Punjab

ਪਟਿਆਲਾ ‘ਚ ਦਰਿੰਦਗੀ , ਦੋ ਨੌਜਵਾਨਾਂ ਨੇ ਮਾਸੂਮ ਲੜਕੀ ਨਾਲ ਕੀਤੀ ਇਹ ਮਾੜੀ ਹਰਕਤ , ਪੁਲਿਸ ਵੱਲੋਂ ਦੋਵੇਂ ਮੁਲਜ਼ਮ ਗ੍ਰਿਫ਼ਤਾਰ

An innocent girl was raped by two youths in Patiala

ਪਟਿਆਲਾ : ਪੰਜਾਬ ਦੇ ਜਿਲ੍ਹੇ ਪਟਿਆਲਾ (Patiala ) ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪਟਿਆਲਾ ਦੇ ਪਿੰਡ ਬਲਬੇੜਾ ਵਿੱਚ 11 ਸਾਲਾਂ ਲੜਕੀ ਨੂੰ ਦੋ ਨੌਜਵਾਨਾਂ ਨੇ ਅਗਵਾ ਕਰ ਲਿਆ ਅਤੇ ਉਸ ਨਾਲ ਸਮੂਹਿਕ ਬਲਾਤਕਾਰ ( Rape ) ਕੀਤਾ। ਦੋਵੇਂ ਦੋਸ਼ੀ ਕੁੜੀ ਨੂੰ ਉਸ ਦੇ ਘਰ ਦੇ ਬਾਹਰ ਗੰਭੀਰ ਹਾਲਤ ਵਿੱਚ ਛੱਡ ਕੇ ਫਰਾਰ ਹੋ ਗਏ। ਪੁਲਿਸ ਕੋਲ ਕੀਤੀ ਸ਼ਿਕਾਇਤ ਵਿੱਚ ਬੱਚੀ ਦੇ ਪਿਤਾ ਨੇ ਦੱਸਿਆ ਕਿ ਬੱਚੀ ਜਦੋਂ ਆਪਣੇ ਚਾਚੇ ਦੇ ਘਰ ਜਾ ਰਹੀ ਸੀ, ਤਾਂ ਮੁਲਜ਼ਮਾਂ ਨੇ ਉਸ ਨੂੰ ਜਬਰੀ ਚੁੱਕ ਕੇ ਕਾਰ ਵਿਚ ਸੁੱਟ ਲਿਆ ਤੇ ਉਸ ਨਾਲ ਜਬਰ-ਜਨਾਹ ਕੀਤਾ।

ਪੀੜਤ ਲੜਕੀ ਪਟਿਆਲਾ ਸਥਿਤ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ’ਚ ਪਟਿਆਲਾ ਸਥਿਤ ਹਸਪਤਾਲ ਵਿੱਚ ਇਕੱਠੇ ਹੋ ਗਏ। ਸੂਚਨਾ ਮਿਲਣ ’ਤੇ ਡੀਐੱਸਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਨੇ ਥਾਣਾ ਸਦਰ ਪਟਿਆਲਾ ਦੀ ਪੁਲਿਸ ਨੂੰ ਤੁਰੰਤ ਹਸਪਤਾਲ ਪਹੁੰਚ ਕੇ ਬਿਆਨ ਦਰਜ ਕਰਨ ਦੀ ਹਦਾਇਤ ਕੀਤੀ, ਜਿਸ ’ਤੇ ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ, ਹਰਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਇੱਕ ਮਹਿਲਾ ਸਬ ਇੰਸਪੈਕਟਰ ਬਲਵੀਰ ਕੌਰ ਅਤੇ ਏਐੱਸਆਈ ਨਿਸ਼ਾਨ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਹਸਪਤਾਲ ਪੁੱਜੇ।

ਬੱਚੀ ਦੇ ਪਿਤਾ ਨੇ ਪੁਲੀਸ ਕੋਲ਼ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਸ ਦੀ 11 ਸਾਲਾ ਬੱਚੀ 21 ਜਨਵਰੀ ਰਾਤੀ ਕਰੀਬ 8 ਵਜੇ ਜਦੋਂ ਬਲਬੇੜਾ ’ਚ ਆਪਣੇ ਚਾਚੇ ਦੇ ਘਰ ਜਾ ਰਹੀ ਸੀ, ਤਾਂ ਇਕ ਸਵਿਫਟ ਕਾਰ ਵਿਚ ਸਵਾਰ ਪਿੰਡ ਦੇ ਦੋ ਲੜਕਿਆਂ, ਅਮਨਦੀਪ ਸਿੰਘ ਅਮਨੀ ਅਤੇ ਦਲਬੀਰ ਸਿੰਘ ਦੱਲੀ ਨੇ ਉਸ ਨੂੰ ਜਬਰੀ ਚੁੱਕ ਕੇ ਕਾਰ ਵਿਚ ਸੁੱਟ ਲਿਆ। ਫਿਰ ਮੁਲਜ਼ਮਾਂ ਨੇ ਉਸ ਨਾਲ ਚੱਲਦੀ ਕਾਰ ਵਿਚ ਕਥਿਤ ਜਬਰ-ਜਨਾਹ ਕੀਤਾ। ਸ਼ਿਕਾਇਤਕਰਤਾ ਨੇ ਆਖਿਆ ਕਿ ਲੜਕੀ ਨੇ ਜਦੋਂ ਘਰ ਆ ਕੇ ਸਾਰੀ ਗੱਲ ਦੱਸੀ ਅਤੇ ਉਨ੍ਹਾਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਕਰਵਾਇਆ।

ਐੱਸਐੱਸਪੀ ਵਰੁਣ ਸ਼ਰਮਾ ਆਈਪੀਐੱਸ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਦੋਵਾਂ ਲੜਕਿਆਂ ਖਿਲਾਫ਼ ਥਾਣਾ ਸਦਰ ਪਟਿਆਲਾ ਵਿਖੇ ਧਾਰਾ 376-ਡੀ, 506,366 ਸਮੇਤ ਪੋਸਕੋ ਐਕਟ 2012 ਦੀ ਧਾਰਾ 6 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਪਟਿਆਲਾ ਥਾਣੇ ’ਚ ਰੱਖਿਆ ਗਿਆ ਹੈ।