India International Punjab

“ਤੁਹਾਡੀਆਂ ਹਜ਼ਾਰ ਕਲਮਾਂ ‘ਤੇ ਮੇਰੀ ‘ਕੱਲੀ ਕਲਮ ਉਡਾ ਦੇਵੇਗੀ ਰਾਤਾਂ ਦੀ ਨੀਂਦ”, ਇੱਕ ਹੋਰ ਪੰਜਾਬੀ ਗਾਇਕ ਦੀ ਜਾਨ ਨੂੰ ਖ਼ਤਰਾ

Another Punjabi singer's life threatened

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸ਼੍ਰੀ ਬਰਾੜ, ਜਿਨ੍ਹਾਂ ਨੇ ਕਿਸਾਨੀ ਮੋਰਚੇ ਵਿੱਚ ਗੀਤ “kisani Anthem” ਕੱਢ ਕੇ ਇੱਕ ਲਹਿਰ ਬਣਾ ਦਿੱਤੀ ਸੀ, ਨੇ ਹੁਣ “ਕੌਮੀ ਇਨਸਾਫ ਮੋਰਚਾ ਚੰਡੀਗੜ੍ਹ” ਦੇ ਚੱਲਦਿਆਂ ਬੰਦੀ ਸਿੰਘਾਂ ਦੇ ਹੱਕ ਵਿੱਚ ਫੇਰ “ਬੇੜੀਆਂ” ਗੀਤ ਕੱਢ ਕੇ ਮੋਰਚੇ ਦੇ ਹੱਕ ਵਿੱਚ ਭੁਗਤਿਆ ਹੈ ਅਤੇ ਲੋਕਾਂ ਨੂੰ ਮੋਰਚੇ ਵਿੱਚ ਆਉਣ ਲਈ ਪ੍ਰੇਰਿਤ ਕੀਤਾ। ਸ਼੍ਰੀ ਬਰਾੜ ਨੇ ਦੱਸਿਆ ਕਿ ਬੇੜੀਆਂ ਗੀਤ ਕੱਢਣ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਨੇ ਮੇਰਾ ਜਿਊਣਾ ਹਰਾਮ ਕਰ ਦਿੱਤਾ। ਕੌਮੀ ਇਨਸਾਫ਼ ਮੋਰਚਾ ਨੇ ਸ਼੍ਰੀ ਬਰਾੜ ਦੇ ਹੱਕ ਵਿੱਚ ਖੜਨ ਲਈ ਸਾਰੀ ਸੰਗਤ ਨੂੰ ਅਪੀਲ ਕੀਤੀ ਹੈ।

ਬਰਾੜ ਨੇ ਦੋਸ਼ ਲਾਇਆ ਕਿ ਮੇਰਾ ਨੰਬਰ ਜਣੇ ਖਣੇ ਨੂੰ ਦਿੱਤਾ ਜਾ ਰਿਹਾ ਹੈ ਅਤੇ ਗਾਲ੍ਹਾਂ ਕਢਵਾਈਆਂ ਜਾ ਰਹੀਆਂ ਹਨ। ਪੰਜਾਬ ਦੇ ਹਾਲਾਤ ਕਸ਼ਮੀਰ ਤੋਂ ਬਦਤਰ ਕੀਤੇ ਗਏ ਹਨ। ਬਰਾੜ ਨੇ ਕਿਹਾ ਕਿ ਮੈਂ ਬਾਹਰ ਦੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ, ਮੈਂ ਡਰਦਾ ਬਾਹਰ ਨਹੀਂ ਨਿਕਲ ਰਿਹਾ ਕਿਉਂਕਿ ਮੈਨੂੰ ਪਤਾ ਹੈ ਕਿ ਇਨ੍ਹਾਂ ਨੇ ਮੈਨੂੰ ਮਰਵਾ ਦੇਣਾ ਹੈ। ਇਸੇ ਲਈ ਸੋਚਦਾ ਹਾਂ ਕਿ ਜਦੋਂ ਸਿਕਿਓਰਿਟੀ ਮਿਲੇਗੀ, ਉਦੋਂ ਸ਼ੋਅ ਕਰਾਂਗਾ। ਉਨ੍ਹਾਂ ਨੇ ਕਿਹਾ ਕਿ ਮਾਰ ਕਿਸੇ ਨੇ ਜਾਣਾ ਹੈ ਅਤੇ ਨਾਮ ਕਿਸੇ ਦਾ ਲੱਗਣਾ ਹੈ। ਜ਼ਿੰਦਗੀ ਬਹੁਤ ਔਖੀ ਹੈ।

