ਬਿਉਰੋ ਰਿਪੋਰਟ : ਬਟਾਲਾ ਦੇ ਪਿੰਡ ਸਦਾਰੰਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ । ਸੋਮਵਾਰ ਦੀ ਸਵੇਰ ਤਕਰੀਬਨ ਸਾਢੇ 8 ਵਜੇ 12 ਸਾਲ ਦਾ ਬੱਚਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਦਾ ਹੋਇਆ ਸੀਸੀਟੀਵੀ ਵਿੱਚ ਕੈਦ ਹੋਇਆ ਹੈ । ਇਲਜ਼ਾਮ ਹੈ ਕਿ ਉਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਪਾੜ ਦਿੱਤੇ । ਇਤਲਾਹ ਮਿਲਣ ਦੇ ਬਾਅਦ ਮੌਕੇ ‘ਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ । ਇਸ ਪੂਰੀ ਘਟਨਾ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਗੁੱਸਾ ਹੈ ।
ਬੇਅਦਬੀ ਦੀ ਸਾਰੀ ਘਟਨਾ ਗੁਰੂ ਘਰ ਦੇ ਅੰਦਰ ਲੱਗੇ ਸੀਸੀਟੀਵੀ ਵਿੱਚ ਕੈਦ ਹੋਈ ਹੈ । ਪਿੰਡ ਸਦਾਰੰਗ ਦੇ ਗੁਰਦੁਆਾਰ ਸਾਹਿਬ ਵਿੱਚ 12 ਸਾਲ ਦਾ ਬੱਚਾ ਬੇਅਦਬੀ ਕਰਦੇ ਹੋਏ ਨਜ਼ਰ ਆ ਰਿਹਾ ਹੈ । ਵੀਡੀਓ ਵਿੱਚ ਨਜ਼ਰ ਆ ਰਿਹਾ ਬੱਚਾ ਤਾਬਿਆਂ ਦੇ ਕੋਲ ਆਉਂਦਾ ਹੈ ਅਤੇ ਇੱਕ ਅੰਗ ਨੂੰ ਪਾੜ ਕੇ ਉੱਥੇ ਰੱਖ ਕੇ ਗੁਰਦੁਆਰਾ ਸਾਹਿਬ ਤੋਂ ਬਾਹਰ ਚੱਲਾ ਜਾਂਦਾ । ਬੱਚੇ ਨੇ ਹਲਕੇ ਪੀਲੇ ਰੰਗ ਦੀ ਟੀ-ਸ਼ਰਟ ਪਾਈ ਸੀ ਅਤੇ ਸਿਰ ‘ਤੇ ਕੇਸਰੀ ਰੰਗ ਦਾ ਰੂਮਾਲਾ ਬੰਨਿਆ ਸੀ ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ
ਘਟਨਾ ਦੇ ਬਾਰੇ ਸਭ ਤੋਂ ਪਹਿਲਾਂ ਪਤਾ ਗ੍ਰੰਥੀ ਸਿੰਘ ਨੂੰ ਲੱਗਿਆ ਜਦੋਂ ਉਸ ਨੇ ਰੂਮਾਲਾ ਸਾਹਿਬ ਨਾਲ ਛੇੜਖਾਨੀ ਕਰਦੇ ਹੋਏ ਵੇਖਿਆ। ਗ੍ਰੰਥੀ ਸੁਖਵਿੰਦਰ ਨੇ ਫੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੱਸਿਆ । ਜਿੰਨਾਂ ਨੇ ਅੱਗੇ ਪੁਲਿਸ ਨੂੰ ਇਤਲਾਹ ਕੀਤੀ। ਘਟਨਾ ਦੇ ਬਾਅਦ ਸਤਿਕਾਰ ਕਮੇਟੀ ਅਤੇ ਪੰਥਕ ਆਗੂ ਵੀ ਪਹੁੰਚੇ ।
ਘਟਨਾ ਨੂੰ ਲੈਕੇ ਸਵਾਲ
ਜਿਸ ਤਰ੍ਹਾਂ ਨਾਲ ਬੱਚੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੂੰ ਪਾੜਿਆ ਅਤੇ ਫਰਾਰ ਹੋ ਗਿਆ ਉਸ ਤੋਂ ਸਾਫ ਜ਼ਾਹਿਰ ਹੈ ਕਿ ਉਸ ਨੂੰ ਕਿਸੇ ਨੇ ਇਹ ਕੰਮ ਕਰਨ ਦੇ ਲਈ ਲਾਲਚ ਦਿੱਤਾ ਹੈ । ਹੁਣ ਇਹ ਲਾਲਚ ਕਿਸ ਨੇ ਦਿੱਤਾ ਹੈ ? ਕੌਣ ਹੈ ? ਕਿਸ ਮਕਸਦ ਨਾਲ ਦਿੱਤਾ ? ਇਸ ਦਾ ਪਤਾ ਪੁਲਿਸ ਨੂੰ ਲਗਾਉਣਾ ਹੋਵੇਗਾ । ਕਿਉਂਕਿ ਧਾਰਮਿਕ ਮੁੱਦਾ ਹੋਣ ਦੇ ਨਾਲ ਇਹ ਗੰਭੀਰ ਹਰਕਤ ਹੈ । ਕਿਉਂਕਿ ਵਾਰ-ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੱਚੇ ਦੀ ਆੜ ਵਿੱਚ ਇਸ ਹਰਕਤ ਨੂੰ ਅੰਜਾਮ ਦੇਣ ਵਾਲੇ ਕੌਣ ਹਨ ? ਕੀ ਇੰਨਾਂ ਨੂੰ ਰੱਬ ਦਾ ਕੋਈ ਖੌਫ ਨਹੀਂ ਹੈ ? ਹਰ ਵਾਰ ਸ਼ਰਾਰਤੀ ਅਨਸਰਾਂ ਦਾ ਹਵਾਲਾ ਦੇਕੇ ਪੁਲਿਸ ਵੀ ਆਪਣੀ ਜਵਾਬ ਦੇਹੀ ਤੋਂ ਬਚ ਨਹੀਂ ਸਕਦੀ ਹੈ । ਅਜਿਹਾ ਲੋਕਾਂ ਨੂੰ ਉਨ੍ਹਾਂ ਦੇ ਅੰਜਾਮ ਤੱਕ ਪਹੁੰਚਾਉਣਾ ਹੋਵੇਗਾ ।