Punjab

ਬਠਿੰਡਾ ਮਿਲਟਰੀ ਮਾਮਲੇ ‘ਚ ਨਵਾਂ ਵੱਡਾ ਖੁਲਾਸਾ ! ਸਿਵਲ ਕੱਪੜਿਆਂ ‘ਚ 4 ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ !

ਬਿਊਰੋ ਰਿਪੋਰਟ : ਬਠਿੰਡਾ ਮਿਲਟਰੀ ਸਟੇਸ਼ਨ ‘ਤੇ ਬੁੱਧਵਾਰ ਸਵੇਰੇ ਸਾਢੇ 4 ਵਜੇ ਫਾਇਰਿੰਗ ਵਿੱਚ ਮਾਰੇ ਗਏ 4 ਜਵਾਨਾਂ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਬਠਿੰਡਾ ਦੇ SP (D) ਅਜੇ ਗਾਂਧੀ ਨੇ ਦੱਸਿਆ ਹੈ ਕਿ ਫਾਇਰਿੰਗ ਕਰਨ ਵਾਲੇ 2 ਸ਼ਖਸ਼ ਸਿਵਲ ਕੱਪੜਿਆਂ ਵਿੱਚ ਸਨ ਅਤੇ ਉਨ੍ਹਾਂ ਨੇ ਸੁੱਤੇ ਹੋਏ ਜਵਾਨਾਂ ਨੂੰ ਨਿਸ਼ਾਨਾਂ ਬਣਾਇਆ ਹੈ, ਮੌਕੇ ਤੋਂ ਪੁਲਿਸ ਨੂੰ 19 ਖੋਲ੍ਹ ਵੀ ਬਰਾਮਦ ਹੋਏ ਹਨ । ਇਸ ਦੇ ਨਾਲ ਪੁਲਿਸ ਨੇ ਜਿਹੜੀ FIR ਦਰਜ ਕੀਤਾ ਹੈ ਉਸ ਮੁਤਾਬਿਕ ਹਮਲਾਵਰ ਚਿੱਟੇ ਰੰਗ ਦੇ ਕੁੜਤੇ ਪਜਾਮੇ ਵਿੱਚ ਸਨ,ਹਮਲਾਵਰ ਦਾ ਕੱਦ ਛੋਟਾ ਸੀ,ਮੂੰਹ ਸਿਰ ਢੱਕੇ ਹੋਏ ਸਨ, 2 ਵੱਖ-ਵੱਖ ਕਮਰਿਆਂ ਵਿੱਚ 2-2 ਜਵਾਨ ਸੁੱਤੇ ਸਨ,ਬਦਮਾਸ਼ 2 ਕਮਰਿਆਂ ਵਿੱਚ ਗਏ ਅਤੇ 4 ਜਵਾਨਾਂ ਨੂੰ ਗੋਲੀ ਮਾਰ ਦਿੱਤੀ । 2 ਕਮਰਿਆਂ ਵਿੱਚ 2-2 ਲਾਸ਼ਾਂ ਮਿਲਿਆ ਹਨ । ਜਵਾਨ ਸੰਤੋਸ਼ ਅਤੇ ਕਮਲੇਸ਼ ਇੱਕ ਹੀ ਕਮਰੇ ਵਿੱਚ ਸਨ ਜਦਕਿ ਸਾਗਰ ਅਤੇ ਲੋਕੇਸ਼ ਦੂਜੇ ਕਮਰੇ ਵਿੱਚ ਸਨ। ਇੱਕ ਹਮਲਾਵਰ ਨੇ ਹੱਥ ਵਿੱਚ INSAS ਰਾਈਫਲ ਸੀ ਦੂਜੇ ਨੇ ਸੱਜੇ ਹੱਥ ਵਿੱਚ ਕੁਹਾੜੀ ਸੀ। ਵਾਰਦਾਤ ਤੋਂ ਬਾਅਦ ਜਦੋਂ ਕੈਪਟਨ ਸ਼ਾਂਤਨੂੰ ਪਹੁੰਚੇ ਤਾਂ ਬਦਮਾਸ਼ ਜੰਗਲ ਵੱਲ ਭਜੇ, ਪੁਲਿਸ ਨੂੰ ਸ਼ੱਕ ਹੈ ਕਿ 9 ਅਪ੍ਰੈਲ ਨੂੰ ਜਿਹੜੀ INSAS ਰਾਈਫਲ ਅਤੇ 28 ਕਾਰਤੂਸਸ ਚੋਰੀ ਹੋਏ ਸਨ ਉਨ੍ਹਾਂ ਵਿੱਚੋ ਬਰਾਮਦ 19 ਖੋਲ ਉਸੇ ਰਾਈਫਲ ਦੇ ਸਨ। 31 ਮਾਰਚ ਲੈਸ ਨਾਇਕ ਮੁਪਡੀ ਹਰੀਸ਼ ਨੂੰ INSAS ਰਾਈਫਲ ਅਤੇ ਕਾਰਤੂਸ ਇਸ਼ੂ ਹੋਏ ਸਨ।

