ਹੋ ਰਹੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਵਿੱਚ ਬਠਿੰਡਾ ਵਾਸੀਆਂ ਦੇ ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਬਠਿੰਡਾ ਥਰਮਲ ਪਲਾਂਟ ਦੀਆਂ ਬੰਦ ਪਈਆਂ ਸਾਰੀਆਂ ਚਿਮਨੀਆਂ ਨੂੰ ਮੁੜ ਚਾਲੂ ਕੀਤਾ ਜਾਵੇਗਾ।

Leave a Reply

Your email address will not be published. Required fields are marked *