Punjab

ਵਧੀਆ ਅਧਿਆਪਕਾਂ ਦੀਆਂ ਜਿਆਦਾ ਦੇਰ ਸੇਵਾਵਾਂ ਲੈਣ ਲਈ ਪੰਜਾਬ ਸਰਕਾਰ ਦਾ ਇੱਕ ਅਹਿਮ ਫੈਸਲਾ

ਚੰਡੀਗੜ੍ਹ :  ਵੱਖ-ਵੱਖ ਸਮੇਂ ’ਤੇ ਸੂਬੇ ਵਿੱਚ ਸਿੱਖਿਆ ਨੂੰ ਉੱਚ ਪੱਧਰੀ ਬਣਾਉਣ ਦੇ ਲਈ ਤੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰ ਤੱਕ ਲੈ ਕੇ ਜਾਣ ਦੇ ਮਕਸਦ ਦੇ ਨਾਲ ਪੰਜਾਬ ਸਰਕਾਰ ਕਈ ਕਦਮ ਚੁੱਕ ਰਹੀ ਹੈ।

ਪੰਜਾਬ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਧੀਆ ਅਧਿਆਪਕਾਂ ਦੀਆਂ ਜਿਆਦਾ ਦੇਰ ਸੇਵਾਵਾਂ ਲੈਣ ਲਈ ਪੰਜਾਬ ਸਰਕਾਰ ਨੇ ਇੱਕ ਅਹਿਮ ਐਲਾਨ ਕੀਤਾ ਹੈ । ਜਿਸ ਅਨੁਸਾਰ ਹੁਣ ਪੰਜਾਬ ਵਿੱਚ ਜਿਹਨਾਂ ਵੀ ਅਧਿਆਪਕਾਂ ਨੂੰ ਰਾਜ ਜਾਂ ਰਾਸ਼ਟਰ ਪੱਧਰੀ ਐਵਾਰਡ ਮਿਲੇ ਹਨ,ਉਹਨਾਂ ਦੇ ਸੇਵਾ ਕਾਲ ਵਿੱਚ ਹੁਣ ਇੱਕ ਜਾ ਦੋ ਸਾਲ ਦੇ ਸੇਵਾ ਵਾਧੇ ਨੂੰ ਬਹਾਲ ਕਰ ਦਿੱਤਾ ਗਿਆ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਹ ਜਾਣਕਾਰੀ ਟਵੀਟ ਕਰ ਕੇ ਸਾਰਿਆਂ ਨਾਲ ਸਾਂਝੀ ਕੀਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿਖਿਆ ਹੈ ਕਿ ਪੰਜਾਬ ਦੇ ਸਟੇਟ ਅਤੇ ਨੈਸ਼ਨਲ ਅਵਾਰਡੀ ਅਧਿਆਪਕਾਂ ਦੇ ਸਨਮਾਨ ਨੂੰ ਬਹਾਲ ਕਰਦਿਆਂ ਇੱਕ ਅਤੇ ਦੋ ਸਾਲ ਦੇ ਸੇਵਾ ਵਾਧੇ ਨੂੰ ਬਹਾਲ ਕਰ ਦਿੱਤਾ ਹੈ। ਪਿਛਲੀਆਂ ਸਰਕਾਰਾਂ ਨੇ 2018 ਤੋਂ ਬਾਅਦ ਦੇ ਅਧਿਆਪਕਾਂ ਨੂੰ ਸੇਵਾ ਵਾਧੇ ਤੋਂ ਬਾਹਰ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੌਮ ਨਿਰਮਾਤਾਵਾਂ ਦੇ ਸਨਮਾਨ ਬਹਾਲੀ ਲਈ ਵਚਨਬੱਧ ਹੈ।

ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਖਾਸ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ  ਫਰਵਰੀ ਮਹੀਨੇ  36 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਵੀ ਭੇਜਿਆ ਗਿਆ ਸੀ ।