‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਅਦੁੱਤੀ ਸ਼ਹੀਦੀ ਹੈ ਅਤੇ ਹਰ ਕੋਈ ਉਨ੍ਹਾਂ ਦੀ ਸ਼ਹੀਦੀ ਨੂੰ ਪ੍ਰਣਾਮ ਕਰਦਾ ਹੈ। ਬਾਬਾ ਦੀਪ ਸਿੰਘ ਜੀ ਨੂੰ ਇੱਕ ਯੋਧਾ ਹੋਣ ਦੇ ਨਾਲ-ਨਾਲ ਇੱਕ ਬ੍ਰਹਮਗਿਆਨੀ ਵਜੋਂ ਵੀ ਜਾਣਿਆ ਜਾਂਦਾ ਹੈ। ਬਾਬਾ ਦੀਪ ਸਿੰਘ ਜੀ ਦਾ ਜਨਮ 1682 ਈ: ‘ਚ ਪਿਤਾ ਭਗਤਾ ਦੇ ਘਰ ਮਾਤਾ ਜਿਓਨੀ ਦੀ ਕੁੱਖੋਂ ਪਿੰਡ ਪਹੂਵਿੰਡ, ਅੰਮ੍ਰਿਤਸਰ ਵਿਖੇ ਹੋਇਆ।
1699 ਈ: ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਥਾਪਿਤ ਕੀਤੇ ਖਾਲਸਾ ਪੰਥ ਤੋਂ ਅਨੰਦਪੁਰ ਸਾਹਿਬ ਵਿਖੇ ਅੰਮ੍ਰਿਤ ਛਕਿਆ ਅਤੇ ਗੁਰੂ ਦੇ ਸਿੱਖ ਬਣ ਗਏ। ਬਾਬਾ ਦੀਪ ਸਿੰਘ ਜੀ ਨੂੰ ਗੁਰੂ ਜੀ ਦਾ ਸਾਥ ਇੰਨਾ ਚੰਗਾ ਲੱਗਾ ਕਿ ਬਾਬਾ ਦੀਪ ਸਿੰਘ ਜੀ ਨੇ ਆਪਣੇ ਪਰਿਵਾਰ ਨੂੰ ਕਿਹਾ ਕਿ ਉਹ ਹੁਣ ਘਰ ਨਹੀਂ ਜਾਣਗੇ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ‘ਤੇ ਚੱਲ ਕੇ ਆਪਣਾ ਜੀਵਨ ਗੁਰੂ ਦੇ ਚਰਨਾ ‘ਚ ਗੁਜ਼ਾਰਨਗੇ। ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਬਹੁਤ ਸਮਾਂ ਗੁਜਾਰਿਆ ਅਤੇ ਇੱਥੇ ਹੀ ਬਾਬਾ ਜੀ ਨੇ ਸ਼ਸ਼ਤਰ ਵਿੱਦਿਆ ਦੇ ਨਾਲ ਗੁਰਮੁਖੀ ਪੜ੍ਹਨੀ ਤੇ ਲਿਖਣੀ ਸਿੱਖੀ।
ਬਾਬਾ ਦੀਪ ਸਿੰਘ ਜੀ ਨੇ ਅੰਨਦਪੁਰ ਸਾਹਿਬ ਵਿਖੇ ਦੋ ਸਾਲ ਦਾ ਸਮਾਂ ਗੁਜ਼ਾਰਿਆ ਅਤੇ 1702 ਵਿੱਚ ਆਪਣੇ ਪਿੰਡ ਪਰਤੇ ਅਤੇ ਫਿਰ 1705 ਈ: ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਚਾਰ ਕਾਪੀਆਂ ਲਿਖਣ ‘ਚ ਸਹਾਇਤਾ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ-ਇੱਕ ਕਾਪੀ ਸਿੱਖਾਂ ਦੇ ਚਾਰ ਤਖਤ (ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਤਖ਼ਤ ਸ੍ਰੀ ਪਟਨਾ ਸਾਹਿਬ, ਬਿਹਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਅੰਨਦਪੁਰ ਸਾਹਿਬ) ਵਿਖੇ ਸ਼ੁਸ਼ੋਬਿਤ ਕੀਤੀਆਂ।
