ਬਿਊਰੋ ਰਿਪੋਰਟ : ਸ਼੍ਰੀ ਆਨੰਦਪੁਰ ਸਾਹਿਬ ਵਿੱਚ NRI ਨੌਜਵਾਨ ਪ੍ਰਦੀਪ ਸਿੰਘ ਉਰਫ ਪ੍ਰਿੰਸ ਦੇ ਕਤਲ ਮਾਮਲੇ ਵਿੱਚ ਪਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਪੁੱਤਰ ਦੀ ਲਾਸ਼ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ । ਪਰਿਵਾਰ ਦਾ ਇਲਜ਼ਾਮ ਹੈ ਕਿ ਜਦੋਂ ਤੱਕ ਪੂਰੇ ਮੁਲਜ਼ਮ ਨਹੀਂ ਫੜੇ ਜਾਂਦੇ ਹਨ ਤਾਂ ਤੱਕ ਉਹ ਪੱਤਰ ਦੀ ਲਾਸ਼ ਨਹੀਂ ਲੈਣਗੇ । ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ । ਉਨ੍ਹਾਂ ਕਿਹਾ ਅਸੀਂ ਨਹੀਂ ਚਾਉਂਦੇ ਹਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਾਂਗ ਅਸੀਂ ਵੀ ਰੁਲੀਏ,ਇਨਸਾਫ ਨਾ ਮਿਲਣ ‘ਤੇ ਵੱਡਾ ਪ੍ਰੋਗਰਾਮ ਉਲੀਕਾਂਗੇ,ਮੌਕੇ ‘ਤੇ ਕਿਸੇ ਨੇ ਵੀ ਸਾਡੇ ਪੁੱਤ ਦੀ ਮਦਦ ਨਹੀਂ ਕੀਤੀ ।
ਇਸ ਤਰ੍ਹਾਂ ਪ੍ਰਦੀਪ ਦਾ ਕਤਲ ਹੋਇਆ ਸੀ
6 ਮਾਰਚ ਨੂੰ ਪ੍ਰਦੀਪ ਦਾ ਹੋਲਾ ਮਹੱਲੇ ਦੀ ਪਹਿਲੀ ਰਾਤ ਨੂੰ ਬੇਰਹਮੀ ਨਾਲ ਕਤਲ ਕਰ ਦਿੱਤਾ ਸੀ । ਉਹ ਹੋਲਾ ਮਹੱਲੇ ਵਿੱਚ ਟਰੈਕਟਰ ‘ਤੇ ਤੇਜ਼ ਆਵਾਜ਼ ਵਿੱਚ ਅਸ਼ਲੀਲ ਗਾਣੇ ਚਲਾਉਣ ਵਾਲਿਆਂ ਨੂੰ ਸਮਝਾ ਰਿਹਾ ਸੀ । ਇਸੇ ਦੌਰਾਨ ਕਝ ਨੌਜਵਾਨਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਦੇ ਨਾਲ ਉਸ ਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕੀਤਾ । NRI ਪ੍ਰਦੀਪ ਸਿੰਘ ਉਰਫ ਪ੍ਰਿੰਸ ਉੱਥੇ ਹੀ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ । ਹੈਰਾਨੀ ਦੀ ਗੱਲ ਇਹ ਹੈ ਕਿ ਸੜਕ ‘ਤੇ ਉਸ ਵੇਲੇ ਵੱਡੀ ਗਿਣਤੀ ਵਿੱਚ ਸੰਗਤ ਸੀ ਪਰ ਕਿਸੇ ਨੇ ਵੀ ਪ੍ਰਦੀਪ ਸਿੰਘ ਦੀ ਮਦਦ ਨਹੀਂ ਕੀਤੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਮੁਲਜ਼ਮ ਦੀ ਪਛਾਣ ਕਰ ਲਈ ਸੀ ਜਿਸ ਦਾ ਨਾਂ ਨਿਰੰਜਣ ਸਿੰਘ ਹੈ ਅਤੇ ਉਹ PGI ਵਿੱਚ ਭਰਤੀ ਹੈ । ਪੁਲਿਸ ਨੇ ਉਸ ਦੇ ਕਮਰੇ ਦੇ ਬਾਹਰ ਸੁਰੱਖਿਆ ਗਾਰਡ ਤਾਇਨਾਤ ਕਰ ਦਿੱਤੇ ਹਨ । ਜਦਕਿ ਪਰਿਵਾਰ ਦਾ ਕਹਿਣਾ ਕਿ ਇਸ ਹਮਲੇ ਵਿੱਚ ਹੋਰ ਵੀ ਮੁਲਜ਼ਮ ਸ਼ਾਮਲ ਸਨ ਉਨ੍ਹਾਂ ਦੀ ਜਦੋਂ ਤੱਕ ਗ੍ਰਿਫਤਾਰੀ ਨਹੀਂ ਹੋਵੇਗੀ ਉਹ ਲਾਸ਼ ਨਹੀਂ ਲੈਣਗੇ ।
ਫਰਵਰੀ ਵਿੱਚ ਵਾਪਸ ਜਾਣਾ ਸੀ
NRI ਪ੍ਰਦੀਪ ਸਿੰਘ ਨੂੰ ਟੈਟੂ ਬਣਾਉਣ ਦਾ ਸ਼ੌਕ ਸੀ ਉਹ ਇਹ ਸਿਖਣ ਦੇ ਲਈ ਕਪੂਰਥਲਾ ਜਾਂਦਾ ਸੀ । ਪ੍ਰਦੀਪ ਦੇ ਪਿਤਾ ਗੁਰਬਖ਼ਸ ਸਿੰਘ ਭਾਰਤੀ ਫੌਜ ਵਿੱਚ ਕੈਪਟਨ ਹਨ। ਇਸੇ ਸਾਲ ਉਨ੍ਹਾਂ ਨੇ ਰਿਟਾਇਡ ਹੋਣਾ ਸੀ । ਹੋਲਾ ਮਹੱਲਾ ਵਿੱਚ ਉਹ ਆਪਣੇ ਦੋਸਤਾਂ ਦੇ ਨਾਲ ਗਿਆ ਸੀ । ਪ੍ਰਦੀਪ ਫਰਵਰੀ 2023 ਵਿੱਚ ਕੈਨੇਡਾ ਵਾਪਸ ਜਾਣ ਵਾਲਾ ਸੀ ਪਰ ਉਸ ਨੇ ਪਰਿਵਾਰ ਦੇ ਨਾਲ ਪਟਨਾ ਸਾਹਿਬ ਜਾਣ ਦਾ ਫਰਵਰੀ ਵਿੱਚ ਪ੍ਰੋਗਰਾਮ ਬਣਾਇਆ ਸੀ । ਇਸ ਤੋਂ ਬਾਅਦ ਉਸ ਨੇ ਸ਼੍ਰੀ ਆਨੰਦਪੁਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾਇਆ । ਕਿਉਂਕਿ ਉਸ ਦਾ ਕੈਨੇਡਾ ਤੋਂ ਦੋਸਟ ਗੁਰਦਰਸ਼ਨ ਸਿੰਘ ਵੀ 18 ਫਰਵਰੀ ਨੂੰ ਭਾਰਤ ਆਇਆ ਸੀ । ਦੋਵਾਂ ਨੇ ਹੋਲਾ ਮਹੱਲਾ ਜਾਣ ਦਾ ਪ੍ਰੋਗਰਾਮ ਬਣਾਇਆ ਸੀ । ਪ੍ਰਦੀਪ ਦੀ ਛੋਟੀ ਭੈਣ 12ਵੀਂ ਦੀ ਪੜਾਈ ਪੂਰੀ ਕਰਨ ਤੋਂ ਬਾਅਦ 2016 ਵਿੱਚ ਕੈਨੇਡਾ ਗਈ ਸੀ । ਪ੍ਰਦੀਪ ਸਿੰਘ ਬਚਪਨ ਤੋਂ ਹੀ ਬੁੱਢਾ ਦਲ ਨਾਲ ਜੁੜਿਆ ਸੀ । ਹੋਲਾ ਮਹੱਲਾ ਵਿੱਚ ਵੀ ਉਹ ਇਸ ਦਲ ਦੇ ਨਾਲ ਹੀ ਰਹਿੰਦਾ ਸੀ।