Punjab

ਜਲੰਧਰ ਵੈਸਟ ਤੋਂ CM ਮਾਨ ਨੇ 2 ਹੋਰ ਸਿਆਸੀ ਤਿਤਲੀਆਂ ਦਾ ਪਾਲਾ ਬਦਲਵਾਇਆ !

ਬਿਉਰੋ ਰਿਪੋਰਟ – ਜਲੰਧਰ ਵੈਸਟ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਿਨ-ਰਾਤ ਇੱਕ ਕਰ ਰਹੇ ਹਨ, ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਕਿਸੇ ਦੂਜੀ ਪਾਰਟੀ ਦੀ ਸਿਆਸੀ ਤਿਤਲੀ ਨੂੰ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਨਾ ਕਰਵਾਉਂਦੇ ਹੋਣ। 3 ਜੁਲਾਈ ਨੂੰ ਵੋਟਿੰਗ ਤੋਂ ਇੱਕ ਹਫਤਾ ਪਹਿਲਾਂ ਕਾਂਗਰਸ ਦੇ ਸਾਬਕਾ ਕੌਂਸਲਰ ਤਰਸੇਮ ਲਖੋਤਰਾ ਅਤੇ ਸਾਬਕਾ ਕੌਂਸਲਰ ਦੇ ਪੁੱਤਰ ਅਨਮੋਲ ਗਰੋਵਰ ਅਤੇ ਉਸ ਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ। ਬੀਤੇ ਦਿਨੀ ਮੁੱਖ ਮੰਤਰੀ ਨੇ ਅਕਾਲੀ ਦਲ ਦੀ ਉਮੀਦਵਾਰ ਸੁਰਜੀਤ ਕੌਰ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ ਪਰ ਸ਼ਾਮ ਹੁੰਦੇ-ਹੁੰਦੇ ਉਹ ਮੁੜ ਤੋਂ ਬੀਬੀ ਜਗੀਰ ਕੌਰ ਦੀ ਅਗਵਾਈ ਵਿੱਚ ਅਕਾਲੀ ਦਲ ਦੀ ਉਮੀਦਵਾਰ ਬਣ ਗਈ ।

ਅਕਾਲੀ ਦਲ ਦੇ ਨਾਲ ਬੀਜੇਪੀ ਦੇ ਆਗੂ ਸੁਭਾਸ਼ ਗੋਰਿਆ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਦੋਵਾਂ ਦੇ ਆਪ ਵਿੱਚ ਸ਼ਾਮਲ ਹੋਣ ਦੇ ਨਾਲ ਕਾਂਗਰਸ ਅਤੇ ਬੀਜੇਪੀ ਨੂੰ ਵੱਡਾ ਝਟਕਾ ਲੱਗਿਆ ਹੈ। ਤਰਸੇਮ ਲਖੋਤਾ ਲੰਮੇ ਸਮੇਂ ਤੋਂ ਕਾਂਗਰਸ ਵਿੱਚ ਸਨ ਅਤੇ ਇਲਾਕੇ ਵਿੱਚ ਚੰਗਾ ਰੁਤਬਾ ਰੱਖ ਦੇ ਹਨ। ਅਜਿਹੇ ਵਿੱਚ ਪਾਰਟੀ ਛੱਡਣ ਨਾਲ ਵੈਸਟ ਹਲਕੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਤਰ੍ਹਾਂ ਸਾਬਕਾ ਕੌਂਸਲਰ ਅਨਮੋਲ ਗਰੋਵਰ ਵੀ ਪਹਿਲਾਂ ਕਾਂਗਰਸ ਵਿੱਚ ਸਨ ਪਰ ਸੁਸ਼ੀਲ ਰਿੰਕੂ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਉਹ ਵੀ ਨਾਲ ਚੱਲੇ ਗਏ ਸਨ। ਪਰ ਜ਼ਿਮਨੀ ਚੋਣ ਵਿੱਚ ਗਰੋਵਰ ਨੇ ਮੁੜ ਤੋਂ ਪਾਰਟੀ ਬਦਲ ਲਈ।

10 ਜੁਲਾਈ ਨੂੰ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਹੋਣੀ ਹੈ, 13 ਜੁਲਾਈ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ । 2022 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਜੇਤੂ ਸ਼ੀਤਲ ਅੰਗੂਰਾਲ ਦੇ ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋਣ ਅਤੇ ਅਸਤੀਫ਼ਾ ਦੇਣ ਦੀ ਵਜ੍ਹਾ ਕਰਕੇ ਜ਼ਿਮਨੀ ਚੋਣ ਹੋ ਰਹੀ ਹੈ।

ਇਹ ਵੀ ਪੜ੍ਹੋ –  ਮਹਿੰਗਾਈ ਨੇ ਵਿਗਾੜਿਆ ਲੋਕਾਂ ਦਾ ਘਰੇਲੂ ਬਜਟ, ਸਬਜ਼ੀਆਂ ਦੀਆਂ ਕੀਮਤਾਂ ਵਧੀਆ