ਬਿਉਰੋ ਰਿਪੋਰਟ : ਸਾਊਦੀ ਅਰਬ ਵਿੱਚ 2 ਕਰੋੜ ਦੀ ਬਲੱਡ ਮਨੀ ਦੇਕੇ ਕਤਲ ਦੇ ਮਾਮਲੇ ਵਿੱਚ ਸਜਾ-ਏ-ਮੌਤ ਤੋਂ ਬਚ ਕੇ ਬਲਵਿੰਦਰ ਸਿੰਘ ਭਾਰਤ ਆ ਗਿਆ ਹੈ । ਮੁਕਤਸਰ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਹੈ ਬਲਵਿੰਦਰ ਸਿੰਘ। 16 ਮਹੀਨੇ ਬਾਅਦ ਆਪਣੇ ਪਿੰਡ ਪਰਤਿਆ ਹੈ । ਇਸ ਦੌਰਾਨ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਵਾਲਿਆਂ ਨੇ ਉਸ ਦਾ ਜ਼ਬਰਦਸਤ ਸੁਆਗਤ ਕੀਤਾ ਹੈ । ਇਸ ਮੌਕੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਘਰ ਪੰਜਾਬ ਜਿਉਂਦੇ ਪਰਤਣ ‘ਤੇ ਅਜਿਹਾ ਲੱਗ ਰਿਹਾ ਹੈ ਜਿਵੇ ਉਸ ਦਾ ਦੂਜਾ ਜਨਮ ਹੋਇਆ ਹੈ ।
ਧਰਮ ਬਦਲਣ ਦਾ ਲਾਲਚ ਦਿੱਤਾ ਗਿਆ
ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੁਜ਼ਗਾਰ ਦੀ ਤਲਾਸ਼ ਲਈ ਅਰਬ ਗਿਆ ਸੀ ਪਰ ਬਿਨਾਂ ਕਿਸੇ ਗੁਨਾਹ ਦੇ ਉਸ ਨੂੰ ਜੇਲ੍ਹ ਵਿੱਚ ਪਾ ਦਿੱਤਾ ਗਿਆ । ਉਸ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੂੰ ਤਸੀਹੇ ਦਿੱਤੇ ਗਏ ਕਤਲ ਦੇ ਕੇਸ ਵਿੱਚ ਰਿਹਾਈ ਦੇ ਬਦਲੇ ਧਰਮ ਬਦਲਣ ਦਾ ਲਾਲਚ ਦਿੱਤਾ ਗਿਆ ਪਰ ਉਸ ਨੂੰ ਪਰਮਾਤਮਾ ‘ਤੇ ਪੂਰਾ ਭਰੋਸਾ ਸੀ । ਬਲਵਿੰਦਰ ਸਿੰਘ ਨੂੰ ਇਸ ਗੱਲ ਦੀ ਨਰਾਜ਼ਗੀ ਹੈ ਕਿ ਜੇਲ੍ਹ ਵਿੱਚ ਰਹਿੰਦੇ ਹੋਏ ਭਾਰਤੀ ਸਫਾਰਤਖਾਨੇ ਜਾਂ ਸਰਕਾਰ ਨੇ ਕੋਈ ਵੀ ਕਾਨੂੰਨੀ ਮਦਦ ਨਹੀਂ ਦਿੱਤੀ ।
ਜ਼ਿੰਦਾ ਪਰਤਨ ਦੀ ਉਮੀਦ ਛੱਡ ਚੁੱਕਾ ਸੀ
ਬਲਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਆ ਗਿਆ ਸੀ ਕਿ ਉਸ ਦੇ ਜਿਉਂਦੇ ਪਰਤਣ ਦੀ ਉਮੀਦ ਵੀ ਛੱਡ ਦਿੱਤੀ ਸੀ । ਉਸ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਉਸ ਦਾ ਸਿਰ ਕਲਮ ਹੋਣ ਦੇ ਬਾਅਦ ਮ੍ਰਿਤਕ ਦੇਹ ਭਾਰਤ ਭੇਜਕੇ ਉਸ ਦੇ ਪਿੰਡ ਵਿੱਚ ਅੰਤਿਮ ਸਸਕਾਰ ਕੀਤਾ ਜਾਵੇ। ਬਲਵਿੰਦਰ ਨੇ ਕਿਹਾ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਬਿਨਾਂ ਕਿਸੇ ਜੁਰਮ ਉਸ ਨੂੰ ਸਜ਼ਾ ਦਿੱਤੀ ਗਈ ਉਸ ਦੇ ਮਾਤਾ ਪਿਤਾ ਇੰਤਜ਼਼ਾਰ ਕਰਦੇ ਹੋਏ ਦੁਨੀਆ ਨੂੰ ਅਲਵਿਦਾ ਕਹਿ ਗਏ । ਬਲਵਿੰਦਰ ਸਿੰਘ ਨੇ 2 ਕਰੋੜ ਦੀ ਬਲੱਡ ਮਨੀ ਇਕੱਠੀ ਕੀਤੀ ਅਤੇ ਉਸ ਨੂੰ ਰਿਹਾਅ ਕਰਵਾਉਣ ਦੇ ਲਈ ਦੇਸ਼ ਅਤੇ ਵਿਦੇਸ਼ ਤੋਂ ਦਾਨੀ ਸੱਜਣਾਂ ਨੇ ਮਦਦ ਕੀਤੀ ਜਿਸ ਦੇ ਲਈ ਉਸ ਨੇ ਸਾਰਿਆ ਦਾ ਧੰਨਵਾਦ ਕੀਤਾ ਹੈ ।
ਇਹ ਹੈ ਪੂਰਾ ਮਾਮਲਾ
ਚਾਚੇ ਦੇ ਭਰਾ ਜੋਗਿੰਦਰ ਸਿੰਘ ਦੇ ਮੁਤਾਬਿਕ ਬਲਵਿੰਦਰ ਸਿੰਘ 2008 ਵਿੱਚ ਸਾਊਦੀ ਅਰਬ ਗਿਆ ਸੀ । 2012 ਵਿੱਚ ਇੱਕ ਝਗੜੇ ਦੌਰਾਨ ਸਾਹਮਣੇ ਵਾਲੇ ਸ਼ਖਸ ਦੀ ਮੌਤ ਹੋ ਗਈ ਸੀ । ਜਿਸ ਦਾ ਇਲਜ਼ਾਮ ਬਲਵਿੰਦਰ ਸਿੰਘ ‘ਤੇ ਲੱਗ ਗਿਆ । ਅਦਾਲਤ ਨੇ ਉਸ ਨੂੰ 7 ਸਾਲ ਕੈਦ ਦੀ ਸਜ਼ਾ ਦਿੱਤੀ । ਜਦੋਂ ਸਜ਼ਾ ਪੂਰੀ ਹੋ ਗਈ ਤਾਂ 2019 ਵਿੱਚ ਅਦਾਲਤ ਨੇ ਸਿਰ ਕਲਮ ਕਰਨ ਜਾਂ ਸਾਊਦੀ ਅਰਬ ਕਾਨੂੰਨ ਦੇ ਮੁਤਾਬਿਕ ਪੀੜਤ ਦੇ ਪਰਿਵਾਰ ਨੂੰ 10 ਲੱਖ ਰਿਆਲ ਬਲੱਡ ਮਨੀ ਦੇਣ ਦੇ ਹੁਕਮ ਦਿੱਤੇ ।
ਦੁਬਈ ਦੇ ਹੋਟਲ ਕਾਰੋਬਾਰੀ ਨੇ ਕੀਤੀ ਮਦਦ
ਬਲਵਿੰਦਰ ਸਿੰਘ ਦਾ ਪਰਿਵਾਰ ਇਨ੍ਹਾਂ ਪੈਸਾ ਦੇਣ ਲਈ ਸਮਰਥ ਨਹੀਂ ਸੀ ਇਸੇ ਲਈ ਦੇਸ਼-ਵਿਦੇਸ਼ ਦੇ ਦਾਨੀ ਲੋਕਾਂ ਕੋਲੋ ਮਦਦ ਮੰਗੀ ਗਈ । ਜਿਸ ਦੇ ਬਾਅਦ ਸਰਬਤ ਦਾ ਭੱਲਾ ਟਰੱਸਟ ਦੇ ਮੋਢੀ ਦੁਬਈ ਦੇ ਹੋਟਲ ਵਪਾਰੀ ਡਾਕਟਰ ਐੱਸਪੀ ਸਿੰਘ ਓਬਰਾਏ ਨੇ ਮਦਦ ਕੀਤੀ । ਜਿਸ ਦੇ ਬਾਅਦ ਦੂਜੇ ਲੋਕਾਂ ਨੇ ਵੀ ਮਦਦ ਕੀਤੀ ਅਤੇ ਸਿਰ ਕਲਮ ਦੀ ਤਰੀਕ 18 ਮਈ 2022 ਤੋਂ ਕੁਝ ਦਿਨ ਪਹਿਲਾਂ ਪੂਰਾ ਪੈਸਾ ਸਾਊਦੀ ਅਰਬ ਕੋਰਟ ਨੂੰ ਭੇਜ ਦਿੱਤਾ ਗਿਆ ।