Punjab

ਵੇਖੋ ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਖਿਲਾਫ਼ ਰਿਪੋਰਟ ਕਾਰਡ, 3 ਲੱਖ ਸ਼ਿਕਾਇਤਾਂ,ਸਿਰਫ਼ ਇੰਨੇ ਸਿਰੇ ਚੜੀਆਂ

Punjab govt help line 3 lakh complaints registered

ਬਿਊਰੋ ਰਿਪੋਰਟ : ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਭ੍ਰਿਸ਼ਟਾਚਾਰ ਖਿਲਾਫ਼ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਸੀ। ਇਸ ਦੌਰਾਨ ਕਈ ਭ੍ਰਿਸ਼ਟ ਅਫਸਰਾਂ ਅਤੇ ਸਿਆਸਤਦਾਨਾਂ ਨੂੰ ਵੀ ਅੰਦਰ ਕੀਤਾ ਗਿਆ ਹੈ । ਪਰ 7 ਮਹੀਨੇ ਦੇ ਅੰਦਰ ਜਿੰਨੇ ਵਿਸ਼ਵਾਸ਼ ਦੇ ਨਾਲ ਲੋਕਾਂ ਨੇ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤਾਂ ਦਰਜ ਕਰਵਾਇਆ ਹਨ। ਉਸ ਦੇ ਹਿਸਾਬ ਨਾਲ ਕਾਰਵਾਈ ਦਾ ਅੰਕੜਾ ਕਾਫੀ ਘੱਟ ਨਜ਼ਰ ਆ ਰਿਹਾ ਹੈ । ਵਿਜੀਲੈਂਸ ਦੇ ਕੋਲ 7 ਮਹੀਨੀਆਂ ਦੇ ਅੰਦਰ 3,54,882 ਸ਼ਿਕਾਇਤਾਂ ਪਹੁੰਚਿਆ । ਇਸ ਵਿੱਚੋ 5551 ਸ਼ਿਕਾਇਤਕਰਤਾਵਾਂ ਨੇ ਵਿਜੀਲੈਂਸ ਨੂੰ ਆਡੀਓ ਅਤੇ ਵੀਡੀਓ ਦੇ ਸਬੂਤ ਵੀ ਸੌਂਪੇ ਸਨ।

ਕੁੱਲ 2709 ਸ਼ਿਕਾਇਤਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਭੇਜਿਆ ਗਿਆ । ਆਡੀਓ ਵੀਡੀਓ ਦੇ ਨਾਲ ਵਿਜੀਲੈਂਸ ਨੂੰ 221 ਸ਼ਿਕਾਇਤਾਂ ਮਿਲਿਆ। ਇਸ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 50 FIR ਦਰਜ ਕੀਤੀਆਂ ਗਈਆਂ। ਸਭ ਤੋਂ ਵੱਧ ਫਿਰੋਜ਼ਪੁਰ ਜ਼ਿਲ੍ਹੇ ਵਿੱਚ 9 ਕੇਸ ਦਰਜ ਹੋਏ, ਉਸ ਤੋਂ ਬਾਅਦ ਜਲੰਧਰ 7, ਲੁਧਿਆਣਾ,ਰੂਪਨਗਰ,ਪਟਿਆਲਾ ਵਿੱਚ 6-6 ਕੇਸ ਦਰਜ ਹੋਏ ਜਦਕਿ ਅੰਮ੍ਰਤਸਰ ਅਤੇ ਬਠਿੰਡਾ ਵਿੱਚ 5-5,ਇਸ ਤੋਂ ਇਲਾਵਾ ਮੋਹਾਲੀ ਵਿੱਚ ਵਿਜੀਲੈਂਸ ਨੇ 4 ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਸਨ। ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਇੰਨਾਂ ਸਾਰੇ ਮਾਮਲਿਆਂ ਵਿੱਚ ਚਾਰਜਸ਼ੀਟ ਜਲਦ ਹੀ ਪੇਸ਼ ਕੀਤੀ ਜਾਵੇਗੀ ।

