ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਸਿਆਸੀ ਹਲਚਲ ਮਚ ਗਈ ਹੈ। ਹਰਿਆਣਾ ਅਤੇ ਪੰਜਾਬ ਵਿੱਚ ‘ਆਪ’ ਵਰਕਰ ਅਤੇ ਕਾਂਗਰਸੀ ਆਗੂ ਇਸ ਦਾ ਵਿਰੋਧ ਕਰ ਰਹੇ ਹਨ। ਕੇਜਰੀਵਾਲ ਦੀ ਈਡੀ ਵੱਲੋਂ ਗ੍ਰਿਫ਼ਤਾਰੀ ਖ਼ਿਲਾਫ਼ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪੁਲੀਸ ਨੇ ਭੀੜ ਨੂੰ ਖਿੰਡਾਉਣ ਲਈ ਜਲ ਤੋਪਾਂ ਵੀ ਚਲਾਈਆਂ।
ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੀ ਪਾਰਟੀ ਕੇਜਰੀਵਾਲ ਦੇ ਨਾਲ ਖੜ੍ਹੀ ਹੈ।ਮੁਹਾਲੀ ‘ਚ ‘ਆਪ’ ਵੱਲੋਂ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮੀਡੀਆ ਨਾਲ ਗੱਲ ਕਰਦਿਆਂ ਮਾਨ ਨੇ BJP ‘ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਆਪਣੇ ਸਾਰੇ ਵਿਰੋਧੀਆਂ ਨੂੰ ਪਰੇਸ਼ਾਨ ਕਰ ਰਹੀ ਹੈ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਵਿਰੋਧੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ।
ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਏਜੰਸੀਆਂ ਨੂੰ ਟੂਲ ਦੀ ਤਰ੍ਹਾਂ ਵਰਤਿਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਭਾਜਪਾ ਵਾਲੇ SC, CBI, ਚੋਣ ਕਮਿਸ਼ਨ ਦੀ ਵੀ ਨਹੀਂ ਮੰਨਦੇ । ਉਨ੍ਹਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜੀ ਦੇ ਪਰਿਵਾਰ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ ਮਾਨ ਨੇ ਕਿਹਾ ਕਿ ਇਸ ਨਾਲ ਨਪਾਰਟੀ ‘ਤੇ ਕੋਈ ਸੰਕਟ ਨਹੀਂ ਆਵੇਗਾ ਸਗੋਂ ਪਾਰਟੀ ਹੋਰ ਮਜ਼ਬੂਤ ਹੋ ਕੇ ਨਿਕਲੇਗੀ।
ਮਾਨ ਨੇ ਕਿਹਾ ਕਿ ਜੇਕਰ ਕੋਈ ਵੀ ਵਿਰੋਧੀ ਪਾਰਟੀ ਦਾ ਲੀਡਰ ਕੇਂਦਰ ਸਰਕਾਰ ਦੇ ਖ਼ਿਲਾਫ ਕੁਝ ਬੋਲਦਾ ਹੈ ਤਾਂ ਉਸਦੇ ਘਰ ਵਿੱਚ ਈਡੀ, ਸੀਬੀਆਈ ਅਤੇ ਇਨਕਮ ਟੈਕਸ ਨੂੰ ਭੇਜਿਆ ਜਾਂਦਾ ਹੈ। ਮਾਨ ਨੇ ਕਿਹਾ ਕਿ ਅੱਜ ਦੇਸ਼ ਦੇ ਹਲਾਤ ਐਮਰਜੈਂਸੀ ਜਿਹੇ ਹਾਲਾਤ ਹੋ ਚੁੱਕੇ ਹਨ। ਮਾਨ ਨੇ ਕੇਂਦਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਰਾਜਪਾਲ ਦੇ ਜ਼ਰੀਏ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਗੈਰ ਭਾਜਪਾ ਸਰਕਾਰਾਂ ਨੂੰ ਤੰਗ ਕਰ ਰਹੀ ਹੈ। ਮਾਨ ਨੇ ਕਿਹਾ ਕਿ ਹੁਣ ਸੁਪਰੀਮ ਕੋਰਟ ਦੇ ਜ਼ਰੀਏ ਸਰਕਾਰਾਂ ਚਲਾਈਆਂ ਜਾ ਰਹੀਆਂ ਹਨ।
ਮਾਨ ਨੇ ਕਿਹਾ ਭਾਜਪਾ ਪੰਜਾਬ ਨਾਲ ਨਫ਼ਰਤ ਕਰਦੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਪੈਸੇ ਰੋਕੇ ਹੋਏ ਹਨ। ਮਾਨ ਨੇ ਕਿਹਾ ਕਿ ਭਾਜਪਾ ਦੇਸ਼ ਵਿੱਚ ਸਭ ਤੋਂ ਵੱਧ ਨਫ਼ਰਤ ਭਰੇ ਭਾਸ਼ਣ ਦਿੰਦੀ ਹੈ। ਮਾਨ ਨੇ ਕਿਹਾ ਕਿ ਇਸ ਵਾਰ 26 ਜਨਵਰੀ ਨੂੰ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੇ ਵੱਸ ਵਿੱਚ ਹੁੰਦਾ ਤਾਂ ਉਹ ਰਾਸ਼ਟਰੀ ਗੀਤ ਵਿੱਚੋਂ ਪੰਜਾਬ ਦਾ ਨਾਮ ਹਟਾ ਦਿੰਦੇ।
ਮਾਨ ਨੇ ਕਿਹਾ ਕਿ ਬੀਜੇਪੀ ਵਾਲੇ ਚਾਹੁੰਦੇ ਹਨ ਕਿ ਆਉਣ ਵਾਲੀਆਂ ਚੋਣਾਂ ਲਈ ਕੋਈ ਵੀ ਵਿਰੋਧੀ ਆਗੂ ਪ੍ਰਚਾਰ ਨਾ ਕਰ ਸਕੇ। ਮਾਨ ਨੇ ਕਿਹਾ ਕਿ ਨਰਿੰਦਰ ਮੋਦੀ ਵਲਾਦੀਮੀਰ ਪੁਤਿਨ ਦੇ ਨਕਸ਼ੇ ਕਦਮ ਚੱਲ ਰਹੇ ਹਨ। ਜੋ ਇੱਕ ਤਾਨਾਸ਼ਾਹੀ ਹੈ। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵਿਅਕਤੀ ਨਹੀਂ ਇਕ ਸੋਚ ਹੈ ਤੇ 10 ਸਾਲਾਂ ਵਿਚ ਦੇਸ਼ ਵਿਚ ਕਰੋੜਾਂ ਕੇਜਰੀਵਾਲ ਪੈਦਾ ਹੋਏ, ਉਹਨਾਂ ਨੂੰ ਕੋਈ ਕੈਦ ਨਹੀਂ ਕਰ ਸਕਦਾ