ਗੁਰੂ ਸਾਹਿਬ ਜੀ ਦੇ ਦਿੱਲੀ ਜਾਣ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਦੀ ਸੇਵਾ ਸੰਭਾਲੀ। 1709 ਈ: ਦੇ ਵਿੱਚ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜਥੇ ਵਿੱਚ ਸ਼ਾਮਿਲ ਹੋ ਗਏ ਅਤੇ ਸਢੋਰਾ ਤੇ ਚੱਪੜਚਿੜੀ ਦੀ ਲੜਾਈ ਲੜੀ। 1733 ਈ: ਦੇ ਵਿੱਚ ਨਵਾਬ ਕਪੂਰ ਸਿੰਘ ਸਿੰਘਪੁਰੀਆ ਨੇ ਬਾਬਾ ਜੀ ਨੂੰ ਇੱਕ ਜਥੇ ਦਾ ਮੁਖੀ ਨਿਯੁਕਤ ਕਰ ਦਿੱਤਾ। 1748 ਈ: ਦੇ ਵਿੱਚ ਵਿਸਾਖੀ ਵਾਲੇ ਦਿਨ ਦਲ ਖਾਲਸਾ ਦੇ 65 ਜਥਿਆਂ ਨੂੰ 12 ਮਿਸਲਾਂ ‘ਚ ਪੁਨਰਗਠਿਤ ਕੀਤਾ ਗਿਆ ਸੀ ਅਤੇ ਉਨ੍ਹਾਂ 12 ਮਿਸਲਾਂ ‘ਚੋਂ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦਾ ਮੁਖੀ ਥਾਪਿਆ ਗਿਆ।
1757 ‘ਚ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਚੌਥੇ ਹਮਲੇ ਦੌਰਾਨ ਦਿੱਲੀ ‘ਚ ਲੁੱਟਾਂ-ਖੋਹਾਂ ਕੀਤੀਆਂ ਅਤੇ ਸਿੱਖ ਨੌਜਵਾਨਾਂ ਅਤੇ ਔਰਤਾਂ ਨੂੰ ਬੰਦੀ ਬਣਾ ਲਿਆ ਤੇ ਕਾਬੁਲ ਲਿਜਾਣ ਦੀ ਯੋਜਨਾ ਬਣਾਈ। ਉਸ ਵਕਤ ਬਾਬਾ ਦੀਪ ਸਿੰਘ ਜੀ ਦੀ ਫੌਜ ਕੁਰੂਕਸ਼ੇਤਰ ਦੇ ਨੇੜੇ ਤਾਇਨਾਤ ਸੀ ਅਤੇ ਬਾਬਾ ਜੀ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਸਭ ਕੁੱਝ ਛੁਡਵਾਉਣ ਦੀ ਯੋਜਨਾ ਬਣਾਈ ਤੇ ਕੈਦੀਆ ਨੂੰ ਮੁਕਤ ਕਰਾ ਕੇ ਜਿੱਤ ਪ੍ਰਾਪਤ ਕੀਤੀ ਸੀ।
ਇਸਦਾ ਬਦਲਾ ਲੈਣ ਦੇ ਲਈ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਪੁੱਤਰ ਤੈਮੂਰ ਸ਼ਾਹ ਨੂੰ ਲਾਹੌਰ ਦਾ ਗਵਰਨਰ ਨਿਯੁਕਤ ਕੀਤਾ ਅਤੇ ਉਸ ਨੇ ਸਿੱਖਾਂ ਨੂੰ ਖ਼ਤਮ ਕਰਨ ਦਾ ਹੁਕਮ ਦਿੱਤਾ। ਤੈਮੂਰ ਸ਼ਾਹ ਨੇ ਗੁਰਦੁਆਰਿਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਤੈਮੂਰ ਸ਼ਾਹ ਨੇ ਸ੍ਰੀ ਹਰਿਮੰਦਿਰ ਸਾਹਿਬ ਨੂੰ ਢਾਹੁਣ ਦਾ ਫੈਸਲਾ ਕੀਤਾ। ਬਾਬਾ ਦੀਪ ਸਿੰਘ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਬਾਬਾ ਜੀ ਨੇ ਤੈਮੂਰ ਸ਼ਾਹ ਨਾਲ ਇੱਟ ਨਾਲ ਇੱਟ ਖੜਕਾਉਣ ਦਾ ਫੈਸਲਾ ਕਰ ਲਿਆ।
