Khaas Lekh Punjab Religion

ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।

Bandi Chod Divas

‘ਦ ਖ਼ਾਲਸ ਬਿਊਰੋ : ਦੀਵਾਲੀ ਦਾ ਤਿਉਹਾਰ ਭਾਵੇਂ ਪੁਰਾਣੇ ਸਮਿਆਂ ਤੋਂ ਸਮੁੱਚੇ ਭਾਰਤ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਸਿੱਖ ਧਰਮ ‘ਚ ਇਸ ਦਾ ਇਤਿਹਾਸਕ ਅਤੇ ਵਿਲੱਖਣ ਪਿਛੋਕੜ ਹੈ। ਸਿੱਖ ਇਤਿਹਾਸ ਨਾਲ ਦਿਵਾਲੀ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ ਹੋਇਆ ਹੈ, ਜਦੋਂ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਸੀ  ਤਾਂ ਸੰਗਤਾਂ ਵੱਲੋਂ ਦੀਪਮਾਲਾ ਕਰਕੇ ਖ਼ੁਸ਼ੀਆਂ ਮਨਾਈਆਂ ਗਈਆਂ। ਗੁਰੂ ਸਾਹਿਬ ਨੇ ਗਵਾਲੀਅਰ ਕਿਲ੍ਹੇ ਵਿੱਚੋਂ ਬਾਹਰ ਆਉਣ ਸਮੇਂ ਆਪਣੇ ਨਾਲ ਉਨ੍ਹਾਂ ਰਾਜਿਆਂ ਦੀ ਵੀ ਖਲਾਸੀ ਕਰਵਾਈ ਜੋ ਉੱਥੇ ਜਹਾਂਗੀਰ ਵੱਲੋਂ ਕੈਦੀ ਬਣਾ ਕੇ ਰੱਖੇ ਗਏ ਸਨ। ਸਿੱਖ ਇਤਿਹਾਸ ਦੇ ਇਹ ਪੰਨੇ ਕੂੜ ਉੱਪਰ ਧਰਮ ਅਤੇ ਸੱਚਾਈ ਦੀ ਜਿੱਤ ਦੇ ਪ੍ਰਤੀਕ ਹਨ।

ਬੰਦੀ ਛੋੜ ਦਿਵਸ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿੱਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ। ਸਿੱਖੀ ਦੇ ਮੁੱਢਲੇ ਅਸੂਲਾਂ ਵਿੱਚ ਨਿਆਂ ਅਤੇ ਪਰਉਪਕਾਰ ਮੋਹਰੀ ਹੈ। ਇਸੇ ਤਹਿਤ ਸਿੱਖ ਗੁਰੂ ਸਾਹਿਬਾਨ ਨੇ ਹਰ ਪੀੜਤ ਧਿਰ ਨਾਲ ਖੜ੍ਹਦਿਆਂ ਜ਼ੁਲਮਾਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਹੱਕ, ਸੱਚ ਤੇ ਨਿਆਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਸ਼ਸਤਰਧਾਰੀ ਹੋਣਾ ਪਵੇਗਾ।

ਇਸੇ ਲਈ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਮੌਕੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰਵਾਈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦਾ ਹੁਕਮ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾ ਦਿੱਤਾ ਸੀ। ਵਕਤ ਦੀ ਸ਼ਕਤੀਸ਼ਾਲੀ ਮੁਗਲੀਆ ਹਕੂਮਤ ਦੇ ਦੌਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੀ ਫ਼ੌਜ ਨਾਲ ਜਿੰਨੀਆਂ ਵੀ ਲੜਾਈਆਂ ਲੜੀਆਂ, ਸਾਰੀਆਂ ਵਿੱਚ ਉਹ ਜੇਤੂ ਰਹੇ। ਪਰ ਇਸ ਦੇ ਚੱਲਦਿਆਂ ਹਕੂਮਤ ਨੇ ਗੁਰੂ-ਘਰ ਦੇ ਕੁਝ ਦੋਖੀਆਂ ਦੀਆਂ ਚੁਗਲੀਆਂ ਅਤੇ ਕੱਟੜਪੰਥੀ ਮੁਸਲਮਾਨ ਨੇਤਾਵਾਂ ਦੇ ਕੁਝ ਬਹਾਨਿਆਂ ਨੂੰ ਮੁੱਦਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਨਜ਼ਰਬੰਦ ਕਰ ਦਿੱਤਾ। ਗੁਰੂ ਸਾਹਿਬ ਦੀ ਗ੍ਰਿਫ਼ਤਾਰੀ ਸੁਣ ਕੇ ਸੰਗਤਾਂ ਬੇਚੈਨ ਹੋਣ ਲੱਗੀਆਂ।

ਸੰਗਤਾਂ ਸ੍ਰੀ ਅੰਮ੍ਰਿਤਸਰ ਤੋਂ ਗਵਾਲੀਅਰ ਪੁੱਜਦੀਆਂ, ਪਰ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਣ ਕਾਰਨ ਕਿਲ੍ਹੇ ਦੀ ਪਰਿਕਰਮਾ ਕਰਕੇ ਵਾਪਸ ਆ ਜਾਂਦੀਆਂ। ਸਲਿਮ ਸੂਫੀ ਸੰਤ ਸਾਈਂ ਮੀਆਂ ਮੀਰ ਜੀ ਵੱਲੋਂ ਬਾਦਸ਼ਾਹ ਜਹਾਂਗੀਰ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਬੰਧੀ ਜਾਣਕਾਰੀ ਦਿੱਤੇ ਜਾਣ ‘ਤੇ ਉਸ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ
ਆਦੇਸ਼ ਜਾਰੀ ਕਰ ਦਿੱਤਾ।

