Punjab Religion

ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਸਤਖ਼ਤ ਮੁਹਿੰਮ ‘ਚ ਬਾਪੂ ਸੂਰਤ ਸਿੰਘ ਨੇ ਵੀ ਪਾਇਆ ਹਿੱਸਾ

Bapu Surat Singh also participated in the signature campaign for the release of the captive Singhs

ਦ ਖ਼ਾਲਸ ਬਿਊਰੋ : ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਸਜ਼ਾ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਦਾ ਸਮਰਥਨ ਕਰਦਿਆਂ ਬਾਪੂ ਸੂਰਤ ਸਿੰਘ ਵੱਲੋਂ ਵੀ ਪ੍ਰੋਫਾਰਮਾ ਭਰਿਆ ਗਿਆ।

ਬਾਪੂ ਸੂਰਤ ਸਿੰਘ ਪਿਛਲੇ ਲੰਮੇ ਅਰਸੇ ਤੋਂ ਸਿੱਖ ਬੰਦੀਆਂ ਦੀ ਰਿਹਾਈ ਲਈ ਸੰਘਰਸ਼ਸ਼ੀਲ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਲੁਧਿਆਣਾ ਸਥਿਤ ਇਕ ਹਸਪਤਾਲ ਵਿਚ ਬਾਪੂ ਸੂਰਤ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ ਜਾਣਿਆ, ਜਿਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੋਕ ਲਹਿਰ ਸਿਰਜਣ ਵਾਸਤੇ ਆਰੰਭੀ ਗਈ ਦਸਤਖ਼ਤ ਮੁਹਿੰਮ ਦੀ ਸ਼ਲਾਘਾ ਕੀਤੀ।

ਇਸ ਮੌਕੇ ਉਨ੍ਹਾਂ ਪ੍ਰੋਫਾਰਮਾ ਭਰਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲੈਣ। ਬਾਪੂ ਸੂਰਤ ਸਿੰਘ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿਚ ਪ੍ਰੋਫਾਰਮੇ ਭਰ ਕੇ ਸ਼੍ਰੋਮਣੀ ਕਮੇਟੀ ਪਾਸ ਪਹੁੰਚਾਉਣ ਲਈ ਵੀ ਕਾਰਜ ਕਰਨਗੇ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਪੂਰੀ ਸਿੱਖ ਕੌਮ ਦਾ ਮਾਮਲਾ ਹੈ ਅਤੇ ਇਸ ਸਬੰਧ ਵਿਚ ਸੰਘਰਸ਼ ਕਰਨ ਵਾਲੇ ਹਰ ਇਕ ਦਾ ਉਹ ਸਤਿਕਾਰ ਕਰਦੇ ਹਨ। ਬਾਪੂ ਸੂਰਤ ਸਿੰਘ ਵੱਲੋਂ ਵੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਕਰੜਾ ਸੰਘਰਸ਼ ਕੀਤਾ ਗਿਆ ਹੈ, ਜੋ ਸਭ ਲਈ ਪ੍ਰੇਰਣਾ ਸਰੋਤ ਹੈ।

ਦਸ ਦਈਏ ਕਿ  ਕੁਝ ਦਿਨ ਪਹਿਲਾਂ ਹੀ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਸਤਖ਼ਤੀ ਮੁਹਿੰਮ ਦੀ ਰੂਪ-ਰੇਖਾ ਉਲੀਕਦਿਆਂ ਇਸ ਲਹਿਰ ਨੂੰ ਦੇਸ਼ ਦੇ ਕੋਨੇ ਕੋਨੇ ਤੱਕ ਫੈਲਾਉਣ ਦਾ ਫੈਸਲਾ ਕੀਤਾ ਗਿਆ ਸੀ।