ਗੋਇੰਦਵਾਲ ਜੇਲ੍ਹ ਵੀਡੀਓ ਮਾਮਲੇ ਵਿੱਚ ਪੰਜਾਬ ਸਰਕਾਰ ਸਖ਼ਤੀ ਵਰਤਦੀ ਦਿਖਾਈ ਦੇ ਰਹੀ ਹੈ।ਜੇਲ੍ਹ ਚੋਂ ਵਾਈਰਲ ਹੋਈ ਵੀਡੀਓ ਤੋਂ ਬਾਅਦ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਜਿਸ ਵਿੱਚ 7 ਜੇਲ੍ਹ ਅਫਸਰ ਤੇ ਕਈ ਗੈਂਗਸਟਰ ਵੀ ਨਾਮਜ਼ਦ ਹੋਏ ਹਨ। ਨਾਮਜ਼ਦ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਜੇਲ੍ਹ ਸੁਪਰੀਡੈਂਟ ਇਕਬਾਲ ਸਿੰਘ ਬਰਾੜ ਸਣੇ 5 ਅਧਿਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਸਾਰੀ ਜਾਣਕਾਰੀ ਆਈਜੀ ਸੁਖਚੈਨ ਸਿੰਘ ਗਿੱਲ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਹੈ।ਉਹਨਾਂ ਇਹ ਵੀ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ‘ਤੇ ਇਹ ਸਾਰੀ ਕਾਰਵਾਈ ਹੋਈ ਹੈ।
ਜ਼ਿਕਰਯੋਗ ਹੈ ਕਿ ਗੋਇੰਦਵਾਲ ਜੇਲ੍ਹ ਵਿੱਚ ਗੈਂਗਵਾਰ ਦਾ ਵੀਡੀਓ ਸਾਹਮਣੇ ਆਇਆ ਸੀ ਜਿਸ ਵਿਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਲਾਸ਼ਾਂ ਕੋਲ ਖੜ੍ਹ ਕੇ ਗੈਂਗਸਟਰ ਜਸ਼ਨ ਮਨਾ ਰਹੇ ਹਨ ਅਤੇ ਜੱਗੂ ਭਗਵਾਨਪੁਰੀਆ ਨੂੰ ਸ਼ਰੇਆਮ ਲਲਕਾਰਿਆ ਜਾ ਰਿਹਾ ਹੈ।ਇਸ ਵੀਡੀਓ ਵਿੱਚ ਗੈਂਗਸਟਰਾਂ ਵੱਲੋਂ ਇਹਨਾਂ ਦੋਵਾਂ ਦੇ ਕਤਲ ਦੀ ਜਿੰਮੇਵਾਰੀ ਲਈ ਗਈ ਸੀ।
ਇਸ ਤੋਂ ਪਹਿਲਾਂ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਮੁਲਜ਼ਮ ਆਪਸ ਵਿੱਚ ਭਿੜ ਗਏ ਸਨ। ਗੈਂਗਵਾਰ ਵਿੱਚ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਣ ਸਿੰਘ ਮੋਹਣਾ ਦੀ ਮੌਤ ਹੋ ਗਈ ਸੀ ਅਤੇ ਤੀਜਾ ਗੈਂਗਸਟਰ ਕੇਸ਼ਵ ਪੁੱਤਰ ਲਾਲ ਚੰਦ ਵਾਸੀ ਬਠਿਡਾ ਜ਼ਖਮੀ ਹੋ ਗਿਆ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸਾਸ਼ਨ ‘ਤੇ ਲਗਾਤਾਰ ਸਵਾਲ ਉੱਠ ਰਹੇ ਸਨ ਕਿਉਂਕਿ ਜੇਲ੍ਹ ਦੇ ਅੰਦਰ ਕਤਲ ਕਰਨ ਮਗਰੋਂ ਬਹੁਤ ਆਸਾਨੀ ਨਾਲ ਇਹ ਗੈਂਗਸਟਰ ਵੀਡੀਓ ਬਣਾਉਂਦੇ ਹਨ ਤੇ ਇਹਨਾਂ ਕੋਲ ਮੋਬਾਈਲ ਵਰਗੀਆਂ ਸਹੂਲਤਾਂ ਮੌਜੂਦ ਹਨ।