ਅਮਰੀਕਾ ਦੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਸ਼ੁੱਕਰਵਾਰ ਦੁਪਹਿਰ ਨੂੰ ਪੂਰੇ ਦੇਸ਼ ਵਿੱਚ ਸਾਰੀਆਂ ਉਡਾਣਾਂ ‘ਤੇ ਅਚਾਨਕ ਰੋਕ ਲਗਾ ਦਿੱਤੀ। FAA ਵੱਲੋਂ ਜਾਰੀ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਫ਼ੈਸਲਾ ਅਸਧਾਰਨ ਹਾਲਾਤ ਅਤੇ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕੀ ਟਰਾਂਸਪੋਰਟੇਸ਼ਨ ਸੈਕਟਰੀ ਸ਼ੌਨ ਡਫ਼ੀ ਨੇ ਦੱਸਿਆ ਕਿ ਸੰਚਾਰ (ਕਮਿਊਨੀਕੇਸ਼ਨ) ਨਾਲ ਜੁੜੀ ਇੱਕ ਗੰਭੀਰ ਸਮੱਸਿਆ ਦੇਸ਼ ਭਰ ਦੇ 22 ਖੇਤਰੀ ਏਅਰ ਟਰੈਫ਼ਿਕ ਕੰਟਰੋਲ ਸੈਂਟਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ, ਜੋ ਵੱਖ-ਵੱਖ ਹਵਾਈ ਅੱਡਿਆਂ ਦਰਮਿਆਨ ਉੱਡਣ ਵਾਲੇ ਜਹਾਜ਼ਾਂ ਨੂੰ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦੇ ਹਨ।
ਇਸ ਸਮੇਂ ਦੌਰਾਨ, 8,000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲ ਲਗਭਗ 1.5 ਮਿਲੀਅਨ ਯਾਤਰੀ ਪ੍ਰਭਾਵਿਤ ਹੋਏ। ਸ਼ੁੱਕਰਵਾਰ ਰਾਤ ਨੂੰ ਉਡਾਣ ਪਾਬੰਦੀ ਹਟਾ ਦਿੱਤੀ ਗਈ ਸੀ, ਪਰ ਸ਼ਨੀਵਾਰ ਨੂੰ ਵੀ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
11 ਸਤੰਬਰ, 2001 ਦੇ ਅੱਤਵਾਦੀ ਹਮਲਿਆਂ (9/11) ਤੋਂ ਬਾਅਦ ਇਹ ਦੂਜਾ ਮੌਕਾ ਹੈ ਜਦੋਂ ਅਮਰੀਕਾ ਵਿੱਚ ਸਾਰੀਆਂ ਉਡਾਣਾਂ ਨੂੰ ਜ਼ਮੀਨ ‘ਤੇ ਰੱਖਿਆ ਗਿਆ ਹੈ। ਪਿਛਲੀ ਘਟਨਾ ਜਨਵਰੀ 2023 ਵਿੱਚ FAA ਦੇ ਮੁੱਖ ਕੰਪਿਊਟਰ ਸਿਸਟਮ ਵਿੱਚ ਖਰਾਬੀ ਕਾਰਨ ਵਾਪਰੀ ਸੀ।
ਟਰੰਪ ਨੇ ਹਵਾਈ ਆਵਾਜਾਈ ਕੰਟਰੋਲ ਨੂੰ ਬਿਹਤਰ ਬਣਾਉਣ ਲਈ 30 ਬਿਲੀਅਨ ਡਾਲਰ ਦੀ ਮੰਗ ਕੀਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਹਵਾਈ ਆਵਾਜਾਈ ਨਿਯੰਤਰਣ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ 30 ਬਿਲੀਅਨ ਡਾਲਰ ਦੇ ਵਾਧੂ ਫੰਡਿੰਗ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਰਿਪਬਲਿਕਨ ਸੈਨੇਟਰ ਏਰਿਕ ਸ਼ਮਿਟ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਕਾਂਗਰਸ ਨੂੰ ਇਸ ਫੰਡਿੰਗ ਬਿੱਲ ਨੂੰ ਜਲਦੀ ਪਾਸ ਕਰਨ ਦੀ ਅਪੀਲ ਕੀਤੀ। ਇਸ ਰਕਮ ਨਾਲ, ਹਵਾਈ ਆਵਾਜਾਈ ਨਿਯੰਤਰਣ ਪ੍ਰਣਾਲੀਆਂ, ਹਵਾਈ ਅੱਡੇ ਦੇ ਟਾਵਰਾਂ, ਟਰਮੀਨਲਾਂ ਅਤੇ ਹੋਰ ਜ਼ਰੂਰੀ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤਾ ਜਾਵੇਗਾ।
ਤਕਨੀਕੀ ਜਾਂਚ ਜਾਰੀ
ਮੀਡੀਆ ਰਿਪੋਰਟਾਂ ਅਨੁਸਾਰ FAA ਦੇ ਤਕਨੀਸ਼ੀਅਨ ਇਸ ਖ਼ਰਾਬੀ ਦੀ ਜੜ੍ਹ ਤੱਕ ਪਹੁੰਚਣ ਲਈ ਜਾਂਚ ਕਰ ਰਹੇ ਹਨ ਅਤੇ ਸਿਸਟਮ ਨੂੰ ਠੀਕ ਕਰਨ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਕਈ ਟਰੈਫ਼ਿਕ ਕੰਟਰੋਲ ਕੇਂਦਰਾਂ ‘ਤੇ ਰੇਡੀਓ ਫ੍ਰੀਕੁਐਂਸੀ ਅਤੇ ਰਾਡਾਰ ਸੰਚਾਰ ਵਿੱਚ ਵਿਘਨ ਪੈਣ (ਰੋਲਿੰਗ ਫ੍ਰੀਕੁਐਂਸੀ ਆਊਟੇਜ) ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ।
ਇਤਿਹਾਸ ਵਿੱਚ ਕਦੋਂ-ਕਦੋਂ ਵਾਪਰੀਆਂ ਅਜਿਹੀਆਂ ਘਟਨਾਵਾਂ?
ਅਮਰੀਕਾ ਦੇ ਹਵਾਬਾਜ਼ੀ ਇਤਿਹਾਸ ਵਿੱਚ ਪੂਰੇ ਦੇਸ਼ ਦੀਆਂ ਉਡਾਣਾਂ ਨੂੰ ਇੱਕੋ ਸਮੇਂ ਰੋਕਣਾ ਬੇਹੱਦ ਦੁਰਲੱਭ ਮੰਨਿਆ ਜਾਂਦਾ ਹੈ। ਇਸ ਤਾਜ਼ਾ ਘਟਨਾਕ੍ਰਮ ਤੋਂ ਪਹਿਲਾਂ ਅਜਿਹਾ ਸਿਰਫ਼ ਦੋ ਵਾਰ ਹੀ ਵਾਪਰਿਆ ਹੈ:
ਜਨਵਰੀ 2023 ਦਾ ਕੰਪਿਊਟਰ ਆਊਟੇਜ: ਇਸ ਤੋਂ ਪਹਿਲਾਂ 11 ਜਨਵਰੀ 2023 ਨੂੰ FAA ਦੇ ਨੋਟਿਸ ਟੂ ਏਅਰ ਮਿਸ਼ਨਜ਼ (NOTAM) ਕੰਪਿਊਟਰ ਸਿਸਟਮ ਵਿੱਚ ਖ਼ਰਾਬੀ ਆਉਣ ਕਾਰਨ ਪੂਰੇ ਅਮਰੀਕਾ ਵਿੱਚ ਉਡਾਣਾਂ ਨੂੰ ਰੋਕਣਾ ਪਿਆ ਸੀ, ਜਿਸ ਨਾਲ ਹਜ਼ਾਰਾਂ ਉਡਾਣਾਂ ਪ੍ਰਭਾਵਿਤ ਹੋਈਆਂ ਸਨ।
9/11 ਦਾ ਅੱਤਵਾਦੀ ਹਮਲਾ: ਸਾਲ 2023 ਤੋਂ ਪਹਿਲਾਂ ਕੇਵਲ 11 ਸਤੰਬਰ 2001 ਨੂੰ ਅਮਰੀਕਾ ‘ਤੇ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਪੂਰੇ ਦੇਸ਼ ਦੇ ਹਵਾਈ ਖੇਤਰ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ।