ਹੁਣ ਖਬਰ ਆ ਰਹੀ ਹੈ ਕਿ ਸਰਚ ਆਪਰੇਸ਼ਨ ਤੋਂ ਬਾਅਦ INSAS ਰਾਈਫਲ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜ ਦਿੱਤਾ ਗਿਆ ਹੈ । ਉਧਰ SP (D) ਅਜੇ ਗਾਂਧੀ ਨੂੰ ਜਦੋਂ ਪੁੱਛਿਆ ਗਿਆ ਕਿ ਇਹ ਦਹਿਸ਼ਤਗਰਦੀ ਹਮਲਾ ਹੈ ਤਾਂ ਉਨ੍ਹਾਂ ਨੇ ਕਿਹਾ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਹੈ ਪੁਲਿਸ ਅਤੇ ਮਿਲਟਰੀ ਸਾਂਝੇ ਤੌਰ ‘ਤੇ ਇਸ ਦੀ ਜਾਂਚ ਕਰ ਰਹੀ ਹੈ। ਫੌਜ ਨੇ ਦੱਸਿਆ ਹੈ ਕਿ 2 ਦਿਨ ਪਹਿਲਾਂ ਯੂਨਿਟ ਦੇ ਗਾਰਡ ਰੂਮ ਤੋਂ ਇੱਕ ਇੰਸਾਸ ਰਾਈਫਲ ਅਤੇ ਗੋਲੀਆਂ ਵੀ ਗਾਇਬ ਹੋਈਆਂ ਸਨ । ਕੈਂਟ ਥਾਣੇ ਦੇ SHO ਗੁਰਦੀਪ ਸਿੰਘ ਨੇ ਦੱਸਿਆ ਹੈ ਕਿ ਮੰਗਲਵਾਰ ਸ਼ਾਮ ਨੂੰ ਹੀ ਰਾਈਫਲ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਫਾਇਰਿੰਗ ਦੇ ਬਾਅਦ ਮਿਲਟਰੀ ਸਟੇਸ਼ਨ ਨੂੰ ਸੀਲ ਕਰ ਦਿੱਤਾ ਗਿਆ ਹੈ ।

ਮਾਰੇ ਗਏ ਜਵਾਨਾਂ ਦੇ ਨਾਂ

ਜਿੰਨਾਂ 4 ਜਵਾਨਾਂ ਦੀ ਫਾਇਰਿੰਗ ਦੌਰਾਨ ਮੌਤ ਹੋਈ ਹੈ ਉਨ੍ਹਾਂ ਦੇ ਨਾਂ ਹਨ ਯੋਗੇਸ਼ ਕੁਮਾਰ ਜੇ,ਕਮਲੇਸ਼ ਆਰ,ਸਾਗਰ ਬੰਨੇ,ਸੰਤੋਸ਼ ਐੱਮ ਨਾਗਰਾਲ ਹੈ । ਇੰਨਾਂ ਵਿੱਚ ਇਹ ਵੀ ਫੌਜੀ ਪੰਜਾਬ ਦਾ ਰਹਿਣ ਵਾਲਾ ਨਹੀਂ ਹੈ ।

ਰੱਖਿਆ ਮੰਤਰੀ ਨੂੰ ਜਾਣਕਾਰੀ ਦਿੱਤੀ ਗਈ

ਫੌਜ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ,ਆਰਮੀ ਕੈਂਟ ਦੇ ਵਿੱਚ ਫੌਜੀਆਂ ਦੇ ਪਰਿਵਾਰ ਰਹਿੰਦੇ ਹਨ,ਵਾਰਦਾਤ ਤੋਂ ਬਾਅਦ ਉਨ੍ਹਾਂ ਨੂੰ ਘਰੋ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ ,ਕੈਂਟ ਦੇ ਅੰਦਰ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ ।

ਏਸ਼ੀਆ ਦਾ ਸਭ ਤੋਂ ਵੱਡਾ ਕੈਂਟ ਦਾ ਇਲਾਕਾ ਹੈ ਬਠਿੰਡਾ

ਬਠਿੰਡਾ ਕੈਂਟ ਏਸ਼ੀਆ ਦਾ ਸਭ ਤੋਂ ਵੱਡਾ ਫੌਜੀ ਕੈਂਟ ਹੈ । ਇਸ ਮਿਲਟਰੀ ਸਟੇਸ਼ਨ ਦੀ ਬਾਊਂਡਰੀ ਤਕਰੀਬਨ 45 ਕਿਲੋਮੀਟਰ ਲੰਮੀ ਹੈ । ਇੱਥੇ ਹਥਿਆਰਾਂ ਦਾ ਡਿਪੋ ਦੇਸ਼ ਦੇ ਸਭ ਤੋਂ ਵੱਡੇ ਡਿਪੂਆਂ ਵਿੱਚੋ ਇੱਕ ਹੈ । ਮਿਲਟਰੀ ਸਟੇਸ਼ਨ ਦੇ ਵਿੱਚੋ ਨੈਸ਼ਨਲ ਹਾਈਵੇ 64 ਬਠਿੰਡਾ-ਚੰਡੀਗੜ੍ਹ ਗੁਜ਼ਰਦਾ ਹੈ । ਹਾਲਾਂਕਿ ਇਸ ਦੇ ਦੋਵੇ ਪਾਸੇ ਤੋਂ ਬਾਉਂਡਰੀ ਬਣਾ ਕੇ ਮਿਲਟਰੀ ਸਟੇਸ਼ਨ ਨੂੰ ਕਵਰ ਕੀਤਾ ਗਿਆ ਹੈ । ਇਸ ਮਿਲਟਰੀ ਸਟੇਸ਼ਨ ਵਿੱਚ ਵੱਡੀ ਗਿਣਤੀ ਵਿੱਚ ਆਪਰੇਸ਼ਨਲ ਯੂਨਿਟ ਹਨ ।