ਅਸਾਮ ਤੋਂ ਪੁਲਿਸ ਦੇ ਅਣਗਹਿਲੀ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਆਸਾਮ ਦੇ ਉਦਲਗੁੜੀ ਜ਼ਿਲੇ ‘ਚ ਪੁਲਿਸ ਮੁਕਾਬਲੇ ‘ਚ ਡਾਕੂ ਹੋਣ ਦੇ ਸ਼ੱਕ ਵਿੱਚ ਵਿਅਕਤੀ ਮਾਰਿਆ ਗਿਆ। ਅਪਰਾਧ ਜਾਂਚ ਵਿਭਾਗ (ਸੀਆਈਡੀ) ਦੀ ਜਾਂਚ ਨੇ ਪੁਸ਼ਟੀ ਕੀਤੀ ਹੈ ਕਿ ਉਦਲਗੁੜੀ ਜ਼ਿਲ੍ਹੇ (Udalgari District) ਵਿਚ ਪੁਲਿਸ ਵੱਲੋਂ ਡਕੈਤ ਸਮਝ ਕੇ ਗਲਤ ਪਛਾਣ ਦੇ ਆਧਾਰ ’ਤੇ ਇਕ ਵਿਅਕਤੀ ਨੂੰ ‘ਮੁੱਠਭੇੜ’ ਵਿਚ ਮਾਰ ਦਿੱਤਾ ਗਿਆ ਸੀ।
ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਜਾਂਚ ਤੋਂ ਪਤਾ ਲੱਗਾ ਕਿ ਮ੍ਰਿਤਕ, ਡਕੈਤ ਕੇਨਾਰਾਮ ਬੋਰੋ ਉਰਫ ਕੇਨਾਰਾਮ ਬਾਸੁਮਤਾਰੀ ਨਹੀਂ ਸੀ, ਸਗੋਂ ਉਸ ਦਾ ਨਾਂ ਦਿੰਬੇਸ਼ਵਰ ਮੁਚਾਹਾਰੀ ਸੀ। ਉਸ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਹ ਇੱਕ ਛੋਟਾ ਕਿਸਾਨ ਸੀ ਪਰ ਪੁਲਿਸ ਦਾ ਦਾਅਵਾ ਸੀ ਕਿ ਉਹ ਇੱਕ ‘ਵੱਡਾ ਅਪਰਾਧੀ’ ਸੀ।
ਪੁਲਿਸ ਨੇ ਦਾਅਵਾ ਕੀਤਾ ਸੀ ਕਿ 24 ਫਰਵਰੀ ਨੂੰ ਰੌਤਾ ਇਲਾਕੇ ਦੇ ਪਿੰਡ ਧਨਸੀਰੀਖੁਟੀ ਵਿਚ ਹੋਏ ‘ਮੁਕਾਬਲੇ’ ਵਿਚ ਦੋ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਸਨ। ਬੋਰੋ ਦੀ ਮਾਂ ਨੇ ਲਾਸ਼ ਦੀ ਸ਼ਨਾਖਤ ਕੀਤੀ ਸੀ, ਜਿਸ ਤੋਂ ਬਾਅਦ ਲਾਸ਼ ਨੂੰ ਉਸ ਦੇ ਹਵਾਲੇ ਕਰ ਦਿੱਤਾ ਗਿਆ।
ਹਾਲਾਂਕਿ, ਅੰਤਿਮ ਰਸਮਾਂ ਨਿਭਾਉਣ ਤੋਂ ਬਾਅਦ ਮੁਚਾਹਾਰੀ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਦਾ ਪੁੱਤਰ ਸੀ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਪੁਲਿਸ ਡਾਇਰੈਕਟਰ ਜਨਰਲ ਨੂੰ ਸੀਆਈਡੀ ਜਾਂਚ ਦੇ ਆਦੇਸ਼ ਦੇਣ ਲਈ ਕਿਹਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਲਾਸ਼ ਨੂੰ ਕਬਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਡੀਐਨਏ ਜਾਂਚ ਕੀਤੀ ਗਈ ਜਿਸ ਤੋਂ ਪਤਾ ਲੱਗਾ ਕਿ ਲਾਸ਼ ਬੋਰੋ ਦੀ ਨਹੀਂ ਸਗੋਂ ਮੁਚਾਹਾਰੀ ਦੀ ਹੈ। ਉਨ੍ਹਾਂ ਕਿਹਾ ਕਿ ਜਾਂਚ ਰਿਪੋਰਟ ਜਲਦੀ ਹੀ ਸਰਕਾਰ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਲਾਸ਼ ਮੁਚਾਹਾਰੀ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਮੁਚਾਹਾਰੀ ਦੇ ਪਰਿਵਾਰ ਨੇ ਕਿਹਾ ਕਿ ਉਹ ਇਨਸਾਫ ਚਾਹੁੰਦੇ ਹਨ ਕਿਉਂਕਿ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਨੂੰ ਡਾਕੂ ਹੋਣ ਦੇ ਸ਼ੱਕ ਵਿੱਚ ਮਾਰ ਦਿੱਤਾ ਸੀ।
ਮ੍ਰਿਤਕ ਦੇ ਭਰਾ ਨੇ ਕਿਹਾ, “ਹੁਣ ਅਸੀਂ ਜ਼ਰੂਰੀ ਰਸਮਾਂ ਨਿਭਾਵਾਂਗੇ। ਉਹ ਇੱਕ ਛੋਟਾ ਕਿਸਾਨ ਸੀ ਅਤੇ ਸਰਕਾਰ ਨੂੰ ਲੋੜੀਂਦਾ ਮੁਆਵਜ਼ਾ ਦੇਣਾ ਚਾਹੀਦਾ ਹੈ।”