‘ਦ ਖ਼ਾਲਸ ਬਿਊਰੋ(ਗੁਲਜਿੰਦਰ ਕੌਰ) : ਅਕਸਰ ਅਸੀਂ ਇਤਿਹਾਸ ਪੜਦੇ ਹਾਂ ਤੇ ਕਈ ਵਾਰ,ਕਈ ਵਿਸ਼ੇ ਲਗਭਗ ਅਣਛੋਹੇ ਰਹਿ ਜਾਂਦੇ ਹਨ ਤੇ ਕਈ ਪਾਤਰ ਵੀ,ਪਰ ਇਨ੍ਹਾਂ ਦਾ ਜ਼ਿਕਰ ਕਰਨਾ,ਕਈ ਵਾਰ ਬਹੁਤ ਜਰੂਰੀ ਹੋ ਜਾਂਦਾ ਹੈ।
ਅਜਿਹਾ ਹੀ ਇਕ ਪਾਤਰ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ,ਮਹਾਰਾਣੀ ਜਿੰਦ ਕੌਰ,ਜਿਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ।ਮੈਂ ਸ.ਸੋਹਣ ਸਿੰਘ ਸ਼ੀਤਲ ਜੀ ਦੀ ਲਿਖੀ ਕਿਤਾਬ”ਦੁਖੀਏ ਮਾਂ-ਪੁੱਤ” ਪੜੀ ਹੈ ਇਸ ਬਾਰੇ ,ਜਿਸ ਵਿਚ ਕਾਫੀ ਵਿਸਤਾਰ ਹੈ।ਇਸ ਤੋਂ ਇਲਾਵਾ The rebel queen ਵੀ ਮਹਾਰਾਣੀ ਤੇ ਅਧਾਰਿਤ ਹੈ।
ਅਕਸਰ ਰਾਣੀ ਜਿੰਦ ਕੌਰ ਨੂੰ ਪੰਜਾਬ ਦੀ menelisa ਕਿਹਾ ਜਾਂਦਾ ਹੈ ਜੋ ਕਿ ਅੰਗਰੇਜਾਂ ਦਾ ਦਿਤਾ ਹੋਇਆ ਨਾਮ ਸੀ ਪਰ menelisa ਇਕ ਰਾਣੀ ਸੀ ਜਿਸ ਨੇ ਆਪਣੀ ਤਾਕਤ ਤੇ ਰੁਅਬ ਕਾਇਮ ਰੱਖਣ ਲਈ ਆਪਣੇ ਹੀ ਰਾਜ ਖਿਲਾਫ ਸਾਜਸ਼ਾਂ ਘੜੀਆਂ ਸੀ ਪਰ ਰਾਣੀ ਜਿੰਦਾ ਦੀ ਤੁਲਨਾ menelisa ਨਾਲ ਕਰਨਾ ਵੀ ਅੰਗਰੇਜਾਂ ਦੀ ਚਾਲ ਸੀ ਰਾਣੀ ਨੂੰ ਬਦਨਾਮ ਕਰਨ ਦੀ ਕਿਉਂਕਿ ਮਹਾਰਾਜੇ ਤੋਂ ਬਾਦ ਓਹੀ ਸੀ,ਜਿਸ ਦਾ ਪੰਜਾਬ ਦੀ ਸਿਆਸਤ ਤੇ ਖਾਲਸਾ ਫੋਜ ਤੇ ਅਜੇ ਵੀ ਪੂਰਾ ਪ੍ਰਭਾਵ ਸੀ ਤੇ ਅੰਗਰੇਜ ਉਸ ਤੋਂ ਬਹੁਤ ਡਰਦੇ ਸਨ ।ਮਹਾਰਾਣੀ ਦਾ ਮਕਸਦ ਸਿਰਫ ਖਾਲਸਾ ਰਾਜ ਨੂੰ ਦੋਬਾਰਾ ਸੁਰਜੀਤ ਕਰਨਾ ਸੀ ਪਰ ਪੂਰੀ ਕੋਸ਼ਿਸ਼ ਕੀਤੀਆਂ ਵੀ ਇਹ ਪੂਰਾ ਨੀ ਹੋ ਸਕਿਆ।