ਪਰ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਕੱਲਿਆਂ ਕਿਲ੍ਹੇ ਵਿੱਚੋਂ ਰਿਹਾਅ ਹੋਣਾ ਸਵੀਕਾਰ ਨਾ ਕੀਤਾ। ਗੁਰੂ ਸਾਹਿਬ ਦੀ ਰਹਿਮਤ ਸਦਕਾ ਕਿਲ੍ਹੇ ਵਿੱਚ ਨਜ਼ਰਬੰਦ 52 ਰਾਜਪੂਤ ਰਾਜਿਆਂ ਨੂੰ ਵੀ ਬੰਦੀਖਾਨੇ ਤੋਂ ਮੁਕਤੀ ਮਿਲੀ। ਇਸ ਦਿਨ ਤੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ‘ਬੰਦੀ-ਛੋੜ’ ਦਾਤਾ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ।

“ਸਤਿਗੁਰੁ ਬੰਦੀਛੋੜੁ ਹੈ  ਜੀਵਣ ਮੁਕਤਿ ਕਰੈ ਓਡੀਣਾ। ”

ਰਿਹਾਈ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਸ ਦਿਨ ਭਾਰੀ ਗਿਣਤੀ ਵਿੱਚ ਸਿੱਖ ਸੰਗਤਾਂ ਨਾਲ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਸਿੱਖ ਸੰਗਤਾਂ ਨੇ ਗੁਰੂ ਸਾਹਿਬ ਦੇ ਪੁੱਜਣ ‘ਤੇ ਘਰਾਂ ਵਿੱਚ ਘਿਓ ਦੇ ਦੀਵੇ ਜਗਾਏ ਅਤੇ ਅਥਾਹ ਖੁਸ਼ੀਆਂ ਮਨਾਈਆਂ। ਸ੍ਰੀ ਦਰਬਾਰ ਸਾਹਿਬ ਵਿਖੇ ਵੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ। ਇਸ ਦਿਨ ਤੋਂ ਸਿੱਖਾਂ ਵਾਸਤੇ ਦੀਵਾਲੀ ਇੱਕ ਪਵਿੱਤਰ ਦਿਹਾੜਾ ਬਣ ਗਿਆ ਅਤੇ ਸਿੱਖ ਜਗਤ ਹਰ ਸਾਲ ਸ੍ਰੀ ਅੰਮ੍ਰਿਤਸਰ ਵਿਖੇ ਇਕੱਤਰ ਹੋ ਕੇ ਬੰਦੀ-ਛੋੜ ਦਿਹਾੜਾ ਮਨਾਉਣ ਲੱਗਾ।

ਦੀਵਾਲੀ ਅਤੇ ਬੰਦੀ ਛੋੜ ਦਿਵਸ ਮੌਕੇ ਅੰਮ੍ਰਿਤਸਰ ਦੇ ਗੁਰਦੁਆਰਾ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਸੁੰਦਰ ਲਾਈਟਾ ਅਤੇ ਵੱਖ ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਜਿਸ ਕਾਰਨ ਹਰਿਮੰਦਰ ਸਾਹਿਬ ਦੀ ਖੂਬਸੁਰਤੀ ਦੁੱਗਣੀ ਵੱਧ ਜਾਂਦੀ ਹੈ।  ਬੰਦੀ ਛੋੜ ਦਿਵਸ (ਦੀਵਾਲੀ) ਦੇ ਮੌਕੇ ਅੰਮ੍ਰਿਤਸਰ ਵਿੱਚ ਭਾਰੀ ਗਿਣਤੀ ਵਿੱਚ ਇਕੱਠਾ ਹੁੰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਕੌਮ ਦੇ ਨਾਂ ਸੰਦੇਸ਼ ਦਿੰਦੇ ਹਨ। ਮੰਤਵ ਇਹ ਹੈ ਕਿ ਸਿੱਖ ਕੌਮ ਆਪਣੇ ਇਤਿਹਾਸ ਨਾਲ ਜੁੜ ਕੇ ਭਵਿੱਖ ਦੀਆਂ ਤਰਜੀਹਾਂ ਨਿਰਧਾਰਤ ਕਰੇ। ਸੋ ਬੰਦੀ ਛੋੜ ਦਿਵਸ (ਦੀਵਾਲੀ) ਦੇ ਮੌਕੇ ’ਤੇ ਜਿੱਥੇ ਸਿੱਖ ਨੇ ਹੱਕ ਸੱਚ, ਸੰਤੋਖ ਤੇ ਸਬਰ ਦੀ ਜਿੱਤ ਦੇ ਵਿਸ਼ਵਾਸ ਨੂੰ ਦ੍ਰਿੜ ਕਰਨਾ ਹੈ, ਉੱਥੇ ਸਿੱਖੀ ਸਿਖਰ ਦੀ ਪਰਿਪੱਕਤਾ ਨੂੰ ਰੋਮ ਰੋਮ ਵਿੱਚ ਵਸਾਉਣਾ ਹੈ।