ਨਸ਼ਾ ਤਸਕਰ ਨਸ਼ਿਆਂ ਵਿਰੁੱਧ ਡਟੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਨ। ਪਿਛਲੇ ਸਮੇਂ ਵਿੱਚ ਨਸ਼ਾ ਤਸਕਰਾਂ ਦਾ ਵਿਰੋਧ ਕਰਨ ਵਾਲਿਆਂ ਉੱਪਰ ਲਗਾਤਾਰ ਹਮਲੇ ਹੋ ਰਹੇ ਹਨ। ਇਸ ਕਰਕੇ ਹੁਣ ਪੰਜਾਬ ਪੁਲਿਸ ਉਪਰ ਵੀ ਸਵਾਲ ਖੜ੍ਹੇ ਹੋਣ ਲੱਗੇ ਹਨ।
ਦੱਸ ਦਈਏ ਕਿ ਤਾਜ਼ਾ ਮਾਮਲਾ ਪਟਿਆਲਾ ਨੇੜਲੇ ਪਿੰਡ ਸ਼ੇਰਮਾਜਰਾ ਦਾ ਹੈ। ਇੱਥੇ ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ ਕਰ ਰਹੇ ਗਗਨਦੀਪ ਸਿੰਘ ’ਤੇ ਦੇਰ ਰਾਤ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ। ਗਗਨਦੀਪ ਅਨੁਸਾਰ ਜਦੋਂ ਹਮਲਾਵਰਾਂ ਨੇ ਉਸ ’ਤੇ ਹਮਲਾ ਕੀਤਾ ਤਾਂ ਉਸ ਨੇ ਭੱਜ ਕੇ ਜਾਨ ਬਚਾਈ। ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲਿਆਂ ਦੇ ਹੱਕ ਵਿੱਚ ਸੰਸਦ ਮੈਂਬਰ ਪ੍ਰਨੀਤ ਕੌਰ ਸਮੇਤ ਡਕਾਲਾ ਦੇ ਸਾਬਕਾ ਚੇਅਰਮੈਨ ਮਦਨਜੀਤ ਸਿੰਘ ਨੇ ਆਵਾਜ਼ ਬੁਲੰਦ ਕਰਦਿਆਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਗਗਨਦੀਪ ਸਿੰਘ ਨੂੰ ਤੁਰੰਤ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ।
ਗਗਨਦੀਪ ਸਿੰਘ ਨੇ ਕਿਹਾ ਕਿ ਸ਼ੇਰਮਾਜਰਾ ਵਿਚ ਤੇ ਆਲੇ ਦੁਆਲੇ ਦੇ ਕੁਝ ਪਿੰਡਾਂ ਵਿਚ ਕੁੱਝ ਲੋਕ ਨਸ਼ਾ ਤਸਕਰੀ ਕਰਦੇ ਹਨ। ਪਿੰਡ ਦੇ ਨੌਜਵਾਨਾਂ ਨੇ ਨਸ਼ਾ ਵਿਰੋਧੀ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਰੋਕਿਆ। ਪੁਲਿਸ ਨੇ ਵੀ ਪਿੰਡ ਦੇ ਨੌਜਵਾਨਾਂ ਦਾ ਸਾਥ ਦਿੱਤਾ ਜਿਸ ਕਰਕੇ ਨਸ਼ਾ ਤਸਕਰਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ, ਇਸੇ ਕਰਕੇ ਉਨ੍ਹਾਂ ਨੇ ਹਮਲੇ ਕਰਨੇ ਸ਼ੁਰੂ ਕੀਤੇ ਹਨ।