1817 ਈਸਵੀ ਨੂੰ ਸਿਆਲਕੋਟ ਵਿਖੇ ਸ.ਮਾਨ ਸਿੰਘ ਔਲਖ ਦੇ ਘਰੇ ਜੰਮੀ ਜਿੰਦ ਕੌਰ ਦੇ ਸੁਹੱਪਣ ਤੇ ਅਕਲਮੰਦੀ ਦੇ ਚਰਚੇ ਬਹੁਤ ਜਲਦੀ ਹੋਣ ਲਗ ਪਏ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਿੰਦ ਕੌਰ ਨੂੰ ਵਿਆਹੁਣ ਪਿੱਛੇ ਸ਼ਾਇਦ ਇਹ ਵੀ ਸੋਚ ਹੋ ਸਕਦੀ ਹੈ ਕਿ ਰਾਜ ਪਰਿਵਾਰ ਵਿਚ ਕੋਈ ਦਲੇਰ ਤੇ ਅਕਲਮੰਦ ਇਨਸਾਨ ਹੋਵੇ ਜੋ ਰਾਜ ਭਾਗ ਨੂੰ ਸਹੀ ਤਰੀਕੇ ਨਾਲ ਚਲਾਉਣ ਵਿਚ ਮਦਦ ਕਰ ਸਕੇ।ਮਹਾਰਾਜੇ ਦੀ ਮੌਤ ਪਿੱਛੋਂ ਜਲਦੀ ਹੀ ਇਹ ਸਥਿਤੀ ਵੀ ਬਣ ਗਈ ਜਦੋ ਡੋਗਰਿਆਂ ਦੀ ਗੱਦਾਰੀ ਤੇ ਅੰਗਰੇਜ਼ ਚਾਲਾਂ ਨਾਲ ਸਿੱਖ ਰਾਜ ਬਰਬਾਦ ਹੋ ਗਿਆ ਤੇ ਕੰਵਰ ਨੌਨਿਹਾਲ ਸਿੰਘ ਤੇ ਸ਼ਹਿਜਾਦਾ ਖੜਕ ਸਿੰਘ ਵੀ ਏਨਾ ਚਾਲਾਂ ਦਾ ਸ਼ਿਕਾਰ ਹੋ ਮੌਤ ਦਾ ਸ਼ਿਕਾਰ ਹੋ ਗਏ।ਅੰਗਰੇਜ਼ ਲਈ ਕੋਈ ਰੋੜਾ ਨੀ ਸੀ ਹੁਣ ਸਿਵਾਏ ਰਾਣੀ ਜਿੰਦਾ ਦੇ ,ਰਾਣੀ ਨੇ ਜਦ ਆਪਣਾ ਪ੍ਰਭਾਵ ਖਾਲਸਾ ਫੌਜਾਂ ਅਤੇ ਆਪਣੇ ਇਕੋ ਇੱਕ ਪੁੱਤਰ ਤੇ ਆਖਰੀ ਵਾਰਸ ਸ਼ਹਿਜ਼ਾਦਾ ਦਲੀਪ ਸਿੰਘ ਤੇ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਇੱਕ ਬੇਬੁਨਿਆਦ ਇਲਜ਼ਾਮ ਲਗਾ ਕੇ,ਬਹਾਨੇ ਨਾਲ ਰਾਣੀ ਨੂੰ ਸ਼ੇਖੂਪੁਰੇ ਦੇ ਕਿਲੇ ਚ ਕੈਦ ਕਰ ਦਿੱਤਾ ਗਿਆ।