ਕੁੱਲ 68 ਮੁਲਜ਼ਮਾਂ ਦੀ ਗਿਰਫ਼ਤਾਰੀ

ਵਿਜੀਲੈਂਸ ਬਿਊਰੋ ਵੱਲੋਂ 50 ਮਾਮਲਿਆਂ ਵਿੱਚ ਕੁੱਲ 68 ਮੁਲਜ਼ਮਾਂ ਦੀ ਗਿਰਫ਼ਤਾਰੀ ਕੀਤੀ ਗਈ ਹੈ। ਇੰਨਾਂ ਵਿੱਚੋ ਕਈ ਜੇਲ੍ਹ ਵਿੱਚ ਬੰਦ ਹਨ ਜਦਕਿ ਕਈ ਜ਼ਮਾਨਤ ‘ਤੇ ਬਾਹਰ ਹਨ । ਗਿਰਫ਼ਤਾਰ ਮੁਲਜ਼ਮਾਂ ਵਿੱਚੋ 26 ਸਿਵਿਲਿਅਨ ਹਨ,20 ਪੁਲਿਸ ਅਫਸਰ,ਸਿਵਲ ਵਿਭਾਗ ਵਿੱਚੋ 22 ਅਤੇ 6 ਵੱਡੇ ਅਫਸਰ ਹਨ।

5 ਕਾਂਗਰਸੀ ਮੰਤਰੀ ਗਿਰਫ਼ਤਾਰ ਹੋਏ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਹੁਣ ਤੱਕ 5 ਸਾਬਕਾ ਮੰਤਰੀ ਗਿਰਫ਼ਤਾਰ ਹੋ ਚੁੱਕੇ ਹਨ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਭ ਤੋਂ ਪਹਿਲਾਂ ਐਕਸ਼ਨ ਭਗਵੰਤ ਮਾਨ ਦੇ ਆਪਣੇ ਮੰਤਰੀ ਵਿਜੇ ਸਿੰਗਲਾ ਖਿਲਾਫ ਹੋਇਆ ਸੀ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ,ਸੰਗਤ ਸਿੰਘ ਗਿਲਜੀਆ,ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਦਾ ਨਾਂ ਸ਼ਾਮਲ ਹੈ । ਇਸ ਤੋਂ ਇਲਾਵਾ ਕੈਪਟਨ ਸਰਕਾਰ ਵਿੱਚ PWD ਮੰਤਰੀ ਰਹੇ ਵਿਜੇ ਇੰਦਰ ਸਿੰਗਲਾ ‘ਤੇ ਵੀ ਗਿਰਫ਼ਤਾਰੀ ਦੀ ਤਲਵਾਰ ਟੰਗੀ ਹੋਈ ਹੈ।

24 ਘੰਟੇ ਅੰਦਰ 6 ਮੁਲਜ਼ਮ ਗਿਰਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਦੀਆਂ ਵੱਖ-ਵੱਖ ਟੀਮਾਂ ਨੇ ਮੰਗਲਵਾਰ ਨੂੰ 6 ਅਧਿਆਕਾਰੀਆਂ ਅਤੇ ਮੁਲਾਜ਼ਮਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਹੈ। ਇਸ ਵਿੱਚ ਵਿਜੀਲੈਂਸ ਬਿਊਰੋ ਵਿੱਚ ਤੈਨਾਤ ਇੰਸਪੈਕਟਰ ਅਮਲੋਕ ਸਿੰਘ ਹਨ ਜਿੰਨਾਂ ਨੂੰ 5 ਹਜ਼ਾਰ ਦੀ ਰਿਸ਼ਵਤ ਲੈਣ ‘ਤੇ ਗਿਰਫ਼ਤਾਰ ਕੀਤਾ ਗਿਆ । ਇਸ ਤੋਂ ਇਲਾਵਾ ਇੱਕ ਰਿਟਾਇਡ ਪਟਵਾਰੀ ਹਰਬੰਸ ਸਿੰਘ ਤੋਂ ਇੰਤਕਾਲ ਕਰਵਾਉਣ ਦੇ ਲਈ 13 ਹਜ਼ਾਰ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਇੱਕ ਮੁਲਜ਼ਮ ਨੂੰ ਗਿਰਫ਼ਤਾਰ ਕੀਤਾ ਗਿਆ ਹੈ । ਜਦਕਿ 2 ਸਕੂਲਾਂ ਦੇ ਪ੍ਰਿੰਸੀਪਲਾਂ ਦੀ 10,01,120 ਰੁਪਏ ਦੇ ਫੰਡ ਗਾਇਬ ਕਰਨ ਦੇ ਮਾਮਲੇ ਵਿੱਚ ਗਿਰਫ਼ਤਾਰੀ ਹੋਈ ਹੈ ।