ਨਵੀਂ ਦਿੱਲੀ : ਮੱਧ ਪ੍ਰਦੇਸ਼ ਦੀਆਂ 230 ਵਿਧਾਨ ਸਭਾ ਸੀਟਾਂ ਲਈ ਅੱਜ ਯਾਨੀ 17 ਨਵੰਬਰ ਨੂੰ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਇਸਦੇ ਨਾਲ ਹੀ ਛੱਤੀਸਗੜ੍ਹ ‘ਚ ਅੱਜ ਦੂਜੇ ਅਤੇ ਆਖਰੀ ਪੜਾਅ ਦੀਆਂ 70 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਮੱਧ ਪ੍ਰਦੇਸ਼ ਵਿਧਾਨ ਸਭਾ ਸੀਟਾਂ ‘ਤੇ 2,533 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਦੋਵਾਂ ਰਾਜਾਂ ਲਈ ਵੋਟਾਂ ਦੀ ਗਿਣਤੀ 3 ਦਸੰਬਰ, 2023 ਨੂੰ ਹੋਵੇਗੀ।
ਮੱਧ ਪ੍ਰਦੇਸ਼ ਵਿੱਚ ਇਸ ਵਾਰ ਕਮਲਨਾਥ ਅਤੇ ਦਿਗਵਿਜੇ ਸਿੰਘ ਵਰਗੇ ਦਿੱਗਜ ਕਾਂਗਰਸੀ ਨੇਤਾਵਾਂ ਦਾ ਭਵਿੱਖ ਦਾਅ ‘ਤੇ ਲੱਗਿਆ ਹੋਇਆ ਹੈ। ਇਸ ਦੇ ਨਾਲ ਹੀ ਭਾਜਪਾ ਦੇ ਕੇਂਦਰੀ ਮੰਤਰੀਆਂ ਅਤੇ ਚਾਰ ਸੰਸਦ ਮੈਂਬਰਾਂ ਦੇ ਸਿਆਸੀ ਭਵਿੱਖ ਲਈ ਇਹ ਚੋਣ ਅਹਿਮ ਹੋਵੇਗੀ। ਮੱਧ ਪ੍ਰਦੇਸ਼ ਵਿੱਚ, ਚੋਣ ਕਮਿਸ਼ਨ ਨੇ ਸ਼ਾਂਤੀਪੂਰਨ ਵੋਟਿੰਗ ਨੂੰ ਯਕੀਨੀ ਬਣਾਉਣ ਲਈ 2.5 ਲੱਖ ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ।
ਦੂਜੇ ਪਾਸੇ ਛੱਤੀਸਗੜ੍ਹ ‘ਚ ਵੋਟਿੰਗ ਦੇ ਦੂਜੇ ਅਤੇ ਆਖਰੀ ਪੜਾਅ ‘ਚ ਮੁੱਖ ਮੰਤਰੀ ਭੁਪੇਸ਼ ਬਘੇਲ, ਉਨ੍ਹਾਂ ਦੇ ਡਿਪਟੀ ਟੀਐਸ ਸਿੰਘ ਦਿਓ, ਅੱਠ ਰਾਜ ਮੰਤਰੀਆਂ ਵਰਗੇ ਰਾਜਨੀਤਿਕ ਦਿੱਗਜਾਂ ਸਮੇਤ 958 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਛੱਤੀਸਗੜ੍ਹ ‘ਚ ਦੂਜੇ ਪੜਾਅ ‘ਚ 70 ਸੀਟਾਂ ‘ਤੇ 1,63,14,479 ਵੋਟਰ ਹਨ। ਕੁੱਲ 958 ਉਮੀਦਵਾਰਾਂ ‘ਚ 827 ਪੁਰਸ਼, 130 ਔਰਤਾਂ ਅਤੇ ਇਕ ਤੀਜੇ ਲਿੰਗ ਦੇ ਉਮੀਦਵਾਰ ਸ਼ਾਮਲ ਹਨ। ਤੁਹਾਨੂੰ ਦੱਸ ਦੇਈਏ ਕਿ ਛੱਤੀਸਗੜ੍ਹ ਦੀਆਂ ਕੁੱਲ 90 ਸੀਟਾਂ ‘ਚੋਂ ਪਹਿਲੇ ਪੜਾਅ ‘ਚ 20 ਸੀਟਾਂ ‘ਤੇ ਚੋਣਾਂ ਹੋਈਆਂ ਹਨ।
ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਬੀਜੇਪੀ ਅਤੇ ਕਾਂਗਰਸ ਵਿੱਚ ਕਾਫ਼ੀ ਹੱਦ ਤੱਕ ਸਿੱਧੀ ਟੱਕਰ ਹੈ। ਮੱਧ ਪ੍ਰਦੇਸ ਵਿੱਚ 5.6 ਕਰੋੜ ਤੋਂ ਵੱਧ ਰਜਿਸਟਰਡ ਵੋਟਰ ਹਨ।
ਤੁਹਾਨੂੰ ਦੱਸ ਦੇਈਏ ਕਿ ਮੱਧ ਪ੍ਰਦੇਸ਼ ਵਿੱਚ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 114 ਸੀਟਾਂ ਜਿੱਤੀਆਂ ਸਨ, ਜਦਕਿ ਭਾਜਪਾ ਨੇ 109 ਸੀਟਾਂ ਜਿੱਤੀਆਂ ਸਨ। ਕਾਂਗਰਸ ਐਮਪੀ ਵਿੱਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ, ਪਰ 2 ਵੋਟਾਂ ਨਾਲ ਬਹੁਮਤ ਤੋਂ ਖੁੰਝ ਗਈ ਸੀ। ਉਸ ਸਮੇਂ ਉੱਥੇ ਸਪਾ ਦੇ ਸਮਰਥਨ ਨਾਲ ਕਮਲਨਾਥ ਦੀ ਸਰਕਾਰ ਬਣੀ ਸੀ। ਪਰ ਸਿਰਫ਼ ਡੇਢ ਸਾਲ ਬਾਅਦ ਹੀ ਜੋਤੀਰਾਦਿੱਤਿਆ ਸਿੰਧੀਆ ਦੀ ਅਗਵਾਈ ਹੇਠ ਕਾਂਗਰਸ ਦੇ 22 ਵਿਧਾਇਕਾਂ ਦੀ ਬਗਾਵਤ ਕਾਰਨ ਕਮਲਨਾਥ ਸਰਕਾਰ ਡਿੱਗ ਗਈ।