ਪਰ ਅੰਗਰੇਜਾਂ ਦੇ ਦਿਲਾਂ ਚ ਹਾਲੇ ਵੀ ਡਰ ਕਾਇਮ ਸੀ ਸੋ ਬਾਅਦ ਵਿੱਚ ਰਾਣੀ ਨੂੰ ਦੇਸ਼-ਨਿਕਾਲਾ ਦੇ ਕੇ ਬਨਾਰਸ ਤੇ ਫੇਰ ਚੁਨਾਰ ਦੇ ਕਿਲੇ ਚ ਭੇਜ ਦਿੱਤਾ।ਕਿਹਾ ਜਾਂਦਾ ਹੈ ਦੇਸ਼ ਨਿਕਾਲੇ ਸਮੇਂ ਸਤਲੁਜ ਕੰਢੇ ਲਗੇ ਡੇਰੇ ਚ ਰਾਣੀ ਨੇ ਪੰਜਾਬ ਦੀ ਧਰਤੀ ਨੂੰ ਆਖਰੀ ਵਾਰ ਸਲਾਮ ਕੀਤੀ ਤੇ ਮੁੜ ਵਾਪਸ ਆਉਣ ਲਈ ਖੁਦਾ ਅਗੇ ਤਰਲਾ ਵੀ ਪਾਇਆ ਸੀ ਪਰ ਸ਼ਾਇਦ ਪੰਜਾਬ ਮੁੜ ਆਉਣਾ ਕਿਸਮਤ ਚ ਨਹੀਂ ਸੀ।
ਉਸ ਸਮੇਂ ਚੁਨਾਰ ਦੇ ਕਿੱਲੇ ਵਾਸਤੇ ਇਹ ਗੱਲ ਬਹੁਤ ਮਸ਼ਹੂਰ ਸੀ ਕਿ ਇਥੋਂ ਕੋਈ ਕੈਦੀ ਹੁਣ ਤੱਕ ਜਿਉਂਦਾ ਵਾਪਸ ਨੀ ਸੀ ਮੁੜਿਆ ਪਰ ਇਹ ਰਾਣੀ ਦੀ ਦਲੇਰੀ ਹੀ ਸੀ ਕਿ ਸਿਰਫ 3 ਦਿਨਾਂ ਵਿੱਚ ਹੀ ਉਹ ਕਿਲੇ ‘ਚੋ ਭੇਸ ਵਟਾ ਕੇ ਫਰਾਰ ਹੋ ਗਈ ਤੇ ਰਾਤੋ ਰਾਤ ਤੈਰ ਕੇ ਦਰਿਆ ਪਾਰ ਕਰ ਨੇਪਾਲ ਦੇ ਰਾਹ ਪੈ ਗਈ।ਰਸਤੇ ਚ ਇਕ ਗੁਪਤਚਰ ਨੇ ਫਕੀਰਨੀ ਦਾ ਭੇਸ ਬਣਾਈ ਰਾਣੀ ਨੂੰ ਪਛਾਣ ਲਿਆ ਪਰ ਰਾਣੀ ਨੇ ਫੁਰਤੀ ਨਾਲ ਉਸ ਨੂੰ ਉੱਚੀ ਚਟਾਨ ਤੋਂ ਧੱਕਾ ਦੇ ਮਾਰ ਮੁਕਾਇਆ।ਓਸੇ ਰਾਹ ਤੇ,ਰਾਣੀ ਨੂੰ ਫਕੀਰ ਦੇ ਭੇਸ ਵਿਚ ਇਕ ਬੁੱਢਾ ਪੰਜਾਬੀ ਸਿਪਾਹੀ ਮਿਲਿਆ,ਜਿਸ ਨੇ ਰਾਣੀ ਦੀ ਛੁਪਾ ਕੇ ਰੱਖੀ ਹੋਈ ਤਲਵਾਰ ਦੇਖ ਲਈ ਤੇ ਰਾਣੀ ਨੂੰ ਪਛਾਣ ਦੁਆ ਸਲਾਮ ਕੀਤੀ ਤੇ ਸੁਰੱਖਿਅਤ ਨੇਪਾਲ ਪਹੁੰਚਾਇਆ ਪਰ ਓਥੇ ਪਹੁੰਚ ਉਸ ਸਿਪਾਹੀ ਦੀ ਠੰਡ ਨਾਲ ਉਸ ਦੀ ਮੌਤ ਹੋ ਗਈ।
