Punjab

31 ਸਾਲ ਬਾਅਦ ਇੱਕ ਵਾਰ ਮੁੜ ਤੋਂ ਜਸਵੰਤ ਸਿੰਘ ਖਾਲੜਾ ਦੀ ਗੱਲ ਸੱਚ ਸਾਬਿਤ ਹੋਈ !

ਬਿਊਰੋ ਰਿਪੋਰਟ : 90 ਦੇ ਦਹਾਕੇ ਵਿੱਚ ਬੇਕਸੂਰ ਸਿੱਖਾਂ ‘ਤੇ ਪੁਲਿਸ ਦੀ ਤਸ਼ਦੱਦ ਨੂੰ ਨਸ਼ਰ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਬਰਸੀ ਤੋਂ 2 ਦਿਨ ਬਾਅਦ ਮੋਹਾਲੀ ਦੀ CBI ਅਦਾਲਤ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ । ਇੱਕ ਹੋਰ ਝੂਠੇ ਮੁਕਾਬਲੇ ਵਿੱਚ 3 ਪੁਲਿਸ ਮੁਲਾਜ਼ਮਾਂ ਨੂੰ 31 ਸਾਲ ਬਾਅਦ ਦੋਸ਼ੀ ਕਰਾਰ ਦਿੱਤਤਾ ਹੈ । ਹੁਣ ਦੋਸ਼ੀਆਂ ਨੂੰ 14 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ ।

ਦਰਅਸਲ ਪਿੰਡ ਬੁੱਟਰ ਨਜ਼ਦੀਕ ਮਹਿਤਾ ਦੇ ਹਰਜੀਤ ਸਿੰਘ ਨੂੰ 29 ਅਪ੍ਰੈਲ 1992 ਵਿੱਚ ਠੱਠੀਆਂ ਬੱਸ ਸਟੈਂਡ ਤੋਂ ਪੁਲਿਸ ਨੇ ਚੁੱਕ ਕੇ ਨਜਾਇਜ਼ ਹਿਰਾਸਤ ਵਿੱਚ ਰੱਖ ਕੇ ਦੋ ਹੋਰ ਨੌਜਵਾਨ ਜਸਪਿੰਦਰ ਸਿੰਘ ਜੱਸਾ ਅਤੇ ਲਖਵਿੰਦਰ ਸਿੰਘ ਲੱਖਾ ਨਾਲ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ । ਹਰਜੀਤ ਸਿੰਘ ਦੇ ਪਿਤਾ ਕਸ਼ਮੀਰ ਸਿੰਘ ਨੇ ਇਸ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਕੇਸ ਕੀਤਾ ਸੀ । ਜਿਸ ਵਿੱਚ ਵਾਰੰਟ ਅਫਸਰ ਨਿਯੁਕਤ ਹੋਣ ਤੋਂ ਬਾਅਦ ਸੈਸ਼ਨ ਜੱਜ ਚੰਡੀਗੜ੍ਹ ਤੋਂ ਜਾਂਚ ਕਰਵਾਈ ਗਈ । ਇਸ ਤੋਂ ਬਾਅਦ 1997 ਵਿੱਚ ਸੀਬੀਆਈ ਨੂੰ ਕੇਸ ਦੇ ਦਿੱਤਾ ਗਿਆ । ਸੀਬੀਆਈ ਨੇ 2000 ਵਿੱਚ 9 ਪੁਲਿਸ ਅਫਸ਼ਰਾਂ ਖਿਲਾਫ਼ ਚਾਰਜਸ਼ੀਟ ਅਦਾਲਤ ਵਿੱਚ ਦਾਖਲ ਕੀਤੀ ਸੀ । ਪਰ ਇਹ ਕੇਸ ਕਈ ਸਾਲ ਪਹਿਲਾ ਸਟੇਅ ਰਿਹਾ ਅਤੇ 31 ਸਾਲ ਬਾਅਦ ਹੁਣ ਫੈਸਲਾ ਸੁਣਾਇਆ ਗਿਆ ਹੈ।

ਇਸ ਕੇਸ ਵਿੱਚ ਬਾਕੀ ਦੋਸ਼ੀਆਂ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਕੇਸ ਦੇ 58 ਗਵਾਹਾਂ ਵਿੱਚੋਂ 27 ਦੀ ਮੌਤ ਹੋ ਗਈ ਸੀ ।