ਬਰਾੜ ਨੇ ਖੁਦ ਨੂੰ ਧਮਕੀਆਂ ਦੇਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਕਿ ਤੁਹਾਡੇ ਕੋਲ ਇੱਕੋ ਹੀ ਹੱਲ ਹੈ ਮੈਨੂੰ ਟਿਕਾਉਣ ਦਾ ਤੇ ਉਹ ਹੈ ਜਦੋਂ ਤੁਸੀਂ ਮੈਨੂੰ ਗੋਲੀ ਮਰਵਾ ਦਿਓਗੇ, ਉਦੋਂ ਮੈਂ ਟਿਕ ਜਾਵਾਂਗਾ। ਉਦੋਂ ਤੱਕ ਤੁਹਾਡੀਆਂ ਹਜ਼ਾਰ ਕਲਮਾਂ ਉੱਤੇ ਮੈਂ ਆਪਣੀ ਇਕੱਲੀ ਕਲਮ ਨਾਲ ਤੁਹਾਡੀ ਰਾਤਾਂ ਦੀ ਨੀਂਦ ਉਡਾ ਦਿਆਂਗਾ। ਬਰਾੜ ਨੇ ਯੂਟਿਊਬ, ਨੈਟਫਲਿੱਕਸ ਵਗੈਰਾ ਉੱਤੇ ਚੱਲ ਰਹੀ ਲੱਚਰਤਾ ਬਾਰੇ ਵੀ ਜ਼ਿਕਰ ਕੀਤਾ ਕਿ ਉਨ੍ਹਾਂ ਦੇ ਖਿਲਾਫ਼ ਤਾਂ ਕੋਈ ਐਕਸ਼ਨ ਨਹੀਂ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ।

ਬਰਾੜ ਨੇ ਰਾਜੋਆਣਾ ਪਰਿਵਾਰ ਬਾਰੇ ਬੋਲਦਿਆਂ ਕਿਹਾ ਕਿ ਬੇੜੀਆਂ ਗਾਣੇ ਦੇ ਦੂਜੇ ਤੀਜੇ ਦਿਨ ਬਾਅਦ ਉਨ੍ਹਾਂ ਨੂੰ ਭਾਈ ਰਾਜੋਆਣਾ ਦੀ ਭੈਣ ਦਾ ਫੋਨ ਆਇਆ ਸੀ। ਭੈਣ ਦਾ ਦਰਦ ਸੁਣ ਕੇ ਕਾਲਜਾ ਪਾੜਦਾ ਹੈ। ਬਰਾੜ ਨੇ ਖ਼ਾਸ ਤੌਰ ‘ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਰਲ ਮਿਲ ਕੇ ਪੰਜਾਬ ਨੂੰ ਸਾਜਿਸ਼ਾਂ ਤੋਂ ਕੱਢ ਲਈਏ ਨਹੀਂ ਤਾਂ ਕਿਸੇ ਦਿਨ ਸਾਡੀਆਂ ਲਾਸ਼ਾਂ ਚੁੱਕਣ ਸਮੇਂ ਸਾਨੂੰ ਯਾਦ ਕਰੋਗੇ ਕਿ ਇਹ ਵੀਰ ਇਹ ਗੱਲਾਂ ਕਰਦਾ ਹੁੰਦਾ ਸੀ।