ਨੇਪਾਲ ਦੇ ਰਾਜੇ ,ਜਿਸ ਦੇ ਵੱਡੇ-ਵਡੇਰੇ ਕਿਸੇ ਸਮੇਂ ਸ਼ੇਰ-ਏ-ਪੰਜਾਬ ਦੇ ਮਿੱਤਰ ਸੀ ,ਨੇ ਦੋਸਤੀ ਦੀ ਲਾਜ ਰੱਖਦਿਆਂ ਰਾਣੀ ਨੂੰ ਸਨਮਾਨ ਦਿੱਤਾ ਤੇ 11 ਸਾਲ ਉਸ ਨੂੰ ਆਪਣੇ ਕੋਲ ਰੱਖਿਆ।ਰਾਣੀ ਹਰ ਵੇਲੇ ਆਪਣੇ ਪੁੱਤ ਨੂੰ ਯਾਦ ਕਰ ਹੰਝੂ ਬਹਾਉਂਦੀ ਰਹਿੰਦੀ ਤੇ ਰੋ ਰੋ ਕੇ ਉਸ ਦੀਆਂ ਅੱਖਾਂ ਦੀ ਜੋਤ ਵੀ ਮੱਧਮ ਪੈ ਗਈ।
ਆਖਰ 11 ਸਾਲ ਮਗਰੋਂ ਕੱਲਕਤੇ ਵਿਚ ਮਾਂ ਪੁੱਤ ਦਾ ਮੇਲ ਹੋਇਆ ਤੇ ਦਲੀਪ ਸਿੰਘ ਆਪਣੀ ਮਾਂ ਨੂੰ ਆਪਣੇ ਨਾਲ ਹੀ ਇੰਗਲੈਂਡ ਲੈ ਗਿਆ।ਆਪਣੀ ਮਾਂ ਦੇ ਪ੍ਰਭਾਵ ਹੇਠ ਉਹ ਆਪਣੇ ਰਾਜਭਾਗ ਬਾਰੇ ਜਾਣੂ ਹੋਇਆ ਤੇ ਅੰਮ੍ਰਿਤ ਛਕ ਸਿੰਘ ਸੱਜ ਗਿਆ।
ਰਾਣੀ ਜਿੰਦਾ ਭਾਵੇ ਨਿਢਾਲ ਸੀ ਪਰ ਉਸ ਦੇ ਦਿਲ ਵਿਚ ਹਜੇ ਵੀ ਪੰਜਾਬ ਵਸਦਾ ਸੀ ਤੇ ਮੁੜ ਤੋਂ ਖਾਲਸਾ ਰਾਜ ਦੀ ਸਥਾਪਨਾ ਚਾਹੁੰਦੀ ਸੀ।ਇਸ ਲਈ ਉਸ ਨੇ ਦਲੀਪ ਸਿੰਘ ਨੂੰ ਪ੍ਰੇਰਿਆ ਤੇ ਪੰਜਾਬ ਜਾਣ ਦੀ ਇੱਛਾ ਪ੍ਰਗਟ ਕੀਤੀ ਕਿਉਂਕਿ ਉਹ ਆਖਰੀ ਸਾਹ ਆਪਣੇ ਦੇਸ਼ ਪੰਜਾਬ ਵਿੱਚ ਲੈਣਾ ਚਾਹੁੰਦੀ ਸੀ ਪਰ ਮਾੜੀ ਕਿਸਮਤ ਕਿ 1863 ਵਿਚ ਇੰਗਲੈਂਡ ਵਿਖੇ ਹੀ ਰਾਣੀ ਦੇ ਸਵਾਸ ਪੂਰੇ ਹੋ ਗਏ।ਕੁੰਵਰ ਦਲੀਪ ਸਿੰਘ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਦੀ ਲਾਸ਼ ਭਾਰਤ ਲਿਆਇਆ ਪਰ ਉਸ ਨੂੰ ਪੰਜਾਬ ਜਾਣ ਦੀ ਇਜਾਜਤ ਨਹੀਂ ਮਿਲੀ।