ਬਾਬਾ ਜੀ ਦੇ ਨਾਲ ਦਮਦਮਾ ਸਾਹਿਬ ਤੋਂ 500 ਸਿੰਘਾਂ ਨੇ ਸਾਥ ਦਿੱਤਾ ਅਤੇ ਬਾਬਾ ਜੀ ਨੇ ਤਰਨਤਾਰਨ ਸਾਹਿਬ ਆ ਕੇ ਆਪਣੀ ਤਲਵਾਰ ਨਾਲ ਜ਼ਮੀਨ ‘ਤੇ ਲਕੀਰ ਖਿੱਚ ਕੇ ਕਿਹਾ ਕਿ ਜਿਹੜੇ ਸਿੰਘ ਗੁਰੂ ਵੱਲ ਹਨ ਅਤੇ ਕੁਰਬਾਨੀਆਂ ਲਈ ਤਿਆਰ ਹਨ, ਉਹ ਇਸ ਲਕੀਰ ਨੂੰ ਪਾਰ ਕਰਕੇ ਮੇਰੇ ਵੱਲ ਆ ਜਾਣ। ਉਸ ਵਕਤ ਤਕਰੀਬਨ 5000 ਤੋਂ ਵਧ ਸਿੱਖਾਂ ਨੇ ਬਾਬਾ ਜੀ ਦਾ ਸਾਥ ਦਿੱਤਾ ਅਤੇ ਅੱਜ ਉੱਥੇ ਗੁਰਦੁਆਰਾ ਲਕੀਰ ਸਾਹਿਬ ਸਥਾਪਿਤ ਹੈ।
ਮੁਗਲਾਂ ਦੇ ਗਵਰਨਰ ਨੇ 20000 ਦੀ ਫੌਜ ਤਿਆਰ ਕੀਤੀ। ਬਾਬਾ ਦੀਪ ਸਿੰਘ ਜੀ ਨੇ ਯੁੱਧ ਦੀ ਸ਼ੁਰੂਆਤ ‘ਤੇ ਅਰਦਾਸ ਕੀਤੀ ਕਿ ਮੈਂ ਸ੍ਰੀ ਹਰਮੰਦਿਰ ਸਾਹਿਬ ਦੇ ਦਰਸ਼ਨ ਕਰ ਸਕਾਂ ਅਤੇ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਾਂ। ਇਸ ਯੁੱਧ ਦੌਰਾਨ ਬਹੁਤ ਸਾਰੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਬਾਬਾ ਜੀ ਦਾ ਸਿਰ ਇਸ ਯੁੱਧ ਦੌਰਾਨ ਧੜ ਨਾਲੋਂ ਲੱਥ ਗਿਆ ਤਾਂ ਬਾਬਾ ਜੀ ਨੇ ਆਪਣਾ ਸਿਰ ਇੱਕ ਹੱਥ ‘ਤੇ ਰੱਖ ਕੇ ਦੂਸਰੇ ਹੱਥ ਵਿੱਚ ਦੋ ਧਾਰੀ ਕਿਰਪਾਨ ਫੜ ਕੇ ਲੜਦੇ ਰਹੇ ਤੇ ਅੰਮ੍ਰਿਸਰ ਪੁੱਜੇ। ਬਾਬਾ ਜੀ ਨੇ ਆਪਣਾ ਸਿਰ ਸ੍ਰੀ ਹਰਮੰਦਿਰ ਸਾਹਿਬ ਦੀ ਪਰਿਕਰਮਾ ਵਿੱਚ ਗੁਰੂ ਸਾਹਿਬ ਅੱਗੇ ਝੁਕਾਇਆ। ਜਿਸ ਸਥਾਨ ‘ਤੇ ਬਾਬਾ ਜੀ ਅਤੇ ਬਾਕੀ ਸਿੱਖ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ, ਉਸ ਸਥਾਨ ‘ਤੇ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਸਥਿਤ ਹੈ।
ਜਦੋਂ ਬਾਬਾ ਜੀ ਨੇ ਆਪਣਾ ਸਿਰ ਸ੍ਰੀ ਹਰਮੰਦਿਰ ਸਾਹਿਬ ਦੀ ਪਰਕਰਮਾ ਵਿੱਚ ਰੱਖਿਆ ਤਾਂ ਉਸ ਵਕਤ ਮੁਗਲ ਇਸ ਕੌਤਕ ਨੂੰ ਵੇਖ ਕੇ ਡਰ ਗਏ ਅਤੇ ਕਹਿਣ ਲੱਗੇ ਕਿ ਅਸੀਂ ਸਿੱਖਾਂ ਤੋਂ ਨਹੀਂ ਜਿੱਤ ਸਕਦੇ, ਇਹ ਤਾਂ ਮਰਨ ਤੋਂ ਬਾਅਦ ਵੀ ਲੜੀ ਜਾ ਰਹੇ ਹਨ। ਸੋ, ਇਸ ਡਰ ਨਾਲ ਮੁਗਲ ਉੱਥੋਂ ਭੱਜ ਗਏ ਅਤੇ ਸਿੰਘਾਂ ਦੀ ਜਿੱਤ ਹੋਈ। ਅੱਜ ਵੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਸਥਾਨ ਬਣਿਆ ਹੋਇਆ ਹੈ। ਇਸ ਤਰ੍ਹਾਂ ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਿੱਖ ਕੌਮ ਨੂੰ ਆਪਣੀ ਸੂਰਬੀਰਤਾ ਨਾਲ ਬਚਾਇਆ।