Khaas Lekh Khalas Tv Special Punjab

ਕਿਸਾਨ ਬੱਸ ‘ਚ ਭੁੱਲਿਆ 4.30 ਲੱਖ ਕੈਸ਼, ਪਰ ਕੰਡਕਟਰ ਨਹੀਂ ਭੁੱਲਿਆ ਇਮਾਨਦਾਰੀ

CM ਮਾਨ ਹੋਏ ਮੁਰੀਦ

‘ਦ ਖ਼ਾਲਸ ਬਿਊਰੋ :- ਇਮਾਨਦਾਰੀ ਦੇ ਸ਼ਬਦੀ ਅਰਥ ਨਾਲ ਤਾਂ ਹਰ ਕੋਈ ਜਾਣੂ ਹੈ ਪਰ ਇਸ ਦੇ ਮਾਇਨੇ ਕਿਸੇ ਵਿਰਲੇ ਨੂੰ ਹੀ ਪਤਾ ਹੁੰਦੇ ਹਨ। ਜ਼ਿੰਦਗੀ ਦੇ ਹਰ ਕਦਮ ‘ਤੇ ਇਮਾਨਦਾਰੀ ਦੀ ਪ੍ਰੀਖਿਆ ਹੁੰਦੀ ਹੈ। ਬਚਪਨ ਤੋਂ ਲੈ ਕੇ ਬੁਢਾਪੇ ਤੱਕ ਹਰ ਇਨਸਾਨ ਨੂੰ ਇਹ ਟੈਸਟ ਕਦਮ-ਕਦਮ ‘ਤੇ ਦੇਣਾ ਹੁੰਦਾ ਹੈ। ਜਿਹੜੇ ਲੋਕ ਡੋਲ ਜਾਂਦੇ ਹਨ, ਉਹ ਕਦੇ ਆਪਣੀ ਮਜ਼ਬੂਰੀ ਜਾਂ ਫਿਰ ਹਾਲਾਤਾਂ ਦਾ ਹਵਾਲਾ ਦਿੰਦੇ ਹਨ ਪਰ ਇਮਾਨਦਾਰ ਦੀ ਅਸਲੀ ਪਰਖ ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰਨ ਦੇ ਬਾਅਦ ਹੀ ਹੁੰਦੀ ਹੈ। ਰੱਜਿਆ ਹੋਇਆ ਕੋਈ ਵੀ ਸ਼ਖ਼ਸ ਇਮਾਨਦਾਰੀ ਦਾ ਪਾਠ ਪੜਾ ਸਕਦਾ ਹੈ ਪਰ ਰੋਜ਼ਾਨਾ ਜਿੰਦਗੀ ਦੀਆਂ ਚੁਣੌਤੀਆਂ ਨਾਲ 2-2 ਹੱਥ ਕਰਨ ਵਾਲਾ ਸ਼ਖ਼ਸ ਜਦੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਾ ਹੈ ਤਾਂ ਉਸ ਦੇ ਮਾਇਨੇ ਹੀ ਕੁੱਝ ਵੱਖਰੇ ਹੁੰਦੇ ਹਨ। PRTC ਦੇ ਬੱਸ ਮੁਲਾਜ਼ਮਾਂ ਨੇ ਅਜਿਹੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ, ਭਾਵੇਂ ਆਪਣੀ ਤਨਖਾਹ ਲਈ ਉਹ ਕਈ ਵਾਰ ਸੜਕਾਂ ‘ਤੇ  ਸੰਘਰਸ਼ ਕਰਦੇ ਨਜ਼ਰ ਆ ਜਾਂਦੇ ਹਨ ਪਰ ਇਮਾਨਦਾਰੀ ਦਾ ਪੱਲਾ ਉਨ੍ਹਾਂ ਨੇ ਨਹੀਂ ਛੱਡਿਆ ਹੈ। ਕੁਝ ਦਿਨ ਪਹਿਲਾਂ ਇੱਕ ਯਾਤਰੀ PRTC ਦੀ ਬੱਸ ਵਿੱਚ ਨੋਟਾਂ ਨਾਲ ਭਰਿਆ ਬੈਗ ਛੱਡ ਗਿਆ ਸੀ। ਜਦੋਂ ਮੁਲਾਜ਼ਮਾਂ ਨੇ ਬੈਗ ਵੇਖਿਆ ਤਾਂ ਉਸ ਵਿੱਚੋਂ 4 ਲੱਖ 30 ਹਜ਼ਾਰ ਰੁਪਏ ਸਨ। ਦੋਵੇਂ ਮੁਲਾਜ਼ਮ ਚਾਹੁੰਦੇ ਤਾਂ ਬੈਗ ਨੂੰ ਰੱਖ ਸਕਦੇ ਸਨ ਪਰ ਗੁਲਾਬੀ ਨੋਟ ਉਨ੍ਹਾਂ ਦੇ ਮਨ ਨੂੰ ਕਾਲਾ ਨਹੀਂ ਕਰ ਸਕੇ ਬਲਕਿ ਹੋਰ ਮਜ਼ਬੂਤ ਕੀਤਾ ਅਤੇ ਜ਼ਿੰਮੇਵਾਰੀ ਨਾਲ ਉਨ੍ਹਾਂ ਨੇ  ਬੈਗ ਨੂੰ ਸੰਭਾਲ ਕੇ ਰੱਖਿਆ ਅਤੇ ਇਮਾਨਦਾਰੀ ਦਾ ਸਬੂਤ ਦਿੱਤਾ।

