India

ਹਰਿਆਣਾ ਦੇ ਨੂਹ ਮਾਮਲੇ ‘ਤੇ ਅਨਿਲ ਵਿਜ ਦਾ ਵੱਡਾ ਬਿਆਨ, ਕਿਹਾ ਪਹਿਲਾਂ ਤੋਂ ਬਣਾਇਆ ਹੋਇਆ ਸੀ ਪਲਾਨ

Anil Vij's big statement on Haryana's Noah violence case said that the plan was already made

ਹਰਿਆਣਾ ਦੇ ਨੂਹ ਵਿੱਚ ਦੋ ਭਾਈਚਾਰਿਆਂ ਵਿਚਕਾਰ ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਤਣਾਅ ਬਣਿਆ ਰਿਹਾ। ਸਾਵਧਾਨੀ ਦੇ ਤੌਰ ‘ਤੇ ਅੱਜ ਵੀ ਇੱਥੇ ਕਰਫ਼ਿਊ ਜਾਰੀ ਰਹੇਗਾ। ਸੋਮਵਾਰ ਨੂੰ ਦੰਗੇ ਭੜਕਣ ਤੋਂ ਬਾਅਦ ਨੂਹ ‘ਚ ਹਾਲਾਤ ਆਮ ਵਾਂਗ ਨਜ਼ਰ ਆ ਰਹੇ ਹਨ ਪਰ ਨਾਲ ਲੱਗਦੇ ਜ਼ਿਲਿਆਂ ‘ਚ ਹਿੰਸਕ ਘਟਨਾਵਾਂ ਵਧ ਗਈਆਂ ਹਨ। ਨੂਹ, ਗੁਰੂਗ੍ਰਾਮ, ਪਲਵਲ ਜ਼ਿਲ੍ਹਿਆਂ ਵਿੱਚ ਤਣਾਅ ਹੈ।

ਇਸੇ ਦੌਰਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦਾ ਇਸ ਮਾਮਲੇ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਨੂਹ ਹਿੰਸਾ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਇਹ ਹਿੰਸਾ ਕਿਸੇ ਮਾਸਟਰਮਾਈਂਡ ਦਾ ਰਚਿਆ ਹੋਇਆ ਪਲਾਨ ਹੈ। ਵਿਜ ਨੇ ਕਿਹਾ ਕਿ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਨੂਹ ਵਿੱਚ ਕਰਫ਼ਿਊ ਲਗਾ ਦਿੱਤਾ ਗਿਆ ਹੈ। ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜੇਕਰ ਲੋੜ ਪਈ ਤਾਂ ਹਵਾਈ ਸੈਨਾ ਦੀ ਮਦਦ ਵੀ ਲਈ ਜਾਵੇਗੀ। ਹਵਾਈ ਅੱਡੇ ਨੂੰ ਸਟੈਂਡ ਬਾਏ ‘ਤੇ ਰੱਖਿਆ ਗਿਆ ਹੈ। ਅਨਿਲ ਵਿਜ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਹਮਲਾ ਕੀਤਾ ਗਿਆ, ਉਸ ਤੋਂ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਮਾਸਟਰਮਾਈਂਡ ਸੀ ਅਤੇ ਇਹ ਸੋਚੀ-ਸਮਝੀ ਸਾਜ਼ਸ਼ ਸੀ।

ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਹੁਣ ਸਥਿਤੀ ਕਾਬੂ ਹੇਠ ਹੈ ਅਤੇ ਹੁਣ ਤੱਕ 116 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਗੁਰੂਗ੍ਰਾਮ, ਰੇਵਾੜੀ ਅਤੇ ਸੋਹਾਣਾ ਤੋਂ ਕੀਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ, ਸਥਿਤੀ ਨੂੰ ਸ਼ਾਂਤ ਅਤੇ ਨਿਯੰਤਰਨ ਵਿੱਚ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਸ ਦੇ ਨਾਲ ਹੀ ਅਸੀਂ ਤੱਥਾਂ ਦੀ ਜਾਂਚ ਕਰ ਰਹੇ ਹਾਂ ਅਤੇ ਘਟਨਾ ਦੇ ਮਾਸਟਰ ਮਾਈਂਡ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਗੁਰੂਗ੍ਰਾਮ ਦੇ ਡੀਸੀ ਨੇ ਕਿਹਾ ਕਿ ਬ੍ਰਿਜ ਮੰਡਲ ਦੀ ਧਾਰਮਿਕ ਯਾਤਰਾ ਦੌਰਾਨ ਹੋਈ ਹਿੰਸਾ ਵਿੱਚ ਹੁਣ ਤੱਕ ਜ਼ਿਲ੍ਹੇ ਵਿੱਚ 116 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 26 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਹਿੰਸਾ ਦੌਰਾਨ ਹੁਣ ਤੱਕ ਕੁੱਲ 60 ਲੋਕ ਜ਼ਖ਼ਮੀ ਹੋ ਚੁੱਕੇ ਹਨ।

ਡੀਸੀ ਨੇ ਪਿੰਡਾਂ ਵਿੱਚ ਚੌਕੀਦਾਰ ਲਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਫੋਰਸ ਦੀਆਂ 14 ਕੰਪਨੀਆਂ ਫ਼ੀਲਡ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਨਾਲ ਹੀ ਕਿਹਾ ਕਿ ਅਫ਼ਵਾਹਾਂ ‘ਤੇ ਧਿਆਨ ਨਾ ਦਿਓ ਅਤੇ ਲੋਕ ਕਾਨੂੰਨ ਵਿਵਸਥਾ ਬਣਾਈ ਰੱਖਣ ‘ਚ ਸਹਿਯੋਗ ਕਰਨ। ਦੂਜੇ ਪਾਸੇ, ਗੁਰੂਗ੍ਰਾਮ ਵਿੱਚ ਵਿੱਦਿਅਕ ਅਦਾਰੇ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਖੇਤਰ ਵਾਰ 10 ਡਿਊਟੀ ਮੈਜਿਸਟ੍ਰੇਟ ਅਤੇ 6 ਵਿਸ਼ੇਸ਼ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤੇ ਗਏ ਹਨ।