‘ਦ ਖ਼ਾਲਸ ਬਿਊਰੋ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਯੂਕਰੇਨ ਵਿੱਚ ਰਹਿਣ ਵਾਲੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਯੁਕਰੇਨ ਛੱਡਣ ਲਈ ਕਹਿ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਉੱਥੇ ਸਥਿਤੀ ਖਤਰਨਾਕ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ ਦੇ ਅਖੀਰ ਵਿੱਚ ਦੇਸ਼ ‘ਚ ਆਸਟ੍ਰੇਲੀਆਈ ਨਾਗਰਿਕਾਂ ਨੂੰ ਚੇਤਾਵਨੀ ਦੇਣਾ ਸ਼ੁਰੂ ਕਰ ਦਿੱਤਾ ਸੀ।
ਯੂਕਰੇਨ ਸਰਹੱਦ ‘ਤੇ ਰੂਸ ਆਪਣੀ ਫੌਜ ਦੀ ਤਾਇਨਾਤੀ ਵਧਾ ਰਿਹਾ ਹੈ। ਉਸ ‘ਚ ਯੂਕਰੇਨ ‘ਤੇ ਕਿਸੇ ਵੀ ਸਮੇਂ ਰੂਸ ਦਾ ਹਮਲਾ ਹੋ ਸਕਦਾ ਹੈ। ਇਸੇ ਦੇ ਮੱਦੇਨਜ਼ਰ ਆਸਟ੍ਰੇਲੀਆਈ ਨਾਗਰਿਕਾਂ ਨੂੰ ਜਲਦ ਤੋਂ ਜਲਦ ਯੂਕਰੇਨ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਨੂੰ ਕਿਹਾ ਗਿਆ ਹੈ। ਹਾਲਾਂਕਿ ਰੂਸ ਨੇ ਯੂਕਰੇਨ ‘ਤੇ ਹਮਲੇ ਨੂੰ ਲੈ ਕੇ ਕਿਸੇ ਵੀ ਯੋਜਨਾ ਨੂੰ ਇਨਕਾਰ ਕੀਤਾ ਹੈ ਪਰ ਸਰਹੱਦ ‘ਤੇ 10,000 ਤੋਂ ਵੱਧ ਸੈਨਿਕਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਵੀ ਐਡਵਾਈਜਰੀ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਤੇ ਯੂਕਰੇਨ ‘ਤੇ ਸੰਭਾਵਿਤ ਰੂਸ ਦੇ ਹਮਲੇ ਨੂੰ ਦੇਖਦੇ ਹੋਏ ਉਥੋਂ ਦੀ ਯਾਤਰਾ ਨਾ ਕਰੋ ਜੋ ਉਥੇ ਹਨ ਉਹ ਤੁਰੰਤ ਦੇਸ਼ ਛੱਡ ਦੇਣ। ਅਮਰੀਕਾ ਦਾ ਦਾਅਵਾ ਹੈ ਕਿ ਰੂਸ ਦੀ ਸੈਨਾ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਸਕਦੀ ਹੈ।