ਮਜ਼ਬੂਰੀ ਚ ਬੰਬਈ ‘ਚ ਗੋਦਾਵਰੀ ਨਦੀ ਕੰਢੇ ਤੇ ਹੀ ਪੰਜਾਬ ਦੀ ਇਸ ਦਲੇਰ ਮਹਾਰਾਣੀ ਨੂੰ ਅੰਤਮ ਵਿਦਾਇਗੀ ਦਿਤੀ ਗਈ। ਰਾਣੀ ਦੀ ਆਖਰੀ ਇੱਛਾ,ਕਈ ਸਾਲ ਮਗਰੋਂ , ਉਸ ਦੀ ਪੋਤੀ ਬਾਂਬਾ ਸੁਦਰਲੈਂਡ ਨੇ,ਉਸ ਦੇ ਫੁੱਲ ਲਾਹੌਰ ਲਿਜਾ,ਸ਼ੇਰ-ਏ-ਪੰਜਾਬ ਦੀ ਸਮਾਧ ਕੋਲ ਦਫਨਾ ਪੂਰੀ ਕੀਤੀ।
ਇਹ ਸੀ ਪੰਜਾਬ ਦੀ ਉਸ ਰਾਣੀ ਦੀ ਗਾਥਾ ਜਿਸ ਬਾਰੇ ਬਹੁਤ ਘਟ ਲੋਕ ਜਾਣਦੇ ਸਨ ਜਾ ਫੇਰ ਨਾ ਦੇ ਬਰਾਬਰ ।ਇਕ ਦਲੇਰ ਰਾਣੀ ,ਜੋ ਪੰਜਾਬ ਦੀ ਧਰਤੀ ਤੇ ਜੰਮੀ, ਇਥੇ ਰਾਜ ਕੀਤਾ,ਮਾੜੇ ਵਕਤ ਨੇ ਪਤੀ ਵੀ ਖੋਹ ਲਿਆ ਤੇ ਪੁੱਤ ਨੂੰ ਵੀ ਅਲੱਗ ਕਰ ਦਿੱਤਾ।ਪਹਿਲਾਂ ਪੰਜਾਬ ਤੇ ਫੇਰ ਬਨਾਰਸ ਤੇ ਚੁਨਾਰ ਦੀ ਨਜ਼ਰਬੰਦੀ ਪਰ ਹੌਂਸਲੇ ਨਾਲ ਕੈਦ ਤੋੜੀ।ਕਿਥੇ ਹੁਕਮ ਦੇਣ ਵਾਲੇ ਬੁੱਲ ,ਕਿਸੇ ਹੋਰ ਅਗੇ ਸ਼ਰਨ ਲਈ ਅਰਜੋਈਆਂ ਕਰਨ ਲਗੇ ਤੇ ਰਾਣੀ ਇੱਕ-ਇੱਕ ਰੋਟੀ ਲਈ ਵੀ ਮੋਹਤਾਜ ਹੋ ਗਈ ਸੀ।ਪਹਿਲਾਂ ਆਪਣੇ ਹੀ ਦੇਸ਼ ਵਿੱਚ ਕੈਦ,ਨੇਪਾਲ ਵਿਚ ਸ਼ਰਨ ਤੇ ਫੇਰ ਸੱਤ ਸਮੁੰਦਰੋਂ ਪਾਰ ,ਬੇਗਾਨੀ ਧਰਤੀ ਤੇ ਆਖਰੀ ਸਾਹ ਲਿਆ।
ਇਹ ਸੀ ਸਾਡੇ ਇਤਿਹਾਸ ਦਾ ਉਹ ਹਿੱਸਾ,ਜਿਸ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ। ਇਹ ਸਾਡਾ ਉਹ ਇਤਿਹਾਸ ਹੈ, ਜਿਸ ਨੂੰ ਅਸੀਂ ਅਣਗੋਲਿਆ ਕਰ ਛੱਡਿਆ ਹੈ।ਲੋੜ ਹੈ ਅੱਜ ਦੀ ਪੀੜੀ ਨੂੰ ਇਸ ਸਭ ਤੋਂ ਜਾਣੂ ਕਰਾਉਣ ਦੀ।
ਗੁਲਜਿੰਦਰ ਕੌਰ