ਸੂਡਾਨ ਵਿੱਚ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ ਦਰਮਿਆਨ ਹਥਿਆਰਬੰਦ ਸੰਘਰਸ਼ ਦੌਰਾਨ ਇੱਕ ਅਮਰੀਕੀ ਕੂਟਨੀਤਕ ਕਾਫਲੇ ਉੱਤੇ ਹਮਲਾ ਹੋਇਆ ਹੈ। ਹਾਲਾਂਕਿ ਇਸ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ, “ਇਹ ਇੱਕ ਲਾਪਰਵਾਹੀ ਵਾਲੀ ਕਾਰਵਾਈ ਹੈ।” ਇਹ ਯਕੀਨੀ ਤੌਰ ‘ਤੇ ਗੈਰ-ਜ਼ਿੰਮੇਵਾਰਾਨਾ ਅਤੇ ਅਸੁਰੱਖਿਅਤ ਹੈ।
ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਸੂਡਾਨ ਵਿੱਚ ਯੂਰਪੀ ਸੰਘ ਦੇ ਰਾਜਦੂਤ ਈਡੇਨ ਓ’ਹਾਰਾ ‘ਤੇ ਖਾਰਟੂਮ ਵਿੱਚ ਉਨ੍ਹਾਂ ਦੇ ਘਰ ‘ਤੇ ਹਮਲਾ ਕੀਤਾ ਗਿਆ ਸੀ। ਹਾਲਾਂਕਿ ਆਇਰਲੈਂਡ ਦੇ ਵਿਦੇਸ਼ ਮੰਤਰੀ ਮਾਈਕਲ ਮਾਰਟਿਨ ਨੇ ਦੱਸਿਆ ਕਿ ਓ’ਹਾਰਾ ਨੂੰ ਜ਼ਿਆਦਾ ਸੱਟ ਨਹੀਂ ਲੱਗੀ।
ਸੰਯੁਕਤ ਰਾਸ਼ਟਰ ਮੁਤਾਬਕ ਸੁਡਾਨ ‘ਚ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸ ਵਿਚਾਲੇ ਤਿੰਨ ਦਿਨਾਂ ਤੋਂ ਚੱਲ ਰਹੇ ਸੰਘਰਸ਼ ‘ਚ 185 ਲੋਕ ਮਾਰੇ ਗਏ ਹਨ ਅਤੇ 1800 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਖਾਰਤੂਮ ਵਿੱਚ ਹਵਾਈ ਹਮਲੇ, ਬੰਬ ਧਮਾਕੇ ਅਤੇ ਛੋਟੇ ਹਥਿਆਰਾਂ ਦੇ ਹਮਲੇ ਹੋ ਰਹੇ ਹਨ। ਫੌਜ ਅਤੇ ਰੈਪਿਡ ਸਪੋਰਟ ਫੋਰਸ ਦੋਵਾਂ ਨੇ ਖਾਰਤੂਮ ਦੇ ਮੁੱਖ ਟਿਕਾਣਿਆਂ ‘ਤੇ ਕੰਟਰੋਲ ਦਾ ਦਾਅਵਾ ਕੀਤਾ ਹੈ। ਆਮ ਲੋਕਾਂ ਨੇ ਧਮਾਕਿਆਂ ਤੋਂ ਬਚਣ ਲਈ ਇਨ੍ਹਾਂ ‘ਚੋਂ ਕੁਝ ਥਾਵਾਂ ‘ਤੇ ਸ਼ਰਨ ਲਈ ਹੈ।