ਕਿਹਾ ਵੀ ਜਾਂਦਾ ਹੈ ਕਿ ਇਮਾਨਦਾਰੀ ਕਮਾਉਣੀ ਬਹੁਤ ਔਖੀ ਹੈ ਪਰ ਅਜਿਹੀ ਇੱਕ ਮਿਸਾਲ ਜ਼ਿਲ੍ਹਾ ਸੰਗਰੂਰ ਦੇ ਇੱਕ ਪੀਆਰਟੀਸੀ ਬੱਸ ਕੰਡਕਟਰ ਡਿੰਪਲ ਕੁਮਾਰ ਅਤੇ ਡਰਾਈਵਰ ਸੁਖਚੈਨ ਸਿੰਘ ਨੇ ਕਾਇਮ ਕੀਤੀ ਹੈ। ਪਿਛਲੇ ਦਿਨੀਂ ਇੱਕ ਕਿਸਾਨ ਆਪਣਾ ਪੈਸਿਆਂ ਭਰਿਆ ਬੈਗ ਇੱਕ ਪੀਆਰਟੀਸੀ ਬੱਸ ਵਿੱਚ ਭੁੱਲ ਗਿਆ ਸੀ, ਜਿਸ ਤੋਂ ਬਾਅਦ ਉਹ ਬੈਗ ਡਰਾਈਵਰ ਅਤੇ ਕੰਡਰਟਰ ਦੇ ਹੱਥ ਲੱਗਾ। ਉਨ੍ਹਾਂ ਨੇ ਕਿਸਾਨ ਨੂੰ ਉਹ ਬੈਗ ਬਿਨਾਂ ਕਿਸੇ ਛੇੜ-ਛਾੜ ਦੇ ਸਹੀ ਸਲਾਮਤ ਵਾਪਿਸ ਕਰ ਦਿੱਤਾ। ਕੰਡਕਟਰ ਅਤੇ ਡਰਾਈਵਰ ਦੀ ਇਸ ਇਮਾਨਦਾਰੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੂਬ ਸਰਾਹਿਆ। ਉਨ੍ਹਾਂ ਨੇ ਬੱਸ ਕੰਡਕਟਰ ਅਤੇ ਡਰਾਈਵਰ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਮਾਡਲ ਦੇ ਸਨਮਾਨਿਤ ਵੀ ਕੀਤਾ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗਲਤ ਤਰੀਕੇ ਨਾਲ ਤਾਂ ਲੋਕ ਬਹੁਤ ਪੈਸੇ ਕਮਾ ਜਾਂਦੇ ਹਨ ਅਤੇ ਬਾਹਰਲੀਆਂ ਕਚਹਿਰੀਆਂ ਵਿੱਚੋਂ ਬਰੀ ਵੀ ਹੋ ਜਾਂਦੇ ਹਨ। ਪਰ ਮਨ ਦੇ ਅੰਦਰਲੀ ਜੋ ਸੱਚ ਦੀ ਕਚਹਿਰੀ ਲੱਗਦੀ ਹੈ, ਉਸ ਵਿੱਚ ਕਦੇ ਜ਼ਮਾਨਤ ਨਹੀਂ ਮਿਲਦੀ।

ਦਰਅਸਲ, ਇੱਕ ਕਿਸਾਨ ਨੇ ਟਰੈਕਟਰ ਲੈਣਾ ਸੀ ਅਤੇ ਉਸ ਵਾਸਤੇ ਜਮ੍ਹਾ ਕੀਤੀ ਰਕਮ ਨੂੰ ਇੱਕ ਬੈਗ ਵਿੱਚ ਪਾ ਕੇ ਉਹ ਇੱਕ ਪੀਆਰਟੀਸੀ ਬੱਸ ਵਿੱਚ ਚੜਿਆ ਸੀ ਅਤੇ ਬੱਸ ਤੋਂ ਉਤਰਨ ਲੱਗਿਆਂ ਉਹ ਬੈਗ ਲੈਣਾ ਭੁੱਲ ਗਿਆ ਸੀ। ਬਾਅਦ ਵਿੱਚ ਕੰਡਕਟਰ ਅਤੇ ਡਰਾਈਵਰ ਨੇ ਉਸ ਕਿਸਾਨ ਦੇ ਨਾਲ ਸੰਪਰਕ ਕਰਕੇ ਸਾਰੇ ਪੈਸ ਕਿਸਾਨ ਨੂੰ ਵਾਪਸ ਕਰ ਦਿੱਤੇ ਸਨ। ਇਸਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਹੈ।