India

ਦਿੱਲੀ ‘ਚ ਸਕੂਲ ਬੰਦ ਕਰਨ ਦਾ ਐਲਾਨ, ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Announcing the closure of schools in flood affected areas in Delhi, Kejriwal gave the information by tweeting

ਦਿੱਲੀ : ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਨਵੀਂ ਦਿੱਲੀ ਸਮੇਤ ਉੱਤਰੀ ਦਿੱਲੀ ਅਤੇ ਮੱਧ ਦਿੱਲੀ ਦੇ ਉਨ੍ਹਾਂ ਇਲਾਕਿਆਂ ਵਿੱਚ ਜਿੱਥੇ ਪਾਣੀ ਭਰ ਰਿਹਾ ਹੈ, ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਕਰ ਦਿੱਤੇ ਗਏ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਇਹ ਐਲਾਨ ਕੀਤਾ ਹੈ।

ਅਰਵਿੰਦ ਕੇਜਰੀਵਾਲ ਨੇ ਟਵੀਟ ਵਿੱਚ ਲਿਖਿਆ ਕਿ ਯਮੁਨਾ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਹੁਣ ਪਾਣੀ 208.46 ਮੀਟਰ ਤੱਕ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਯਮੁਨਾ ਨਦੀ ਆਲ਼ੇ-ਦੁਆਲੇ ਦੀਆਂ ਸੜਕਾਂ ‘ਤੇ ਆ ਗਈ ਹੈ। ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਰੂਟਾਂ ਤੇ ਨਾ ਜਾਣ।

ਇੱਕ ਹੋਰ ਟਵੀਟ ਕਰਦਿਆਂ ਕਿਹਾ ਕਿ ਯਮੁਨਾ ‘ਚ ਪਾਣੀ ਦਾ ਪੱਧਰ ਵਧਣ ਕਾਰਨ ਵਜ਼ੀਰਾਬਾਦ, ਚੰਦਰਵਾਲ ਅਤੇ ਓਖਲਾ ਵਾਟਰ ਟਰੀਟਮੈਂਟ ਪਲਾਂਟ ਬੰਦ ਕਰਨੇ ਪਏ ਹਨ। ਇਸ ਕਾਰਨ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਰਹੇਗੀ। ਜਿਵੇਂ ਹੀ ਯਮੁਨਾ ਦਾ ਪਾਣੀ ਘਟੇਗਾ, ਅਸੀਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ।

ਹੋਰ ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਮੈਂ ਸਾਰੇ ਵਲੰਟੀਅਰਾਂ, ਕੌਂਸਲਰਾਂ, ਵਿਧਾਇਕਾਂ ਅਤੇ ਹੋਰ ਸਾਰੇ ਲੋਕਾਂ ਨੂੰ ਰਾਹਤ ਕੈਂਪਾਂ ਦਾ ਦੌਰਾ ਕਰਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕਰਦਾ ਹਾਂ।

ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡਣ ਤੋਂ ਬਾਅਦ ਯਮੁਨਾ ਨਦੀ ਦਾ ਪਾਣੀ ਤੇਜ਼ੀ ਨਾਲ ਵੱਧ ਰਿਹਾ ਹੈ। ਵੀਰਵਾਰ ਸਵੇਰੇ 7 ਵਜੇ ਯਮੁਨਾ ਦਾ ਜਲ ਪੱਧਰ 208.46 ਮੀਟਰ ਤੱਕ ਪਹੁੰਚ ਗਿਆ। ਦਿੱਲੀ ਦੀਆਂ ਕੁਝ ਸੜਕਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਹੜ੍ਹ ਦੀ ਸਥਿਤੀ ‘ਤੇ ਚਰਚਾ ਕਰਨ ਲਈ ਦਿੱਲੀ ਆਫ਼ਤ ਪ੍ਰਬੰਧਨ ਅਥਾਰਿਟੀ (DDMA) ਦੀ ਮੀਟਿੰਗ ਬੁਲਾਈ ਗਈ ਹੈ।

ਦਿੱਲੀ ਜਲ ਬੋਰਡ ਨੇ ਯਮੁਨਾ ਨਦੀ ਵਿੱਚ ਆਏ ਹੜ੍ਹ ਕਾਰਨ ਵਜ਼ੀਰਾਬਾਦ ਜਲ ਸ਼ੁਧੀਕਰਨ ਪਲਾਂਟ ਨੂੰ ਬੰਦ ਕਰ ਦਿੱਤਾ ਹੈ। ਅਬਾਦੀ ਵਾਲੇ ਇਲਾਕਿਆਂ ਤੋਂ ਜਿੱਥੇ ਪਾਣੀ ਭਰਿਆ ਹੋਇਆ ਹੈ, ਉੱਥੇ ਲੋਕਾਂ ਨੂੰ ਹੋਰ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ। ਦਿੱਲੀ ਦੇ ਸਾਰੇ ਲੋਕਾਂ ਨੂੰ ਇਸ ਸੰਕਟਕਾਲੀਨ ਸਥਿਤੀ ਵਿੱਚ ਹਰ ਸੰਭਵ ਤਰੀਕੇ ਨਾਲ ਇੱਕ ਦੂਜੇ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।